ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ ਲਈ ਸਿੰਘੂ ਬਾਰਡਰ ''ਤੇ ਡਟੇ ਪਟਿਆਲਾ ਜ਼ਿਲ੍ਹੇ ਦੇ ਕਿਸਾਨ
Thursday, Dec 03, 2020 - 04:16 PM (IST)
ਭਾਦਸੋਂ (ਅਵਤਾਰ) : ਮੋਦੀ ਸਰਕਾਰ ਦੇ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸਮੁੱਚੇ ਦੇਸ਼ ਵਾਸੀਆਂ ਵੱਲੋਂ ਉਲੀਕੇ ਸੰਘਰਸ਼ 'ਚ ਪਟਿਆਲਾ ਜ਼ਿਲ੍ਹੇ ਦੇ ਕਿਸਾਨ ਅੱਜ ਲਗਾਤਾਰ ਸੱਤਵੇਂ ਦਿਨ ਵੀ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ। ਆਲ ਇੰਡੀਆ ਸਾਂਝਾ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਦੀ ਹਕੂਮਤ ਵਲੋਂ ਲਿਆਂਦੇ ਲੋਕ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਲੱਗੇ ਪੱਕੇ ਮੋਰਚੇ 'ਚ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।
ਦਿੱਲੀ ਦੇ ਸਿੰਘੂ ਬਾਰਡਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਸਾਨ ਯੂਨੀਅਨ ਏਕਤਾ (ਡਕੋਂਦਾ) ਦੇ ਜ਼ਿਲ੍ਹਾ ਸਕੱਤਰ ਜਗਮੇਲ ਸਿੰਘ ਸੁੱਧੇਵਾਲ ਨੇ ਦੱਸਿਆ ਕਿ ਇਤਿਹਾਸ ਗਵਾਹ ਹੈ ਕਿ ਦੇਸ਼ ਦੇ ਅੰਨਦਾਤੇ ਨੂੰ ਹਮੇਸ਼ਾ ਹੀ ਆਪਣੇ ਹੱਕ ਲੈਣ ਲਈ ਸੜਕਾਂ ’ਤੇ ਉਤਰਨਾ ਪਿਆ ਹੈ। ਹੁਣ ਵੀ ਉਹ ਆਪਣਾ ਘਰ ਪਰਿਵਾਰ ਛੱਡ ਕੇ ਸੜਕਾਂ ’ਤੇ ਰੁਲਣ ਲਈ ਮਜਬੂਰ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਘਰਾਂ ਤੋਂ ਹੀ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਾਂ, ਜਦੋਂ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਦੇ, ਅਸੀਂ ਇਸੇ ਤਰ੍ਹਾਂ ਆਪਣੀ ਲੜਾਈ ਅੱਗੇ ਵੀ ਜਾਰੀ ਰੱਖਾਂਗੇ।