ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ
Wednesday, Dec 09, 2020 - 12:13 PM (IST)
ਨਵੀਂ ਦਿੱਲੀ : ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 14ਵਾਂ ਦਿਨ ਹੈ। ਭਾਰਤ ਵਿਚ ਸ਼ੁਰੂ ਹੋਇਆ ਕਿਸਾਨ ਪ੍ਰਦਰਸ਼ਨ ਹੁਣ ਪੂਰੀ ਦੁਨੀਆ ਵਿਚ ਪਹੁੰਚ ਗਿਆ ਹੈ। ਕਿਸਾਨਾਂ ਨੂੰ ਸਿਆਸੀ ਦਲਾਂ, ਕਲਾਕਾਰਾਂ, ਫਿਲਮੀ ਹਸਤੀਆਂ ਤੋਂ ਇਲਾਵਾ-ਵੱਖ ਤਬਕਿਆਂ ਦਾ ਸਮਰਥਨ ਮਿਲ ਰਿਹਾ ਹੈ। ਉਥੇ ਹੀ ਹੁਣ ਪੰਜਾਬ ਦੀ ਰਣਜੀ ਟੀਮ ਦੇ ਕਪਤਾਨ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਮਨਦੀਪ ਸਿੰਘ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆ ਗਏ ਹਨ। ਮਨਦੀਪ ਕਿਸਾਨ ਅੰਦੋਲਨ ਨਾਲ ਜੁੜਣ ਦੇ ਨਾਲ ਹੀ ਪਹਿਲੇ ਅਜਿਹੇ ਸਰਗਰਮ ਕ੍ਰਿਕਟਰ ਬਣ ਗਏ ਹਨ, ਜੋ ਇਸ ਅੰਦੋਲਨ ਵਿਚ ਹਿੱਸਾ ਲੈ ਰਹੇ ਹਨ। ਮਨਦੀਪ ਨੇ ਭਾਰਤ ਲਈ ਤਿੰਨ ਟੀ20 ਇੰਟਰਨੈਸ਼ਨਲ ਮੈਚ ਖੇਡੇ ਹਨ। ਉਹ ਦਿੱਲੀ ਦੇ ਸਿੰਘੂ ਸਰਹੱਦ 'ਤੇ ਕਿਸਾਨਾਂ ਦਾ ਸਮਰਥਨ ਕਰਣ ਲਈ ਪੁੱਜੇ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸਮਾਂ ਬਿਤਾਇਆ।
ਇਹ ਵੀ ਪੜ੍ਹੋ: ਅਨੁਸ਼ਕਾ-ਵਿਰਾਟ ਦੀ ਇਸ ਤਸਵੀਰ ਨੂੰ ਮਿਲਿਆ ਬੇਸ਼ੁਮਾਰ ਪਿਆਰ, 2020 'ਚ ਮਿਲੇ ਸਭ ਤੋਂ ਜ਼ਿਆਦਾ 'ਲਾਈਕ'
ਇਸ ਤੋਂ ਪਹਿਲਾਂ ਐਤਵਾਰ ਨੂੰ ਸਿੰਘੂ ਸਰਹੱਦ (ਹਰਿਆਣਾ-ਦਿੱਲੀ ਸਰਹੱਦ) 'ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਲਈ ਮੁੱਕੇਬਾਜ਼ ਵਿਜੇਂਦਰ ਸਿੰਘ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਜੇ ਖੇਤੀਬਾੜੀ ਦੇ ਨਵੇਂ ਕਾਨੂੰਨ ਵਾਪਸ ਨਾ ਲਏ ਗਏ ਤਾਂ ਉਹ ਆਪਣਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਾਪਸ ਕਰ ਦੇਣਗੇ। ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ, “ਮੈਂ ਅੱਜ ਇੱਥੇ ਆਇਆ ਹਾਂ ਕਿਉਂਕਿ ਸਾਡਾ ਵੱਡਾ ਭਰਾ ਪੰਜਾਬ ਹੈ, ਇਸ ਲਈ ਹਰਿਆਣਾ ਦੇ ਲੋਕ ਕਿਵੇਂ ਪਛੜ ਸਕਦੇ ਹਨ। ਜੇਕਰ ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਮੈਂ ਆਪਣਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵਾਪਸ ਕਰਾਂਗਾ।'
ਪੰਜਾਬ ਅਤੇ ਹਰਿਆਣਾ ਦੇ ਕੁਝ ਖਿਡਾਰੀ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਣ ਲਈ ਆਪਣੇ ਐਵਾਰਡ (ਪਦਮ, ਦ੍ਰੋਣਾਚਾਰੀਆ ਅਤੇ ਅਰਜੁਨ ਪੁਰਸਕਾਰ) ਵਾਪਸ ਕਰ ਰਹੇ ਹਨ। ਐਵਾਰਡ ਵਾਪਸ ਕਰਨ ਬਾਰੇ ਗੱਲ ਕਰਦਿਆਂ ਪਹਿਲਵਾਨ ਕਰਤਾਰ ਸਿੰਘ ਨੇ ਕਿਹਾ, 'ਕਿਸਾਨਾਂ ਦੇ ਸਮਰਥਨ ਵਿਚ ਅਸੀਂ ਇਹ ਐਵਾਰਡ ਵਾਪਸ ਕਰ ਰਹੇ ਹਾਂ।' ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸਾਬਕਾ ਰਾਸ਼ਟਰੀ ਮੁੱਕੇਬਾਜ਼ੀ ਕੋਚ ਗੁਰਬਖਸ਼ ਸਿੰਘ ਸੰਧੂ ਨੇ ਅੰਦੋਲਨਕਾਰੀ ਕਿਸਾਨਾਂ ਨਾਲ ਏਕਤਾ ਦਰਸਾਉਣ ਲਈ ਆਪਣਾ ਦ੍ਰੋਣਾਚਾਰੀਆ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਵੀ ਕੀਤਾ ਸੀ। ਸਤੰਬਰ ਵਿਚ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਪਾਸ ਹੋਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਅਤੇ ਉਸ ਦੇ ਆਸ ਪਾਸ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ: ਮੈਚ ਦੇਖਣ ਪਹੁੰਚਿਆ 'ਨਕਲੀ' ਕੋਹਲੀ, ਵੇਖ ਕੇ ਦੰਗ ਰਹਿ ਗਏ ਭਾਰਤੀ ਕਪਤਾਨ (ਵੀਡੀਓ)
ਨੋਟ : ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।