ਕਰਜ਼ੇ ਨੇ ਕਿਸਾਨ ਦੇ ਘਰ ’ਚ ਵਿਛਾ ਦਿੱਤੇ ਸੱਥਰ, 8 ਲੱਖ ਪਿੱਛੇ ਪਰਿਵਾਰ ਨੂੰ ਸਦਾ ਲਈ ਦੇ ਗਿਆ ਵਿਛੋੜਾ

Tuesday, Mar 05, 2024 - 06:11 AM (IST)

ਤਲਵੰਡੀ ਸਾਬੋ (ਮੁਨੀਸ਼)– ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਲੇਲੇਵਾਲਾ ਦੇ ਇਕ ਕਿਸਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਮ੍ਰਿਤਕ ਕਿਸਾਨ ਦੇ ਪੋਸਟਮਾਰਟਮ ’ਚ ਦੇਰੀ ਹੋਣ ਤੋਂ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਆਗੂਆਂ ਦੀ ਅਗਵਾਈ ਹੇਠ ਸਿਵਲ ਹਸਪਤਾਲ ’ਚ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ ਕੀਤਾ।

ਜਾਣਕਾਰੀ ਮੁਤਾਬਕ ਪਿੰਡ ਲੇਲੇਵਾਲਾ ਦਾ ਕਿਸਾਨ ਬਲਜੀਤ ਸਿੰਘ (40) ਪੁੱਤਰ ਮੇਜਰ ਸਿੰਘ 5 ਏਕੜ ਜ਼ਮੀਨ ਦਾ ਮਾਲਕ ਸੀ। ਪਰਿਵਾਰਕ ਸੂਤਰਾਂ ਮੁਤਾਬਕ ਬਲਜੀਤ ਸਿੰਘ ’ਤੇ ਆੜ੍ਹਤੀਆਂ ਦਾ ਕਰੀਬ 8 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਬੀਤੀ ਦੇਰ ਰਾਤ ਉਸ ਨੇ ਘਰ ’ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਮਾਪਿਆਂ ਤੇ ਪਤਨੀ ਤੇ ਇਕ ਪੁੱਤਰ ਤੇ ਇਕ ਨਵ-ਵਿਆਹੀ ਧੀ ਛੱਡ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਕਾਲਗੜ੍ਹ ਕਲਾਂ ਦਾ ਜਵਾਨ ਪੁੰਛ 'ਚ ਹੋਇਆ ਸ਼ਹੀਦ, ਦੇਸ਼ ਦੀ ਰਾਖੀ ਕਰਦਿਆਂ ਬਲਬੀਰ ਸਿੰਘ ਨੇ ਪੀਤਾ ਸ਼ਹਾਦਤ ਦਾ ਜਾਮ

ਉਥੇ ਅੱਜ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ’ਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਮ੍ਰਿਤਕ ਕਿਸਾਨ ਦੇ ਪੋਸਟਮਾਰਟਮ ਲਈ ਪੁੱਜੇ ਭਾਕਿਯੂ (ਉਗਰਾਹਾਂ) ਆਗੂਆਂ ਨੂੰ ਪਤਾ ਲੱਗਾ ਕਿ ਹਸਪਤਾਲ ’ਚ ਪੋਸਟਮਾਰਟਮ ਕਰਨ ਲਈ ਡਾਕਟਰ ਨਹੀਂ ਹਨ ਤਾਂ ਉਨ੍ਹਾਂ ਨੇ ਹਸਪਤਾਲ ਦੇ ਗੇਟ ’ਤੇ ਸੰਕੇਤਕ ਧਰਨਾ ਦਿੰਦਿਆਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਆਰੰਭ ਦਿੱਤੀ।

ਉਥੇ ਹਸਪਤਾਲ ਪ੍ਰਸ਼ਾਸਨ ਵਲੋਂ ਪੋਸਟਮਾਰਟਮ ਲਈ ਡਾਕਟਰ ਬੁਲਾਉਣ ਦੇ ਦਿੱਤੇ ਭਰੋਸੇ ਉਪਰੰਤ ਧਰਨਾ ਕਿਸਾਨਾਂ ਵਲੋਂ ਚੁੱਕ ਲਿਆ ਗਿਆ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ਼ ਕਰਵਾਉਣ ਤੇ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਪੋਸਟਮਾਰਟਮ ਤੇ ਪੁਲਸ ਕਾਰਵਾਈ ਉਪਰੰਤ ਸ਼ਾਮ ਸਮੇਂ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News