ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ, ਸਮੋਗ ਤੋਂ ਮਿਲੀ ਲੋਕਾਂ ਨੂੰ ਰਾਹਤ

Thursday, Nov 16, 2017 - 06:48 AM (IST)

ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ, ਸਮੋਗ ਤੋਂ ਮਿਲੀ ਲੋਕਾਂ ਨੂੰ ਰਾਹਤ

ਅਨਾਜ ਮੰਡੀਆਂ ਦਾ ਕੰਮ ਰੁਕਿਆ, ਬੋਰੀਆਂ 'ਚ ਪਿਆ ਝੋਨਾ ਖਤਰੇ 'ਚ
ਸੰਦੌੜ(ਰਿਖੀ)- ਪਿਛਲੇ ਕਈ ਦਿਨਾਂ ਤੋਂ ਸਮੋਗ ਦੇ ਨਾਲ ਲੋਕਾਂ ਦਾ ਜਿਊਣਾ ਔਖਾ ਹੋਇਆ ਪਿਆ ਸੀ ਅਤੇ ਦੇਰ ਰਾਤ ਤੋਂ ਹੀ ਹੋ ਰਹੀ ਬਾਰਿਸ਼ ਨੇ ਸਮੋਗ ਨੂੰ ਪੂਰੀ ਖਤਮ ਕਰ ਦਿੱਤਾ ਹੈ, ਜਿਸ ਨਾਲ ਇਸ ਧੂੰਏਂ ਦੇ ਸਤਾਏ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਝੋਨੇ ਦਾ ਸੀਜ਼ਨ ਵੀ ਅਜੇ ਵਿਚਕਾਰ ਹੀ ਸੀ ਜਿਸ ਨੂੰ ਬਾਰਿਸ਼ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੰਡੀਆਂ 'ਚ ਅਜੇ ਝੋਨਾ ਭਰਿਆ ਪਿਆ ਹੈ ਜੋ ਪਹਿਲਾਂ ਹੀ ਨਮੀ ਦੇ ਚੱਕਰ ਵਿਚ ਹੈ ਅਤੇ ਕਈ ਥਾਂ ਕਿਸਾਨ ਜਾਂ ਆੜ੍ਹਤੀਏ ਸ਼ੈਲਰ ਮਾਲਕਾਂ ਵੱਲੋਂ ਨਮੀ ਦੀ ਗੱਲ ਕਰ ਕੇ ਝੋਨਾ ਸਹੀ ਨਾ ਚੁੱਕਣ 'ਤੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ। ਅਜਿਹੇ ਵਿਚ ਬਾਰਿਸ਼ ਨਾਲ ਜੀਰੀ ਦੀ ਵਧੀ ਸਿੱਲ੍ਹ ਕਿਸਾਨਾਂ ਜਾਂ ਆੜ੍ਹਤੀਆਂ ਦੇ ਗਲੇ ਦੀ ਹੱਡੀ ਬਣ ਸਕਦੀ ਹੈ। ਇਸ ਦੇ ਨਾਲ ਹੀ ਜਿਹੜੇ ਕਿਸਾਨ ਝੋਨਾ ਵੇਚ ਕੇ ਮੰਡੀਆਂ ਵਿਚੋਂ ਵਿਹਲੇ ਹੋ ਗਏ ਸਨ ਉਨ੍ਹਾਂ ਨੇ ਕਣਕ ਦੀ ਬੀਜਾਈ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਕਣਕ ਦੀ ਬੀਜਾਈ ਵੀ ਪ੍ਰਭਾਵਿਤ ਹੋ ਗਈ ਹੈ ਤੇ ਜਿਨ੍ਹਾਂ ਕਿਸਾਨਾਂ ਨੇ ਲੰਘੇ ਦਿਨ ਕਣਕ ਬੀਜੀ ਸੀ ਉਨ੍ਹਾਂ ਦਾ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ।


Related News