ਸਵੇਰ ਤੋਂ ਰਾਤ ਤੱਕ ਅਪਡੇਟ ਰਹਿੰਦੇ ਨੇ ''ਹਾਈਟੈੱਕ ਕਿਸਾਨ'', ਸੂਰਜ ਚੜ੍ਹਨ ਤੋਂ ਛਿਪਣ ਤੱਕ ਭਖਦੇ ਨੇ ਚੁੱਲ੍ਹੇ (ਤਸਵੀਰਾਂ)

Tuesday, Dec 29, 2020 - 11:52 AM (IST)

ਸਵੇਰ ਤੋਂ ਰਾਤ ਤੱਕ ਅਪਡੇਟ ਰਹਿੰਦੇ ਨੇ ''ਹਾਈਟੈੱਕ ਕਿਸਾਨ'', ਸੂਰਜ ਚੜ੍ਹਨ ਤੋਂ ਛਿਪਣ ਤੱਕ ਭਖਦੇ ਨੇ ਚੁੱਲ੍ਹੇ (ਤਸਵੀਰਾਂ)

ਨਵੀਂ ਦਿੱਲੀ/ਚੰਡੀਗੜ੍ਹ (ਅਵਿਨਾਸ਼) : ਟਿੱਕਰੀ ਬਾਰਡਰ ’ਤੇ ਕਿਸਾਨ ਅੰਦੋਲਨ ਭਗਤੀ ਰਸ ਨਾਲ ਵੀ ਓਤ-ਪ੍ਰੋਤ ਹੈ। ਇੱਥੇ ਕਿਸਾਨਾਂ 'ਚ ਅੰਦੋਲਨ ਨੂੰ ਲੈ ਕੇ ਨਵੀਂ ਰਣਨੀਤੀ ਵੀ ਬਣਦੀ ਹੈ ਅਤੇ ਵਾਹਿਗੁਰੂ ਅਤੇ ਪ੍ਰਮਾਤਮਾ ਦੇ ਨਾਮ ਦਾ ਜਾਪ ਵੀ ਚੱਲਦਾ ਹੈ। ਕਰੀਬ 20 ਕਿਲੋਮੀਟਰ ਤੱਕ ਫੈਲੇ ਅੰਦੋਲਨ ਵਾਲੀ ਥਾਂ ’ਤੇ ਕਈ ਰੰਗ ਦੇਖਣ ਨੂੰ ਮਿਲ ਰਹੇ ਹਨ। ਬਾਰਡਰ ਦੀ ਮੁੱਖ ਸਟੇਜ ਤੋਂ ਥੋੜ੍ਹੀ ਪਹਿਲਾਂ ਹੀ ਰਾਗੀ ਜੱਥੇ ਗੁਰਬਾਣੀ ਦਾ ਪਾਠ ਕਰ ਰਹੇ ਹਨ ਤਾਂ ਬੀਬੀਆਂ ਵੀ ਕੀਰਤਨ ਕਰ ਰਹੀਆਂ ਹਨ। 

ਇਹ ਵੀ ਪੜ੍ਹੋ : ...ਤੇ ਹੁਣ ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ 'ਸੁਰੇਸ਼ ਕੁਮਾਰ' ਦਾ ਫੇਸਬੁੱਕ ਅਕਾਊਂਟ ਹੈਕ

PunjabKesari
ਲੰਗਰ ਸੇਵਾ ਦੇ ਨਾਲ-ਨਾਲ ਭਜਨ-ਕੀਰਤਨ ਵੀ
ਸੂਰਜ ਚੜ੍ਹਨ ਤੋਂ ਤੋਂ ਲੈ ਕੇ ਰਾਤ ਹੋਣ ਤੱਕ ਕਿਸਾਨਾਂ ਦੇ ਟੈਂਟ ਦੇ ਬਾਹਰ ਖਾਣੇ ਦੀ ਖੁਸ਼ਬੂ ਆਉਂਦੀ ਹੈ ਤਾਂ ਰੋਟੀ ਬਣਾਉਣ 'ਚ ਇੱਕ-ਦੂਜੇ ਦਾ ਸਹਿਯੋਗ ਵੀ ਵਿਖਾਈ ਦਿੰਦਾ ਹੈ। ਉਂਝ ਤਾਂ ਸਾਰੇ ਵੱਡੇ ਟੈਂਟਾਂ 'ਚ ਵੱਖ-ਵੱਖ ਹੀ ਰਸੋਈਆਂ ਬਣੀਆਂ ਹੋਈਆਂ ਹਨ ਪਰ ਦਰਜਨਾਂ ਸਥਾਨ ਅਜਿਹੇ ਹਨ, ਜਿੱਥੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਲੰਗਰ ਚੱਲ ਰਿਹਾ ਹੈ। ਕਿਤੇ ਗਾਜਰ ਦਾ ਹਲਵਾ ਖਾ ਕੇ ਸਵਾਦ ਵਧਾਇਆ ਜਾ ਰਿਹਾ ਹੈ ਤਾਂ ਕਿਤੇ ਚਾਹ-ਬਿਸਕੁਟ ਨਾਲ ਠੰਡ ਦੂਰ ਕੀਤੀ ਜਾ ਰਹੀ ਹੈ। ਰਾਤ ਸ਼ੁਰੂ ਹੁੰਦੇ ਹੀ ਮੁੱਖ ਸਟੇਜ ਤੋਂ ਕਿਸਾਨਾਂ ਦੀ ਆਵਾਜ਼ ਤਾਂ ਸ਼ਾਂਤ ਹੋ ਜਾਂਦੀ ਹੈ ਪਰ ਟਰੈਕਟਰਾਂ ਅਤੇ ਹੋਰ ਗੱਡੀਆਂ ਤੋਂ ਪੰਜਾਬੀ ਗਾਣਿਆਂ ਦੀ ਆਵਾਜ਼ ਜੋਸ਼ ਵਧਾ ਰਹੀ ਹੈ। ਹਰਿਆਣਾ ਦੇ ਬਹਾਦਰਗੜ੍ਹ ਤੋਂ ਲੈ ਕੇ ਟਿੱਕਰੀ ਬਾਰਡਰ ਤੱਕ ਕਿਸਾਨਾਂ ਦੇ ਟੈਂਟ ਕਿਸੇ ਕੈਂਪ ਤੋਂ ਘੱਟ ਨਹੀਂ ਲੱਗ ਰਹੇ ਹਨ। ਅੰਦੋਲਨ ਦੀਆਂ ਖ਼ਬਰਾਂ ਨਾਲ ਰੂ-ਬ-ਰੂ ਹੋਣ ਲਈ ਕਿਸਾਨਾਂ ਨੇ ਮੋਬਾਇਲ ਦੇ ਨਾਲ-ਨਾਲ ਕਈ ਤਰ੍ਹਾਂ ਦੇ ਹਾਈਟੈਕ ਸਿਸਟਮ ਅਪਣਾਏ ਹਨ।

ਇਹ ਵੀ ਪੜ੍ਹੋ : 'ਆਮ ਆਦਮੀ ਪਾਰਟੀ' ਦਾ ਐਲਾਨ, ਪੰਜਾਬ 'ਚ 'ਝਾੜੂ' ਦੇ ਨਿਸ਼ਾਨ 'ਤੇ ਲੜੇਗੀ ਸਥਾਨਕ ਚੋਣਾਂ

PunjabKesari
ਸੇਵਾਭਾਵ 'ਚ ਅੱਗੇ ਆਈਆਂ ਹਰਿਆਣਾ ਦੀਆਂ ਖਾਪ ਪੰਚਾਇਤਾਂ
ਟਿੱਕਰੀ ਬਾਰਡਰ ’ਤੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਵੀ ਸੇਵਾਭਾਵ ਦੇ ਕੰਮ 'ਚ ਲੱਗੀਆਂ ਹੋਈਆਂ ਹਨ। ਦਲਾਲ, ਦਹੀਆ, ਮਲਿਕ ਅਤੇ ਨੈਨ ਖਾਪ ਦੇ ਪ੍ਰਤੀਨਿੱਧੀ ਕਿਸਾਨਾਂ ਨੂੰ ਖਾਦ ਸਮੱਗਰੀ ਉਪਲੱਬਧ ਕਰਾਉਣ ਦੇ ਨਾਲ ਹੀ ਲੰਗਰ ਸੇਵਾ ਵੀ ਚਲਾ ਰਹੇ ਹਨ। ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਕਿਸਾਨ ਭਰਾਵਾਂ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਲੋੜ ਦਾ ਹਰ ਸਮਾਨ ਮੁਹੱਈਆ ਕਰਵਾ ਰਹੇ ਹਨ। ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਆਸ-ਪਾਸ ਦੇ ਦੁਕਾਨਦਾਰਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਕਿਸਾਨ ਅੰਨਦਾਤਾ ਹਨ ਅਤੇ ਜੇਕਰ ਉਹ ਪਰੇਸ਼ਾਨ ਹਨ ਤਾਂ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ। ਹਾਲਾਂਕਿ ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਧੰਦਾ ਥੋੜ੍ਹਾ ਮੰਦਾ ਜ਼ਰੂਰ ਹੋ ਗਿਆ ਹੈ ਪਰ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੈ।

ਇਹ ਵੀ ਪੜ੍ਹੋ : PSEB ਵੱਲੋਂ ਪੰਜ ਦਹਾਕੇ ਪੁਰਾਣੇ 'ਵਿਦਿਆਰਥੀਆਂ' ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ, ਕੀਤਾ ਅਹਿਮ ਐਲਾਨ

PunjabKesari

ਰਾਗੀ ਜੱਥਿਆਂ ਦੀ ਗੁਰਬਾਣੀ ਨਾਲ ਨਿਹਾਲ ਹੋ ਰਹੀ ਸੰਗਤ
ਬਾਰਡਰ ’ਤੇ ਸਵੇਰ ਤੋਂ ਲੈ ਕੇ ਰਾਤ ਤੱਕ ਰਾਗੀ ਜੱਥਿਆਂ ਦੇ ਜੱਥੇ ਗੁਰਬਾਣੀ ਦੀ ਕੀਰਤਨ ਕਰ ਰਹੇ ਹਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਰਾਗੀ ਜੱਥੇ ਆਏ ਹਨ, ਜੋ ਸ਼ਿਫਟਾਂ ਅਨੁਸਾਰ ਪਾਠ-ਕੀਰਤਨ ਕਰ ਰਹੇ ਹਨ। ਬਾਰਡਰ ’ਤੇ ਪੈਟਰੋਲ ਪੰਪ ਦੇ ਨੇੜੇ ਖੁੱਲ੍ਹੇ ਆਸਮਾਨ ਹੇਠਾਂ ਹੀ ਰਾਗੀ ਜੱਥਿਆਂ ਨੇ ਆਪਣਾ ਸਥਾਨ ਬਣਾਇਆ ਹੋਇਆ ਹੈ। ਕਾਫ਼ੀ ਗਿਣਤੀ 'ਚ ਸਿੱਖ ਸੰਗਤ ਉੱਥੇ ਮੌਜੂਦ ਵੀ ਰਹਿੰਦੀ ਹੈ। ਟਿਕਰੀ ਬਾਰਡਰ ’ਤੇ ਬੈਠੇ ਕਿਸਾਨ ਪੂਰੀ ਤਰ੍ਹਾਂ ਨਾਲ ਹਾਈਟੈਕ ਹੋ ਗਏ ਹਨ। ਲੁਧਿਆਣਾ ਦੇ ਜਗਰਾਓਂ ਵਾਸੀ ਸਰਪੰਚ ਮਲਕੀਤ ਸਿੰਘ ਨੇ ਟੈਂਟ 'ਚ ਹੀ ਟੈਲੀਵਿਜ਼ਨ ਲਾ ਲਿਆ ਹੈ। ਇੱਥੇ ਸਵੇਰੇ ਤੋਂ ਲੈ ਕੇ ਰਾਤ ਤੱਕ ਸਾਰੇ ਕਿਸਾਨ ਬੈਠ ਕੇ ਅੰਦੋਲਨ ਦੇ ਨਾਲ-ਨਾਲ ਦੇਸ਼-ਦੁਨੀਆਂ ਦੀਆਂ ਖਬਰਾਂ ਨਾਲ ਰੂ-ਬ-ਰੂ ਹੁੰਦੇ ਹਨ। ਉਹ ਕਹਿੰਦੇ ਹਨ ਕਿ ਟੀ. ਵੀ. ਨਾ ਹੋਣ ਨਾਲ ਖ਼ਬਰਾਂ ਦਾ ਪਤਾ ਨਹੀਂ ਚੱਲ ਪਾ ਰਿਹਾ ਸੀ। ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੇ ਜੁਗਾੜ ਕਰ ਕੇ ਟੀ. ਵੀ. ਲਾਇਆ ਹੈ। ਉਨ੍ਹਾਂ ਦੇ ਖੇਤਰ ਦੇ ਸੈਂਕੜਿਆਂ ਪਿੰਡਾਂ ਦੇ ਸਰਪੰਚ ਇੱਥੇ ਧਰਨੇ ’ਤੇ ਆਏ ਹਨ ਅਤੇ ਸਾਰਿਆਂ ਦਾ ਸਮਰਥਨ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਸੁਖਬੀਰ ਦਾ ਵਿਰੋਧ ਕਰਨ 'ਤੇ ਅਕਾਲੀ ਸਮਰਥਕਾਂ ਤੇ ਕਿਸਾਨਾਂ ਵਿਚਕਾਰ ਹੱਥੋਪਾਈ, ਉਤਰੀਆਂ ਪੱਗਾਂ

PunjabKesari
ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਦੁੱਧ, ਲੱਕੜੀ ਅਤੇ ਸਬਜ਼ੀ ਦੀ ਸਪਲਾਈ
ਟਿੱਕਰੀ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਕੋਲ ਬਿਨਾਂ ਆਰਡਰ ਹੀ ਸਵੇਰੇ 6 ਵਜੇ ਤੋਂ ਦੁੱਧ, ਲੱਕੜੀ ਅਤੇ ਸਬਜ਼ੀ ਦੀ ਸਪਲਾਈ ਸ਼ੁਰੂ ਹੋ ਜਾਂਦੀ ਹੈ। ਪਟਿਆਲਾ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਕਿਸਾਨ ਭਰਾਵਾਂ ਵਲੋਂ ਸਵੇਰੇ 6 ਵਜੇ ਹੀ ਦੁੱਧ ਦਾ ਟੈਂਕਰ ਆ ਜਾਂਦਾ ਹੈ। ਟੈਂਕਰ ਨਾਲ ਸਾਰਿਆਂ ਨੂੰ ਲੋੜ ਅਨੁਸਾਰ ਦੁੱਧ ਮੁਫ਼ਤ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਲੱਕੜੀ ਦੀਆਂ ਟਰਾਲੀਆਂ ਵੀ ਲੱਕੜੀਆਂ ਸੁੱਟਦੀਆਂ ਅੱਗੇ ਵਧਦੀਆਂ ਰਹਿੰਦੀਆਂ ਹਨ। ਸਬਜ਼ੀ ਦੀ ਸਪਲਾਈ ਵੀ ਸਵੇਰੇ 9 ਵਜੇ ਤੱਕ ਆ ਜਾਂਦੀ ਹੈ।

PunjabKesari
ਸਰਕਾਰ ਨੂੰ ਜਗਾਉਣ ਲਈ ਨਿਕਲਦਾ ਹੈ 'ਮੋਮਬੱਤੀ ਮਾਰਚ’
ਸੂਰਜ ਛਿੱਪਣ ਤੋਂ ਬਾਅਦ ਮੋਮਬੱਤੀ ਮਾਰਚ ਦੀ ਰੌਸ਼ਨੀ ਨਵੀਂ ਕਹਾਣੀ ਬਿਆਨ ਕਰਦੀ ਹੈ। ਬਾਰਡਰ ’ਤੇ ਦਰਜਨਾਂ ਕਿਸਾਨਾਂ ਦੀ ਟੀਮ ਹੱਥਾਂ 'ਚ ਮੋਮਬੱਤੀਆਂ ਲੈ ਕੇ ਕਿਸਾਨਾਂ 'ਚ ਉਤਸ਼ਾਹ ਭਰਦੀ ਹੈ। ਪੰਜਾਬ ਦੇ ਮਾਨਸਾ ਵਾਸੀ ਰੁਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਸਾਥੀ ਰੋਜ਼ਾਨਾ ਮੋਮਬੱਤੀ ਮਾਰਚ ਕੱਢ ਰਹੇ ਹਨ। ਉਹ ਕਹਿੰਦੇ ਹਨ ਕਿ ਸਰਕਾਰ ਨੂੰ ਜਗਾਉਣ ਲਈ ਇਹ ਬਿਹਤਰ ਮਾਧਿਅਮ ਹੈ।
ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਪਰਿਵਾਰਾਂ 'ਚ ਵਧੀ ਚਿੰਤਾ
ਕਿਸਾਨ ਅੰਦੋਲਨ 'ਚ ਬੈਠੇ ਬਜ਼ੁਰਗ ਕਿਸਾਨਾਂ ਦੀ ਸਿਹਤ ਨੂੰ ਲੈ ਕੇ ਪਰਿਵਾਰਾਂ 'ਚ ਕਾਫੀ ਚਿੰਤਾ ਹੈ। ਕੜਾਕੇ ਦੀ ਠੰਡ 'ਚ ਟੈਂਟ ਅਤੇ ਟਰਾਲੀਆਂ 'ਚ ਸੌਂ ਰਹੇ ਕਈ ਬਜ਼ੁਰਗਾਂ ਦੀ ਸਿਹਤ ਵੀ ਖ਼ਰਾਬ ਹੋ ਚੁੱਕੀ ਹੈ। ਬਜ਼ੁਰਗਾਂ ਦੇ ਵਾਰਸ ਉਨ੍ਹਾਂ ਨੂੰ ਹੁਣ ਵਾਪਸ ਘਰ ਲਿਜਾਣਾ ਚਾਹੁੰਦੇ ਹਨ। ਪੰਜਾਬ ਦੇ ਮਾਨਸਾ ਵਾਸੀ ਦਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਪਿਛਲੇ 20 ਦਿਨਾਂ ਤੋਂ ਅੰਦੋਲਨ 'ਚਆਏ ਹਨ ਪਰ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਇਸੇ ਤਰ੍ਹਾਂ ਫਤਿਹਾਬਾਦ ਤੋਂ ਗੁਰਵਿੰਦਰ ਵੀ ਆਪਣੇ ਬਜ਼ੁਰਗ ਪਿਤਾ ਦੀ ਸਿਹਤ ਨੂੰ ਲੈ ਕੇ ਚਿੰਤਾ 'ਚ ਹਨ। ਉੱਥੇ ਹੀ ਬਜੁਰਗਾਂ ਦਾ ਕਹਿਣਾ ਹੈ ਕਿ ਉਹ ਕਿਲਾ ਫਤਹਿ ਕਰ ਕੇ ਹੀ ਘਰ ਵਾਪਸ ਜਾਣਗੇ।
ਨੋਟ : ਕੜਾਕੇ ਦੀ ਠੰਡ ਦੌਰਾਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਦਿਓ ਰਾਏ


author

Babita

Content Editor

Related News