ਬਦਲੇਖੋਰੀ ਨਾਲ ਕਿਸਾਨਾਂ ਨੂੰ ਖੱਜਲ ਕਰ ਰਹੀਆਂ ਹਨ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ: ਭਗਵੰਤ ਮਾਨ

Sunday, Oct 03, 2021 - 11:18 AM (IST)

ਬਦਲੇਖੋਰੀ ਨਾਲ ਕਿਸਾਨਾਂ ਨੂੰ ਖੱਜਲ ਕਰ ਰਹੀਆਂ ਹਨ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ: ਭਗਵੰਤ ਮਾਨ

ਸੰਗਰੂਰ (ਵਿਜੈਕੁਮਾਰ ਸਿੰਗਲਾ): ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚੋਂ ਝੋਨੇ ਦੀ ਫ਼ਸਲ ਖ਼ਰੀਦਣ ’ਤੇ 11 ਅਕਤੂਬਰ ਤੱਕ ਲਾਈ ਅਚਨਚੇਤ ਰੋਕ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਖ਼ਤ ਇਤਰਾਜ ਜਤਾਉਂਦਿਆਂ ਇਸ ਨੂੰ ਬਦਲਾ ਖੋਰੀ ਦੀ ਭਾਵਨਾ ਨਾਲ ਚੁੱਕਿਆ ਨਾਦਰਸ਼ਾਹੀ ਕਦਮ ਕਰਾਰ ਦਿੱਤਾ ਹੈ। ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅੰਨ ਦੀ ਪੂਰਤੀ ਲਈ ਪੰਜਾਬ ਕੋਲੋਂ ਇੱਕ ਬਲਦ ਵਾਂਗ ਕੰਮ ਲੈ ਕੇ ਹੁਣ ਉਸ ਨੂੰ ਲਾਵਾਰਸ  ਛੱਡ ਰਹੀ ਹੈ, ਨਤੀਜੇ ਵਜੋਂ ਫੂਡ ਕਾਰੋਪਰੇਸ਼ਨ ਆਫ਼ ਇੰਡੀਆ (ਐੱਫ.ਸੀ.ਆਈ) ਨੇ ਤੁਰੰਤ ਪ੍ਰਭਾਵ ਤੋਂ ਸੂਬੇ ’ਚੋਂ ਝੋਨਾ ਖ਼ਰੀਦਣ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਇਹੋ ਰਾਹ ’ਤੇ ਪੰਜਾਬ ਸਰਕਾਰ ਤੁਰੀ ਹੋਈ ਹੈ। ਕੁਰਸੀ ਦੀ ਲੜਾਈ ’ਚ ਕਿਸਾਨ ਮੰਡੀਆਂ 'ਚ ਰੁਲਣ ਲੱਗਾ ਹੈ। ਪੰਜਾਬ ਸਰਕਾਰ ਅਤੇ ਇਸ ਦੀਆਂ ਖ਼ਰੀਦ ਏਜੰਸੀਆਂ ਮੰਡੀਆਂ ’ਚੋਂ ਗਾਇਬ ਹਨ।

ਇਹ ਵੀ ਪੜ੍ਹੋ : ਅਸਤੀਫ਼ੇ ਮਗਰੋਂ ਕੈਪਟਨ ਦੀਆਂ ਕਾਰਵਾਈਆਂ ਤੋਂ ਕਿਸਾਨ ਆਗੂ ਨਾਖ਼ੁਸ਼, ਲਾਏ ਵੱਡੇ ਇਲਜ਼ਾਮ

ਸ਼ਨੀਵਾਰ ਨੂੰ ਇੱਥੇ ਆਪਣੇ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਪੰਜਾਬ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ 1500 ਤੋਂ 1600 ਰੁਪਏ ਪ੍ਰਤੀ ਕੁਇੰਟਲ ਝੋਨਾ ਵੇਚਣ ਲਈ ਮਜ਼ਬੂਰ ਹੋ ਰਹੇ ਹਨ, ਜਦੋਂਕਿ ਕੇਂਦਰ ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 1940 ਰੁਪਏ ਤਹਿ ਕੀਤਾ ਹੈ। ਕਿਉਂਕਿ ਪੰਜਾਬ ਦੇ 90 ਫ਼ੀਸਦੀ ਕਿਸਾਨ ਆਪਣੀ ਫ਼ਸਲ ਨੂੰ ਘਰ (ਸਟੋਰ) ਵਿੱਚ ਨਹੀਂ ਰੱਖ ਸਕਦੇ ਅਤੇ ਉਨ੍ਹਾਂ ਨੂੰ ਫ਼ਸਲ ਵੇਚਣੀ ਹੀ ਪੈਂਦੀ ਹੈ।ਮਾਨ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕਰਦੇ ਹਨ, ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫ਼ਸਲ ਖ਼ਰੀਦਣ ਤੋਂ ਮੁਕਰ ਰਹੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਮੋਦੀ ਸਰਕਾਰ ਬਦਲਾ ਖੋਰੀ ਦੀ ਭਾਵਨਾ ਨਾਲ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਮਾਨ ਨੇ ਕਿਹਾ ਕਿ ਆਪਣੀ ਸੋਨੇ ਵਰਗੀ ਮਿੱਟੀ ਤੇ ਚਾਂਦੀ ਵਰਗੇ ਪਾਣੀ ਦੀ ਕੀਮਤ ’ਤੇ ਪੰਜਾਬ 90 ਫ਼ੀਸਦੀ ਚੌਲ ਸੂਬੇ ’ਤੋਂ ਬਾਹਰ ਭੇਜਦਾ ਹੈ ਤਾਂ ਜੋ ਦੇਸ਼ ਦੇ ਲੋਕਾਂ ਨੂੰ ਖਾਣਾ ਮਿਲ ਸਕੇ। ਉਨ੍ਹਾਂ ਕਿਹਾ 1 ਕਿਲੋ ਚੌਲ ਪੈਦਾ ਕਰਨ ਲਈ ਪੰਜਾਬ 3800 ਲੀਟਰ ਪਾਣੀ ਖ਼ਰਚ ਕਰਦਾ ਹੈ, ਜਿਸ ਕਾਰਨ ਪੰਜਾਬ ਦਾ ਪਾਣੀ ਖ਼ਤਮ ਹੋ ਗਿਆ ਹੈ ਅਤੇ ਜ਼ਮੀਨ ਤੇ ਆਬੋ-ਹਵਾ ਗੰਧਲੇ ਹੋ ਗਏ ਹਨ।

ਇਹ ਵੀ ਪੜ੍ਹੋ : ਸਿੱਧੂ ਦੇ ਸਮਰਥਨ 'ਚ ਰਜ਼ੀਆ ਸੁਲਤਾਨਾ ਵੱਲੋਂ ਦਿੱਤੇ ਅਸਤੀਫ਼ੇ ਨੂੰ ਲੈ ਕੇ ਦਵੰਦ ਬਰਕਰਾਰ

ਮਾਨ ਨੇ ਕਿਹਾ ਕਿ ਫ਼ਸਲ ਵੇਚਣ ਸਮੇਂ ਜ਼ਮੀਨ ਦੀ ਫ਼ਰਦ ਲਿਆਉਣ ਦੇ ਹੁਕਮਾਂ ਨਾਲ ਕਿਸਾਨਾਂ ਅਤੇ ਪਰਵਾਸੀ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਨਾਸ਼ਾਹੀ ਤਰੀਕਿਆਂ ਨਾਲ ਸਰਕਾਰ ਚਲਾ ਰਹੇ ਹਨ ਅਤੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ।ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਮੋਦੀ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਵਿਰੁੱਧ ਤੁਰੰਤ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾਵੇ। ਉਨ੍ਹਾਂ ਕਿਹਾ ਕਿ ‘ਚੰਨੀ ਸਰਕਾਰ ਨੂੰ ਬੇਨਤੀ ਹੈ ਕਿ ਕੁਰਸੀ ਜਾਂ ਪ੍ਰਧਾਨਗੀ ਬਚਾਉਣ ਲਈ ਬਾਅਦ ਵਿੱਚ ਲੜ ਲੈਣਾ ਅਤੇ ਦਿੱਲੀ ਦਰਬਾਰ ਦੇ ਗੇੜੇ ਬੰਦ ਕਰਕੇ ਤੁਰੰਤ ਝੋਨੇ ਦੀ ਫ਼ਸਲ ਖ਼ਰੀਦਣ ਦੇ ਪ੍ਰਬੰਧ ਕਰੋ।’ ਉਨ੍ਹਾਂ ਦੋਸ਼ ਲਾਇਆ ਕਿ ਕਿਉਂ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਕਰਦੀਆਂ? ਕਿਉਂ ਪੰਜਾਬ ਦੀਆਂ ਏਜੰਸੀਆਂ ਵੀ ਮੰਡੀਆਂ ਛੱਡ ਕੇ ਭੱਜ ਗਈਆਂ ਹਨ? ਸਪੱਸ਼ਟ ਹੈ ਕਿ ਕੁਰਸੀ ਦੀ ਲੜਾਈ ’ਚ ਪੰਜਾਬ ਸਰਕਾਰ ਖ਼ਰੀਦ ਪ੍ਰਬੰਧ ਹੀ ਮੁਕੰਮਲ ਨਹੀਂ ਕਰ ਸਕੀ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਹੋਈ ਗੈਂਗਵਾਰ ਮਾਮਲੇ ’ਚ ਨਵਾਂ ਮੋੜ, ਹੁਣ ਲਾਰੇਸ਼ ਬਿਸ਼ਨੋਈ ਨੇ ਪੋਸਟ ਪਾ ਕੇ ਕੀਤਾ ਵੱਡਾ ਖ਼ੁਲਾਸਾ 

ਮਾਨ ਨੇ ਇਹ ਵੀ ਦੋਸ਼ ਲਾਇਆ ਕਿ ਮੌਜ਼ੂਦਾ ਕਾਂਗਰਸ ਸਰਕਾਰ ’ਚ ਧੜੱਲੇ ਨਾਲ ਬਿਹਾਰ, ਉੱਤਰ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਤੋਂ ਝੋਨਾ ਲਿਆ ਕੇ ਪੰਜਾਬ ਵਿੱਚ ਵੇਚਿਆਂ ਜਾਂਦਾ ਰਿਹਾ ਹੈ, ਜਿਸ ਕਾਰਨ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਪੰਜਾਬ ਦੀ ਕੁੱਲ ਉਪਜ ਤੋਂ ਜ਼ਿਆਦਾ ਝੋਨਾ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ।ਕਾਂਗਰਸ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘ਅਲੀ ਬਾਬਾ ਤਾਂ ਲਾਹ ਦਿੱਤਾ, ਪਰ ਬਾਕੀ ਚੋਰ ਉਹੀ ਹਨ। ਮਹਾਂਦਾਗੀ ਮੰਤਰੀ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਣ ਆਸ਼ੂ ਸਾਰੇ ਸਰਕਾਰ ਵਿੱਚ ਹਨ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਸਰਕਾਰ ਘਰ-ਘਰ ਨੌਕਰੀ ਦੇਣ ਅਤੇ ਕਿਸਾਨੀ ਕਰਜ਼ੇ ਮੁਆਫ਼ ਕਰਨ ਦੀ ਗੱਲ ਕਿਉਂ ਨਹੀਂ ਕਰਦੀ?ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕਰਵਾਈ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰੇਗੀ।


author

Shyna

Content Editor

Related News