ਗੁਰਹਰਸਹਾਏ ਵਿਖੇ ਕਿਸਾਨਾਂ ਨੇ ਸਾੜੀਆਂ ਕੇਂਦਰੀ ਬਜਟ ਦੀਆਂ ਕਾਪੀਆਂ

02/13/2020 5:00:52 PM

ਗੁਰੂਹਰਸਹਾਏ (ਆਵਲਾ) - ਗੁਰੂਹਰਸਹਾਏ ਤਹਿਸੀਲ ਵਿਖੇ ਕਿਸਾਨਾਂ ਨੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ’ਚ ਇਕੱਠੇ ਹੋ ਕੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਬਜਟ ਬਾਰੇ ਬੋਲਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਇਹ ਬਜਟ ਕਿਸਾਨ ਵਿਰੋਧੀ ਅਤੇ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ਦੇ ਪੱਖੀ ਹੈ। ਇਹ ਬਜਟ ਕਿਸਾਨਾਂ ਨੂੰ ਖੁਦਕੁਸ਼ੀਆਂ ਅਤੇ ਆਰਥਿਕ ਸੰਕਟ ’ਚੋਂ ਕੱਢਣ ਲਈ ਕੁਝ ਨਹੀਂ ਕਰੇਗਾ, ਸਗੋਂ ਸਭ ਨੂੰ ਹੋਰ ਬਰਬਾਦ ਕਰ ਦੇਵੇਗਾ। ਅਜਿਹਾ ਕਰਕੇ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਕੰਪਨੀਆਂ ਨੂੰ ਦੇਣ ਦਾ ਰਾਹ ਖੋਲ੍ਹ ਦਿੱਤਾ ਹੈ। ਮਨਰੇਗਾ ਲਈ ਸਲਾਨਾ ਰਕਮ 71,001 ਕਰੋੜ ਤੋਂ ਘਟਾ ਕੇ 61500 ਕਰੋੜ ਕਰ ਦਿੱਤੀ, ਜਦਕਿ ਸਾਲਾਨਾ 1 ਲੱਖ ਕਰੋੜ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀ ਸਿੰਜਾਈ ਅਤੇ ਪੇਂਡੂ ਵਿਕਾਸ ਲਈ ਖ਼ਰਚੇ ’ਚ ਸਿਰਫ਼ 5.6 ਫ਼ੀਸਦੀ ਵਾਧਾ ਕੀਤਾ, ਜੋ ਮਹਿੰਗਾਈ ਦਰ ਤੋਂ ਬਹੁਤ ਘੱਟ ਹੈ। ਵਿੱਤ ਮੰਤਰੀ ਵਲੋਂ ਕਿਸਾਨ ਕਰਜ਼ ਮੁਕਤੀ, ਫਸਲਾਂ ਦੇ ਲਾਹੇਵੰਦ ਭਾਅ, ਬੇਰੁਜ਼ਗਾਰੀ ਆਦਿ ਮੁੱਦਿਆਂ ’ਤੇ ਇਕ ਸ਼ਬਦ ਵੀ ਨਹੀਂ ਕਿਹਾ ਸਗੋਂ ਤਰ੍ਹਾਂ-ਤਰ੍ਹਾਂ ਦੇ ਟੈਕਸਾਂ ’ਚ ਵਾਧਾ ਕਰਕੇ ਕਿਸਾਨਾਂ ਅਤੇ ਆਮ ਲੋਕਾਂ ’ਤੇ ਹੋਰ ਬੋਝ ਪਾ ਦਿੱਤਾ। ਇਸ ਨਾਲ ਕਿਸਾਨੀ ਹੋਰ ਗਹਿਰੇ ਸੰਕਟ ’ਚ ਜਾਵੇਗੀ। ਇਸੇ ਕਾਰਨ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲਾ ਆਗੂ ਮਾਸਟਰ ਦੇਸ ਰਾਜ, ਬਲਾਕ ਆਗੂ ਮਲਕ ਦੱਤਾ, ਵੀਰ ਦਵਿੰਦਰ ਸ਼ਰੀਹ ਵਾਲਾ ਬਰਾੜ ਆਦਿ ਤੋਂ ਇਲਾਵਾ ਕਿਸਾਨ ਹਾਜ਼ਰ ਸਨ।


rajwinder kaur

Content Editor

Related News