ਕਿਸਾਨਾਂ ਦਾ ਵੱਡਾ ਜਥਾ ਦਿੱਲੀ ਦੇ ਜੰਤਰ ਮੰਤਰ ’ਤੇ ਚੱਲ ਰਹੇ ਧਰਨੇ ਲਈ ਰਵਾਨਾ

05/23/2023 5:37:10 PM

ਬਨੂੜ (ਗੁਰਪਾਲ) : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ ਦੀ ਅਗਵਾਈ ਹੇਠ ਵੱਡਾ ਜਥਾ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਕੁਸ਼ਤੀ ਮਹਾ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਖ਼ਿਲਾਫ ਧਰਨਾ ਦੇ ਰਹੇ ਪਹਿਲਵਾਨ ਖਿਡਾਰੀਆਂ ਦੇ ਹੱਕ ਵਿਚ ਰਵਾਨਾ ਹੋਇਆ। ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਗੱਲਬਾਤ ਕਰਦਿਆਂ ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਪਰਮ ਬੈਦਵਾਣ, ਗੁਰਵਿੰਦਰ ਸਿੰਘ ਸਿਆਊ ਤੇ ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਮਹਿਲਾ ਪਹਿਲਵਾਨ ਨਾਲ ਕਿਸੇ ਵੀ ਤਰ੍ਹਾਂ ਦਾ ਗਲਤ ਵਿਵਹਾਰ ਸੰਯੁਕਤ ਕਿਸਾਨ ਮੋਰਚਾ ਬਰਦਾਸ਼ਤ ਨਹੀਂ ਕਰੇਗਾ। 

ਉਨ੍ਹਾਂ ਕਿਹਾ ਕਿ ਕੁਸ਼ਤੀ ਪੇਂਡੂ ਖੇਡ ਹੈ ਪਰ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਜਿਹੇ ਲੋਕ ਆਪਣੀ ਗੁੰਡਾਗਰਦੀ ਨਾਲ ਖਿਡਾਰੀਆਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਬ੍ਰਿਜ ਭੂਸ਼ਣ ਨੂੰ ਪ੍ਰਧਾਨਗੀ ਤੋਂ ਹਟਾ ਕੇ ਗ੍ਰਿਫ਼ਤਾਰ ਨਹੀਂ ਕੀਤਾ ਤਾਂ ਕੇਂਦਰ ਸਰਕਾਰ ਖ਼ਿਲਾਫ ਵੱਡਾ ਸੰਘਰਸ਼ ਛੇੜਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਬ੍ਰਿਜ ਭੂਸ਼ਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰਕੇ ਉਸ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਜੰਤਰ ਮੰਤਰ ਵਿਖੇ ਧਰਨਾ ਚੁੱਕਿਆ ਜਾ ਸਕੇ। ਇਕੱਤਰ ਕਿਸਾਨਾਂ ਨੇ ਮੰਗ ਪੂਰੀਆਂ ਨਾ ਕਰਨ ’ਤੇ ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ। ਇਸ ਮੌਕੇ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਗੁਰਵਿੰਦਰ ਸਿੰਘ ਸਿਆਊ, ਪਰਮ ਬੈਦਵਾਣ, ਦਰਸ਼ਨ ਸਿੰਘ ਮੋਟਰ, ਹਰਦੀਪ ਸਿੰਘ ਬਲਟਾਨਾ, ਅਮਰੀਕ ਸਿੰਘ, ਗੁਰਿੰਦਰ ਸਿੰਘ ਪੱਤੋਂ, ਹਰਜੀਤ ਸਿੰਘ ਗਿੱਲ, ਭਾਗ ਸਿੰਘ ਕਰਾਲਾ, ਸ਼ੇਰ ਸਿੰਘ ਦੈੜੀ, ਮਨਦੀਪ ਸਿੰਘ ਮੋਟਰ, ਜਗਦੀਪ ਸਿੰਘ, ਮਨਪ੍ਰੀਤ ਸਿੰਘ, ਜਸਵੀਰ ਸਿੰਘ ਖਲੌਰ, ਕੁਲਵੰਤ ਸਿੰਘ ਤੋਂ ਇਲਾਵਾ ਸੈਂਕੜੇ ਦੇ ਕਰੀਬ ਭਾਕਿਯੂ ਰਾਜੇਵਾਲ ਦੇ ਅਹੁਦੇਦਾਰਾਂ ਤੇ ਹੋਰ ਕਿਸਾਨ ਹਾਜ਼ਰ ਸਨ।


Gurminder Singh

Content Editor

Related News