ਹੋਰ ਕਰਜ਼ਾ ਨਾ ਮਿਲਿਆ ਤਾਂ ਕਿਸਾਨ ਨੇ ਕੀਤੀ ਖੁਦਕੁਸ਼ੀ (ਵੀਡੀਓ)

Sunday, Nov 18, 2018 - 11:39 AM (IST)

ਸੰਗਰੂਰ (ਕਾਂਸਲ)— ਸੰਗਰੂਰ ਦੇ ਪਿੰਡ ਨਾਗਰੇ ਵਿਖੇ ਪਰਗਟ ਸਿੰਘ ਨਾਂ ਦੇ ਇਕ ਕਿਸਾਨ ਨੇ ਕਰਜ਼ਾ ਨਾ ਮਿਲਣ ਕਾਰਨ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਮੁਤਾਬਕ ਕਿਸਾਨ ਦੇ ਸਿਰ 'ਤੇ 8 ਤੋਂ 10 ਲੱਖ ਰੁਪਏ ਦਾ ਕਰਜ਼ਾ ਸੀ। ਮਕਾਨ ਡਿੱਗਣ ਕਾਰਨ ਕਿਸਾਨ ਬੈਂਕ ਤੋਂ ਹੋਰ ਕਰਜ਼ਾ ਲੈਣਾ ਚਾਹੁੰਦਾ ਸੀ ਬੈਂਕ ਦੇ ਵਾਰ-ਵਾਰ ਚੱਕਰ ਕੱਢਣ ਦੇ ਬਾਅਦ ਵੀ ਜਦੋਂ ਉਸ ਨੂੰ ਕਰਜ਼ਾ ਨਾ ਮਿਲਿਆ ਤਾਂ ਉਸ ਨੇ ਖੁਦਕੁਸ਼ੀ ਕਰ ਲਈ।

ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪਿੰਡ ਇਕਾਈ ਦੇ ਪ੍ਰਧਾਨ ਦਰਬਾਰਾ ਸਿੰਘ ਨੇ ਦੱਸਿਆ ਕਿ ਕਿਸਾਨ ਪਰਗਟ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ਨਾਗਰਾ ਜੋ ਕਿ ਖੇਤੀ ਕਰਨ ਦੇ ਨਾਲ-ਨਾਲ ਪਿੰਡ ਘਰਾਚੋਂ ਵਿਖੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਚਲਾਉਣ ਦਾ ਵੀ ਕੰਮ ਕਰਦਾ ਸੀ, ਉਹ ਪਿਛਲੇ ਕੁੱਝ ਦਿਨਾਂ ਤੋਂ ਕਾਫੀ ਪਰੇਸ਼ਾਨ ਸੀ ਅਤੇ ਉਸ ਨੇ ਬੀਤੇ ਦਿਨ ਆਪਣੇ ਖੇਤ ਵਿਚ ਜਾ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਜਿਸ ਨੂੰ ਇਲਾਜ ਲਈ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਅਸੀਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਦਾ ਪੋਸਟਮਾਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਫਿਲਹਾਲ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।


author

cherry

Content Editor

Related News