ਕਿਸਾਨਾਂ ''ਤੇ ਦੋਹਰੀ ਮਾਰ ਮੀਂਹ ਨੇ ਮਿਹਨਤ ''ਤੇ ਫੇਰਿਆ ''ਪਾਣੀ''
Thursday, Apr 12, 2018 - 02:20 AM (IST)

ਬਠਿੰਡਾ(ਪਰਮਿੰਦਰ)-ਮੌਸਮ ਦੇ ਵਿਗੜੇ ਹਾਲਾਤ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪਿਆ। ਜਿਥੇ ਖੇਤਾਂ ਵਿਚ ਖੜ੍ਹੀ ਕਣਕ ਦੀ ਪੱਕੀ ਫਸਲ ਨੂੰ ਮੀਂਹ ਤੇ ਤੇਜ਼ ਹਵਾਵਾਂ ਨੇ ਨੁਕਸਾਨ ਪਹੁੰਚਾਇਆ, ਉਥੇ ਹੀ ਮੰਡੀਆਂ ਵਿਚ ਆਈ ਕਣਕ ਵੀ ਮੀਂਹ ਤੋਂ ਨਹੀਂ ਬਚ ਸਕੀ। ਦੋਵਾਂ ਥਾਵਾਂ 'ਤੇ ਕਿਸਾਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਤੋਂ ਸ਼ੁਰੂ ਹੋਇਆ ਮੀਂਹ ਬੁੱਧਵਾਰ ਸਵੇਰੇ ਤੱਕ ਪੈਂਦਾ ਰਿਹਾ। ਮੌਸਮ ਵਿਭਾਗ ਵੱਲੋਂ ਬਠਿੰਡਾ 'ਚ 7.2 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਹੈ। ਮੀਂਹ ਕਾਰਨ ਤਾਪਮਾਨ ਵੀ ਕਰੀਬ 3 ਡਿਗਰੀ ਤੱਕ ਤੋਂ ਹੇਠਾ ਚਲਾ ਗਿਆ। ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਸੀ ਜੋ ਬਾਰਿਸ਼ ਤੋਂ ਬਾਅਦ ਘਟ ਕੇ 31 ਡਿਗਰੀ 'ਤੇ ਆ ਗਿਆ। ਬੁੱਧਵਾਰ ਸਵੇਰੇ ਪਏ ਮੀਂਹ ਨੇ ਕਈ ਜਗ੍ਹਾ 'ਤੇ ਕਣਕ ਦੀ ਪੱਕੀ ਫਸਲ ਨੂੰ ਨੁਕਸਾਨ ਪਹੁੰਚਾਇਆ। ਖੇਤੀ ਮਾਹਰਾਂ ਅਨੁਸਾਰ ਜਿਨ੍ਹਾਂ ਇਲਾਕਿਆਂ ਵਿਚ ਜ਼ਿਆਦਾ ਬਾਰਿਸ਼ ਜਾਂ ਬਰਫਬਾਰੀ ਹੋਈ ਹੈ, ਉਥੇ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਮੀਂਹ ਕਾਰਨ ਕਣਕ ਵਿਚ ਨਮੀ ਦੀ ਮਾਤਰਾ ਵੱਧ ਸਕਦੀ ਹੈ, ਜਿਸ ਨਾਲ ਉਸਦੀ ਕੁਆਲਿਟੀ 'ਤੇ ਵੀ ਅਸਰ ਪੈ ਸਕਦਾ ਹੈ। ਅਜਿਹੇ ਵਿਚ ਕਣਕ ਦਾ ਉਚਿਤ ਮੁੱਲ ਨਹੀਂ ਮਿਲਦਾ, ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ।