ਕਿਸਾਨਾਂ ਨੂੰ ਹੋਈ 96.72 ਕਰੋੜ ਦੀ ਆਨਲਾਈਨ ਅਦਾਇਗੀ, 247131 ਮੀਟਰਕ ਟਨ ਕਣਕ ਦੀ ਕੀਤੀ ਖਰੀਦ

Wednesday, Apr 21, 2021 - 05:39 PM (IST)

ਕਿਸਾਨਾਂ ਨੂੰ ਹੋਈ 96.72 ਕਰੋੜ ਦੀ ਆਨਲਾਈਨ ਅਦਾਇਗੀ, 247131 ਮੀਟਰਕ ਟਨ ਕਣਕ ਦੀ ਕੀਤੀ ਖਰੀਦ

ਫ਼ਰੀਦਕੋਟ (ਬਿਊਰੋ) - ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਦਾ ਕੰਮ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਤੇ ਕਿਸੇ ਵੀ ਧਿਰ ਨੂੰ ਖ਼ਰੀਦ ਸਬੰਧੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਬਰਗਾੜੀ ਫ਼ਰੀਦਕੋਟ ਸਮੇਤ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਲਈ ਕੁਲ 68 ਖ਼ਰੀਦ ਕੇਂਦਰ ਹਨ, ਜਿੱਥੇ ਕਣਕ ਦੀ ਖ਼ਰੀਦ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਤੋਂ ਖ਼ਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਅਦਾਇਗੀ ਕਿਸਾਨਾਂ ਨੂੰ ਆਨਲਾਈਨ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾ ਰਹੀ ਹੈ ਅਤੇ ਕੱਲ੍ਹ ਸ਼ਾਮ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ 6.72 ਕਰੋੜ ਰੁਪਏ ਕਣਕ ਦੀ ਆਨਲਾਈਨ ਅਦਾਇਗੀ ਕੀਤੀ ਗਈ ਹੈ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿੱਚੋਂ ਵੱਖ ਵੱਖ ਖ਼ਰੀਦ ਏਜੰਸੀਆਂ ਵੱਲੋਂ 247131 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ, ਜਦਕਿ ਮੰਡੀਆਂ ਵਿਚ ਕੁੱਲ 284590 ਮੀਟਰਕ ਟਨ ਕਣਕ ਦੀ ਆਮਦ ਹੋਈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ ਵੱਲੋਂ 90956 ਮੀਟਰਕ ਟਨ, ਮਾਰਕਫੈੱਡ ਵੱਲੋਂ 49080 ਮੀਟਰਕ ਟਨ, ਪਨਸਪ ਵੱਲੋਂ 55005 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਵੱਲੋਂ 34765 ਮੀਟਰਕ ਟਨ, ਐੱਫ.ਸੀ.ਆਈ. ਵੱਲੋਂ 17325 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ 

ਖਰੀਦ ਉਪਰੰਤ ਮੰਡੀਆਂ ਵਿੱਚੋਂ ਕਣਕ ਦੀ 78000 ਮੀਟਰਕ ਟਨ ਲਿਫਟਿੰਗ ਹੋ ਚੁੱਕੀ ਹੈ। ਖ਼ਰਾਬ ਮੋਸਮ ਕਾਰਨ ਕਣਕ ਦੀ ਫ਼ਸਲ ਨੂੰ ਢੱਕਣ ਲਈ ਮੰਡੀਆਂ ਵਿੱਚ ਤਰਪਾਲਾਂ ਦਾ ਪੂਰਾ ਪ੍ਰਬੰਧ ਹੈ। ਉਨ੍ਹਾਂ ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਕੋਰੋਨਾ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਮੰਡੀ ਬੋਰਡ ਵੱਲੋਂ ਜਿੱਥੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ, ਉੱਥੇ ਉਨ੍ਹਾਂ ਨੂੰ ਕੋਰੋਨਾ ਦੀ ਰੋਕਥਾਮ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਸਾਰੇ ਖ਼ਰੀਦ ਕੇਂਦਰਾਂ ਵਿੱਚ ਸੈਨੀਟਾਈਜ਼ਰ, ਹੱਥ ਧੋਣ ਲਈ ਸਾਬਣ, ਪਾਣੀ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੈਡਮ ਜਸਜੀਤ ਕੌਰ ਡੀ.ਐੱਫ.ਐੱਸ.ਸੀ, ਸ਼੍ਰੀ ਗੋਰਵ ਗਰਗ ਡੀ.ਐੱਮ.ਓ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


author

rajwinder kaur

Content Editor

Related News