ਕਿਸਾਨ ਜੱਥੇਬੰਦੀਆਂ ਨੇ ਰੇਲਵੇ ਟਰੈਕ ਕੀਤੇ ਜਾਮ, ਕਿਹਾ- ਕਿਸਾਨਾਂ ਤੇ ਮਜ਼ਦੂਰਾਂ ਨਾਲੋਂ ਵੱਡੀ ਨਹੀਂ ਮੋਦੀ ਸਰਕਾਰ

Tuesday, Oct 19, 2021 - 01:46 AM (IST)

ਕਿਸਾਨ ਜੱਥੇਬੰਦੀਆਂ ਨੇ ਰੇਲਵੇ ਟਰੈਕ ਕੀਤੇ ਜਾਮ, ਕਿਹਾ- ਕਿਸਾਨਾਂ ਤੇ ਮਜ਼ਦੂਰਾਂ ਨਾਲੋਂ ਵੱਡੀ ਨਹੀਂ ਮੋਦੀ ਸਰਕਾਰ

ਅੰਮ੍ਰਿਤਸਰ/ਜੰਡਿਆਲਾ ਗੁਰੂ (ਦਲਜੀਤ ਸ਼ਰਮਾ, ਸੁਰਿੰਦਰ, ਸ਼ਰਮਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ 12 ਜ਼ਿਲਿਆਂ ’ਚ ਰੇਲਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਮੰਗ ਕੀਤੀ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖਾਸਤ ਕਰ ਕੇ ਜੇਲ ’ਚ ਭੇਜਿਆ ਜਾਵੇ।

ਅੰਮ੍ਰਿਤਸਰ ਦਿੱਲੀ ਮੁੱਖ ਰੇਲ ਮਾਰਗ ਦੇਵੀਦਾਸ ਪੂਰਾ ਵਿਖੇ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ, ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਮੋਦੀ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਲਈ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ’ਤੇ ਰਾਜਨੀਤੀ ਕਰ ਰਹੀ ਹੈ। ਸਰਕਾਰ ਕਾਨੂੰਨ ਦੀ ਗੱਲ ਕਰ ਰਹੀ ਹੈ, ਉਸ ਸਰਕਾਰ ਦਾ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਲਖੀਮਪੁਰ ਕਤਲ ਕਾਂਡ ਦੀ ਘਟਨਾ ਦੇ 120ਬੀ ਕੇਸ ’ਚ ਦੋਸ਼ੀ ਹੈ। ਉਸ ’ਤੇ ਨਾ ਕਰਵਾਈ ਹੋ ਰਹੀ ਹੈ ਅਤੇ ਨਾ ਹੀ ਮੰਤਰੀ ਮੰਡਲ ਤੋਂ ਅਸਤੀਫਾ ਲਿਆ ਜਾ ਰਿਹਾ ਹੈ। ਉਲਟਾ ਉਹ ਗਵਾਹਾਂ ’ਤੇ ਦਬਾਅ ਬਣਾ ਰਹੇ ਹਨ ਕਿ ਬਿਆਨ ਦਰਜ ਨਾ ਕਰਵਾਉਣ ਤਾਂ ਜੋ ਕੇਂਦਰੀ ਮੰਤਰੀ ਨੂੰ ਬਚਾਇਆ ਜਾ ਸਕੇ।

ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲਾਗੂ ਕਰ ਕੇ ਦੇਸ਼ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਦੇਣਾ ਚਾਹੁੰਦੀ ਹੈ, ਜਿਸ ਨੂੰ ਅਨਾਜ ਸਮੇਤ ਦੇਸ਼ ਦੇ ਜਨਤਕ ਸਾਧਨਾਂ ’ਤੇ ਅੰਬਾਨੀ, ਅਡਾਨੀ ਦਾ ਕਬਜ਼ਾ ਹੋਣ ਨਾਲ ਮਹਿੰਗਾਈ ਸਿਖਰਾਂ ’ਤੇ ਪਹੁੰਚ ਜਾਵੇਗੀ। ਜਿਵੇਂ ਪਿਛਲੇ 2 ਹਫਤਿਆਂ ’ਚ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ’ਚ ਬਹੁਤ ਵੱਡਾ ਵਾਧਾ ਕੀਤਾ ਗਿਆ ਹੈ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਹੇਠ ਹੈ। ਰਸੋਈ ’ਚ ਵਰਤੋਂ ਦੀਆਂ ਵਸਤਾਂ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।

ਇਸੇ ਤਰ੍ਹਾਂ ਕਾਰਪੋਰੇਟ ਘਰਾਣੇ ਦੇ ਅਡਾਨੀ ਨੇ ਪਹਿਲਾਂ ਹਿਮਾਚਲ ਦੇ ਸੇਬ ਨੂੰ ਲੁੱਟਿਆ ਹੈ ਅਤੇ ਹੁਣ ਦੇਸ਼ ਦੇ ਖੇਤੀ ਸੈਕਟਰ ’ਤੇ ਕਬਜ਼ਾ ਕਰ ਕੇ ਲੁੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨੀ ਖੇਤਰ ’ਚ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਕਿਸਾਨ ਹੁਣ ਪਿਆਜ਼ ਅਤੇ ਟਮਾਟਰ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਵੱਡੇ ਪੱਧਰ ’ਤੇ ਖੁਦਕੁਸ਼ੀਆਂ ਕਰ ਰਹੇ ਹਨ। ਦੇਸ਼ ਦੀ ਅਜਿਹੀ ਮੋਦੀ ਹਕੂਮਤ ਨੂੰ ਲੋਕ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣਗੇ ਅਤੇ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾਉਣ ਸਮੇਤ ਸਾਰੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ।

ਇਸ ਮੌਕੇ ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ, ਡਾ. ਕੰਵਰਦਲੀਪ ਸਿੰਘ, ਗੁਰਲਾਲ ਸਿੰਘ ਮਾਨ, ਬਾਜ਼ ਸਿੰਘ ਸਾਰੰਗਡ਼ਾ, ਬਲਦੇਵ ਸਿੰਘ ਬੱਗਾ, ਲਖਵਿੰਦਰ ਸਿੰਘ ਡਾਲਾ, ਗੁਰਦੇਵ ਸਿੰਘ ਗੱਗੋਮਾਹਲ, ਕੁਲਵੰਤ ਸਿੰਘ ਰਜਾਤਾਲ, ਰਾਜ ਸਿੰਘ, ਕੁਲਵੰਤ ਸਿੰਘ ਕੱਕਡ਼, ਕੁਲਜੀਤ ਸਿੰਘ ਕਾਲੇ ਘਾਨੁਪੁਰ, ਕਵਲਜੀਤ ਸਿੰਘ ਵੰਨਚਡ਼ੀ, ਚਰਨਜੀਤ ਸਿੰਘ ਸਫੀਪੁਰ, ਮੁਖਤਾਰ ਸਿੰਘ ਭੰਗਵਾਂ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਕੰਧਾਰਾ ਸਿੰਘ, ਸੁਖਦੇਵ ਸਿੰਘ ਚਾਟੀਵਿੰਡ, ਹਰਬਿੰਦਰ ਸਿੰਘ ਭਲਾਈਪੁਰ, ਅਜੀਤ ਸਿੰਘ ਠੱਠੀਆਂ, ਅਮੋਲਕ ਸਿੰਘ ਨਰਾਇਣਗਡ਼੍ਹ, ਅਮਰਦੀਪ ਸਿੰਘ ਗੋਪੀ, ਬਲਕਾਰ ਸਿੰਘ ਦੇਵੀਦਾਸਪੂਰਾ, ਸੁਖਜਿੰਦਰ ਸਿੰਘ ਹਰਡ਼, ਅੰਗਰੇਜ਼ ਸਿੰਘ ਸੇਂਸਰਾ, ਕਸ਼ਮੀਰ ਸਿੰਘ ਚਾਹਡ਼ਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।


author

Bharat Thapa

Content Editor

Related News