ਕਿਸਾਨਾਂ ਵੱਲੋਂ ਪੰਜਾਬ ਭਰ ''ਚ ਚੱਕਾ ਜਾਮ ਅੱਜ
Tuesday, Oct 23, 2018 - 01:03 PM (IST)
ਸਾਦਿਕ(ਪਰਮਜੀਤ)— ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਰਾਲੀ ਸਾੜਨ ਤੇ ਕੁਝ ਕਿਸਾਨਾਂ ਦੇ ਕੱਟੇ ਗਏ ਚਲਾਨਾਂ ਨੂੰ ਲੈ ਕੇ ਸਬ-ਤਹਿਸੀਲ ਸਾਦਿਕ ਵਿਖੇ ਨਾਇਬ ਤਹਿਸੀਲਦਾਰ ਦੇ ਦਫਤਰ ਅੱਗੇ ਪੰਜ ਦਿਨ ਲਗਾਤਾਰ ਧਰਨਾ ਚੱਲਦਾ ਰਿਹਾ ਸੀ ਤੇ ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਫ਼ਰੀਦਕੋਟ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਜਥੇਬੰਦੀ ਵੱਲੋਂ 23 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਪੰਜਾਬ ਭਰ 'ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਜ਼ਿਲਾ ਪ੍ਰਧਾਨ ਬੋਹੜ ਸਿੰਘ ਰੁਪਈਆਂਵਾਲਾ, ਬਖਤੌਰ ਸਿੰਘ ਸਾਦਿਕ, ਕੁਲਦੀਪ ਸਿੰਘ ਘੁੱਦੂਵਾਲਾ ਤੇ ਜਗਸੀਰ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਕਿਸਾਨ ਆਪਣੇ ਮਸਲੇ ਹੱਲ ਕਰਾਉਣ ਲਈ ਉਤਸ਼ਾਹਿਤ ਹਨ ਤੇ ਗਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਲਾਗੂ ਕਰਾਉਣ, ਪਰਾਲੀ ਸਾੜਨ ਦੇ ਮੁੱਦੇ ਨੂੰ ਖਤਮ ਕਰਨ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਭਰ 'ਚ ਚੱਕਾ ਜਾਮ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਗਰੀਨ ਟ੍ਰ੍ਰਿਬਿਊਨਲ ਦੇ ਫੈਸਲੇ ਨੂੰ ਪੜ੍ਹੇ। ਅੱਧੇ ਅਧੂਰੇ ਕਾਨੂੰਨ ਕਿਸਾਨਾਂ 'ਤੇ ਲਾਗੂ ਨਹੀਂ ਕਰਨ ਦਿੱਤੇ ਜਾਣਗੇ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਤੋਂ ਇਲਾਵਾ ਮੰਡੀਆਂ 'ਚ ਪਏ ਝੋਨੇ 'ਚ ਸ਼ੈਲਰਾਂ ਵਾਲੇ ਨਮੀ ਵੱਧ ਦੱਸ ਕੇ ਸਰਕਾਰੀ ਖਰੀਦ ਨੂੰ ਪ੍ਰਭਾਵਿਤ ਕਰ ਰਹੇ ਹਨ ਜਦੋਂ ਕਿ ਇਸ 'ਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ। ਮੌਸਮ 'ਚ ਤਬਦੀਲੀ ਕਾਰਨ ਨਮੀ ਘਟ ਨਹੀਂ ਰਹੀ ਹੈ। ਜਥੇਬੰਦੀ ਮੰਗ ਕਰੇਗੀ ਕਿ ਝੋਨੇ ਦੀ ਮਿਥੀ ਨਮੀਂ 17 ਫੀਸਦੀ ਤੋਂ ਵਧਾ ਕੇ 22 ਫੀਸਦੀ ਕਰਾਉਣਾ, ਡਾ. ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਾਉਣਾ ਵੀ ਸ਼ਾਮਲ ਹਨ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਮਸਲਿਆਂ ਦੇ ਹੱਲ ਲਈ ਚੱਕ ਜਾਮ 'ਚ ਸ਼ਾਮਲ ਹੋਣ।
