ਘੁਮਿਆਰਾ ਪਿੰਡ ਦਾ ਕਿਸਾਨ ਮਲਕੀਤ ਸਿੰਘ ਬਣਿਆ ਵਾਤਾਵਰਨ ਦਾ ਰਾਖਾ, ਹੋਰਨਾਂ ਲਈ ਵੀ ਕਾਇਮ ਕੀਤੀ ਮਿਸਾਲ
Tuesday, Nov 14, 2017 - 11:37 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਕਿਸਾਨਾਂ ਨੂੰ ਵਾਤਾਵਰਨ ਦੇ ਰਾਖੇ ਹੋਣ ਦਾ ਮਾਣ ਹਾਸਲ ਹੈ, ਜੋ ਹੋਰ ਕਿਸਾਨਾਂ ਲਈ ਮਿਸਾਲ ਬਣੇ ਹੋਏ ਹਨ। ਇੰਨ੍ਹਾਂ ਕਿਸਾਨਾਂ ਨੇ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ ਸਗੋਂ ਬਦਲਵੇਂ ਤਰੀਕਿਆਂ ਨਾਲ ਪਰਾਲੀ ਦਾ ਨਿਪਟਾਰਾ ਕਰਕੇ ਕੁਦਰਤ ਪ੍ਰਤੀ ਆਪਣੇ ਫਰਜਾਂ ਨੂੰ ਨਿਭਾਇਆ ਹੈ। ਸਮਾਜ ਅਜਿਹੇ ਵਾਤਾਵਰਨ ਦੇ ਰਾਖਿਆ ਨੂੰ ਸਲਾਮ ਕਰਦਾ ਹੈ। ਅਜਿਹਾ ਹੀ ਇਕ ਕਿਸਾਨ ਹੈ ਪਿੰਡ ਘੁਮਿਆਰਾ ਦਾ ਮਲਕੀਤ ਸਿੰਘ ਪੁੱਤਰ ਨੱਥਾ ਸਿੰਘ, ਜਿਸ ਪਾਸ ਕੁੱਲ 21 ਏਕੜ ਜ਼ਮੀਨ ਹੈ ਅਤੇ ਇਸ 'ਚੋਂ ਇਹ ਸਾਲ 16 ਏਕੜ ਜ਼ਮੀਨ 'ਚ ਝੋਨੇ ਦੀ ਫਸਲ ਦੀ ਬਿਜਾਈ ਕਰਦਾ ਹੈ।
ਆਪਣੇ ਕੁਦਰਤ ਨਾਲ ਪ੍ਰੇਮ ਦੀ ਕਹਾਣੀ ਦੱਸਦਿਆਂ ਮਲਕੀਤ ਸਿੰਘ ਨੇ ਦੱਸਿਆ, ''ਮੈਂ ਪਿਛਲੇ ਸਾਲ 2 ਏਕੜ ਰਕਬੇ 'ਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ। ਸਗੋਂ ਇਸ ਨੂੰ ਰੋਟਾਵੇਟਰ ਨਾਲ ਜ਼ਮੀਨ 'ਚ ਹੀ ਵਾਹ ਕੇ ਕਣਕ ਦੀ ਬਿਜਾਈ ਕੀਤੀ। ਜਿਸ ਨਾਲ ਮੈਨੂੰ ਕਾਫੀ ਲਾਭ ਹੋਇਆ ਕਿਉਂਕਿ ਇਸ ਖੇਤ ਨੂੰ ਵੀ ਬਾਕੀ ਖੇਤ ਦੇ ਬਰਾਬਰ ਹੀ ਖਾਦਾਂ ਦੀ ਵਰਤੋਂ ਕੀਤੀ ਪਰ ਇਸਦਾ ਝਾੜ ਵੱਧ ਰਿਹਾ''। ਉਹ ਅੱਗੇ ਆਖਦਾ ਹੈ, ''ਮੈਂ ਪਿਛਲੇ ਸਮੇਂ ਤੋਂ ਖੇਤੀਬਾੜੀ ਵਿਭਾਗ ਨਾਲ ਜੁੜਿਆਂ ਹੋਇਆਂ ਹਾਂ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖੇਤੀ ਕਰਦਾ ਹਾਂ। ਇਸ ਸਾਲ ਮੇਰੇ ਪਾਸ 16 ਏਕੜ ਰਕਬੇ 'ਚ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਸੀ, ਜਿਸਨੂੰ ਵਾਹ ਕੇ ਮੈਂ ਕਣਕ ਦੀ ਬਿਜਾਈ ਕਰਨੀ ਹੈ। ਮੈਂ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਮਨ ਬਣਾਇਆ ਹੈ। ਮੈਂ ਆਪਣਾ ਖੇਤ ਦੋ ਵਾਰ ਤਵੀਆਂ ਨਾਲ ਵਾਹ ਚੁੱਕਾ ਹਾਂ ਅਤੇ ਵੱਤਰ ਆਉਣ 'ਤੇ ਕਣਕ ਦੀ ਬਿਜਾਈ ਕਰਾਂਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਸਾਲ ਮੇਰੀ ਫਸਲ ਦੀ ਪੈਦਾਵਾਰ ਵੱਧ ਹੋਵੇਗੀ।''
ਮਲਕੀਤ ਸਿੰਘ ਨੇ ਕਿਸਾਨਾਂ ਨੂੰ ਅਪੀਕ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਨੂੰ ਸਾੜਨਾਂ ਨਹੀਂ ਚਾਹੀਦਾ ਹੈ, ਸਗੋਂ ਇਸ ਨੂੰ ਜ਼ਮੀਨ 'ਚ ਹੀ ਰੋਟਾਵੇਟਰ/ਹੈਪੀਸੀਡਰ ਨਾਲ ਵਾਹ ਕੇ ਕਣਕ ਦੀ ਬਿਜਾਈ ਕਰਨ ਕਿਉਂਕਿ ਅਜਿਹਾ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਜ਼ਮੀਨ ਵਿਚਲੇ ਜਰੂਰੀ ਤੱਤ (ਜਿਵੇਂ ਕਿ - ਨਾਈਟ੍ਰੋਜਨ, ਪੋਟਾਸ਼ ਫਾਰਫੋਰਸ ਅਤੇ ਸਲਫਰ ਆਦਿ) ਨਸ਼ਟ ਨਹੀਂ ਹੁੰਦੇ। ਇਸ ਤੋਂ ਇਲਾਵਾ ਫਸਲਾਂ ਦੇ ਮਿੱਤਰ ਕੀੜਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ ਅਤੇ ਫਸਲਾਂ ਦੀ ਪੈਦਾਵਾਰ ਵੀ ਵੱਧ ਹੁੰਦੀ ਹੈ। ਉਸ ਵੱਲੋਂ ਕੀਤੀ ਪਹਿਲ ਨਾਲ ਹੁਣ ਹੋਰ ਕਿਸਾਨ ਵੀ ਉਸ ਤੋਂ ਇਸ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਹਨ।