ਪਾਕਿਸਤਾਨ ਵੱਲੋਂ ਛੱਡਿਆ ਪਾਣੀ , ਸਰਹੱਦੀ ਕਿਸਾਨਾਂ ਦੀਆਂ ਫਸਲਾਂ ਹੋਈਆਂ ਖ਼ਰਾਬ

Saturday, Nov 11, 2017 - 12:57 AM (IST)

ਫਾਜ਼ਿਲਕਾ(ਲੀਲਾਧਰ, ਨਾਗਪਾਲ)—ਭਾਰਤ-ਪਾਕਿਸਤਾਨ ਸਰਹੱਦ ਦੇ ਪਾਰ ਪਾਕਿਸਤਾਨ ਵੱਲੋਂ ਸਤਲੁਜ ਦਰਿਆ 'ਤੇ ਬੰਨ੍ਹ ਲਾਉਣ ਨਾਲ ਉਸ ਪਾਸੇ ਦਾ ਪਾਣੀ ਭਾਰਤੀ ਸਰਹੱਦ ਵਿਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਸਰਹੱਦੀ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ। ਅੰਤਰਰਾਸ਼ਟਰੀ ਸਾਦਕੀ ਸਰਹੱਦ ਦੇ ਆਲੇ-ਦੁਆਲੇ ਪਾਕਿਸਤਾਨ ਵੱਲੋਂ ਬੀਤੇ ਮਹੀਨੇ ਆਏ ਪਾਣੀ ਨਾਲ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ। ਸਰਹੱਦੀ ਪਿੰਡ ਪੱਕਾ ਚਿਸ਼ਤੀ ਦੇ ਕਿਸਾਨ ਇਕਬਾਲ ਸਿੰਘ ਅਤੇ ਬਲਬੀਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਆਏ ਪਾਣੀ ਨਾਲ ਜ਼ਮੀਨ ਖਰਾਬ ਹੋ ਜਾਣ ਕਾਰਨ ਉਨ੍ਹਾਂ ਦੀਆਂ ਕੀਮਤੀ ਫਸਲਾਂ ਖਰਾਬ ਹੋ ਗਈਆਂ। ਕੁਝ ਬਚੀਆਂ ਫਸਲਾਂ ਨੂੰ ਮਸ਼ੀਨਾਂ ਨਾਲ ਵੀ ਨਹੀਂ ਕੱਟਿਆ ਜਾਂਦਾ। ਇਸ ਲਈ ਉਨ੍ਹਾਂ ਨੂੰ ਮਜਬੂਰ ਹੋ ਕੇ ਹੱਥਾਂ ਨਾਲ ਹੀ ਕੱਟਣੀਆਂ ਪੈ ਰਹੀਆਂ ਹਨ, ਜਿਸ ਨਾਲ ਕਟਾਈ ਦਾ ਕੰਮ ਲੇਟ ਹੁੰਦਾ ਹੈ। ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਬੁਲਾਰੇ ਰਮੇਸ਼ ਵਢੇਰਾ ਨੇ ਦੱਸਿਆ ਕਿ ਫਸਲ ਝੋਨੇ ਦੀ ਹੋਵੇ ਜਾਂ ਕਣਕ ਦੀ, ਜਦੋਂ ਫਸਲ ਪੱਕਣ ਵਾਲੀ ਹੁੰਦੀ ਹੈ ਤਾਂ ਪਾਕਿਸਤਾਨ ਵੱਲੋਂ ਪਾਣੀ ਆ ਜਾਂਦਾ ਹੈ। ਪਾਕਿਸਤਾਨ ਦੀ ਸਰਹੱਦ ਵਿਚ ਤਾਂ ਫਸਲ ਘੱਟ ਹੁੰਦੀ ਹੈ, ਉਨ੍ਹਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਥੋਂ ਦੇ ਕਿਸਾਨਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਜਾਂਦਾ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ। ਖਰਾਬ ਫਸਲ ਦਾ ਮੁਆਵਜ਼ਾ ਸਰਕਾਰ ਜਲਦ ਜਾਰੀ ਕਰੇ। ਉਧਰ ਖੇਤੀਬਾੜੀ ਅਧਿਕਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਸਰਹੱਦੀ ਪਿੰਡ ਪੱਕਾ ਚਿਸ਼ਤੀ ਦੀ ਸਰਹੱਦ ਨਾਲ ਲੱਗਦੀ 300 ਏਕੜ ਜ਼ਮੀਨ ਸੇਮਗ੍ਰਸਤ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਉਹ ਰਿਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜਣਗੇ, ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ। 


Related News