ਅੰਦੋਲਨ ਦੇ ਰਾਹ ਪਏ ਕਿਸਾਨਾਂ ਦੇ ਹੱਕ ’ਚ ਕੇਂਦਰ ਖ਼ਿਲਾਫ ਖੁੱਲ੍ਹ ਕੇ ਬੋਲੇ ਰਵਨੀਤ ਬਿੱਟੂ
Tuesday, Feb 13, 2024 - 07:04 PM (IST)
ਮਾਨਸਾ (ਸੰਦੀਪ ਮਿੱਤਲ) : ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੋਂ ਐੱਮ.ਐੱਸ.ਪੀ ਅਤੇ ਹੋਰ ਗਾਰੰਟੀਆਂ ਦੀ ਮੰਗ ਨੂੰ ਲੈ ਕੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰਾਹ ਵਿਚ ਬੈਰੀਗੇਡ, ਕੰਡਿਆਂ ਵਾਲੀਆਂ ਤਾਰਾਂ ਅਤੇ ਸੜਕਾਂ ’ਤੇ ਕੰਧਾਂ ਗੱਢ ਕੇ ਰੋਕਣ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸੜਕਾਂ ’ਤੇ ਕੰਧਾਂ ਗੱਢ ਕੇ ਇਕ ਨਵਾਂ ਪਾਕਿਸਤਾਨ ਉਸਾਰਿਆ ਜਾ ਰਿਹਾ ਹੈ ਜਿਸ ਵਿਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਹੁਣ ਆਪਣੀ ਮੰਗ ਲਈ ਆਵਾਜ਼ ਨਹੀਂ ਉਠਾ ਸਕਦਾ। ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿਚ ਦੇਸ਼ ਨੂੰ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਦੱਸਦੇ ਹਨ ਪਰ ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਰੋਕਣ ਲਈ ਵਰਤੇ ਗਏ ਵਸੀਲਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿਚ ਲੋਕਤੰਤਰ ਖਤਰੇ ਵਿਚ ਪੈ ਗਿਆ ਹੈ। ਬਿੱਟੂ ਨੇ ਕਿਹਾ ਕਿ ਕੇਂਦਰ ਕੋਲ ਵਾਧੂ ਪੈਸਾ ਹੈ। ਉਹ ਚਾਹੇ ਤਾਂ ਦਿੱਲੀ ਅੰਦੋਲਨ ਵਿਖੇ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਸਾਰੀਆਂ ਫਸਲਾਂ ’ਤੇ ਐੱਮ.ਐੱਸ.ਪੀ ਅਤੇ ਕਿਸਾਨਾਂ ਤੇ ਕਰਜ਼ੇ ’ਤੇ ਲੀਕ ਮਾਰ ਸਕਦੀ ਹੈ ਪਰ ਅਸਲ ਵਿਚ ਸਰਕਾਰ ਇਹ ਚਾਹੁੰਦੀ ਨਹੀਂ।
ਇਹ ਵੀ ਪੜ੍ਹੋ : ਚੋਣ ਡਿਊਟੀ ’ਤੇ ਲੱਗੇ ਅਧਿਆਪਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਝਟਕਾ
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਅੰਨਦਾਤੇ ਵੱਲੋਂ ਅੰਦੋਲਨ ਦੇ ਰਾਹ ਪੈਣ ’ਤੇ ਸਾਰੀਆਂ ਪਾਰਟੀਆਂ ਕੇਂਦਰ ਸਰਕਾਰ ਦੇ ਰਵੱਈਏ ਦੀ ਨਿੰਦਿਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਲੁਧਿਆਣਾ ਪਾਸੋਂ ਕਿਸਾਨ ਟਰੈਕਟਰਾਂ ਦੇ ਵੱਡੇ ਕਾਫਲੇ ਲੈ ਕੇ ਨਿਕਲੇ ਹਨ। ਐੱਮ.ਪੀ. ਬਿੱਟੂ ਦਾ ਕਹਿਣਾ ਹੈ ਕਿ ਬੇਸ਼ੱਕ ਅੰਨਦਾਤਾ ਕਿਸਾਨ ਅੰਦੋਲਨ ਦੇ ਰਾਹ ’ਤੇ ਤੁਰਿਆ ਹੈ। ਉਸ ਕੋਲ ਸਾਰੇ ਪੁਖਤਾ ਪ੍ਰਬੰਧ ਹਨ ਜਿਸ ਨਾਲ ਉਹ ਕੇਂਦਰ ਸਰਕਾਰ ਨਾਲ ਆਢਾ ਲਾ ਸਕੇ। ਉਨ੍ਹਾਂ ਕਿਹਾ ਕਿ ਫਿਰ ਵੀ ਕਿਸਾਨਾਂ ਨੂੰ ਜੇਕਰ ਜੇ. ਸੀ. ਬੀ, ਟਰੈਕਟਰ ਕਿਸੇ ਤਰ੍ਹਾਂ ਦੀ ਮਸ਼ੀਨਰੀ ਅਤੇ ਹੋਰ ਕਿਸੇ ਸਮਾਨ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਦੀ ਸੇਵਾ ਲਗਾਈ ਜਾਵੇ। ਉਹ ਇਸ ਅੰਦੋਲਨ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਾਮਿਲ ਹੋਣਾ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਨਾ ਆਪਣਾ ਫਰਜ਼ ਸਮਝਦੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਹਾਦਸਾ, ਸਕੂਲ ਵੈਨ ਦੀ ਭਿਆਨਕ ਟੱਕਰ, 5 ਸਾਲਾ ਬੱਚੇ ਦੀ ਮੌਤ
ਬਿੱਟੂ ਨੇ ਕਿਹਾ ਕਿ ਇਸ ਤਰ੍ਹਾਂ ਸੜਕਾਂ ਤੇ ਬੈਰੀਗੇਡ ਅਤੇ ਕੰਧਾਂ ਖਿੱਚ ਕੇ ਇਕ ਦੇਸ਼ ਨੂੰ ਵੰਡਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਵੀ ਮੋਦੀ ਨੂੰ ਖੁਸ਼ ਕਰਨ ਲਈ ਕਿਸਾਨਾਂ ਦੇ ਰਾਹ ਰੋਕਣ ਵਾਸਤੇ ਹਰ ਤਰ੍ਹਾਂ ਦੇ ਹੱਥ ਕੰਢੇ ਅਪਣਾ ਰਹੀ ਹੈ। ਜਿਸ ਦੀ ਉਹ ਘੋਰ ਨਿੰਦਿਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ-ਭੰਡਾਰ ਵਿੱਚ ਵੱਡਾ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਲਈ ਲੜ ਰਿਹਾ ਹੈ। ਉਸ ਦੀ ਮੰਗ ਸਿਰਫ ਪੰਜਾਬ ਤੱਕ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਾਂ ਫਿਰ ਵੀ ਕਈ ਫਸਲਾਂ ਤੇ ਐੱਮ.ਐੱਸ.ਪੀ ਹੈ ਪਰ ਦੂਜੇ ਸੂਬਿਆਂ ਵਿਚ ਨਹੀਂ। ਇਹ ਲੜਾਈ ਪੰਜਾਬ ਦਾ ਕਿਸਾਨ ਮੋਹਰੀ ਹੋ ਕੇ ਲੜ ਰਿਹਾ ਹੈ ਜਿਸ ਦੇ ਹੱਕ ਵਿਚ ਪੂਰੇ ਦੇਸ਼ ਨੂੰ ਖੜ੍ਹਣਾ ਚਾਹੀਦਾ ਹੈ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਵਿਖੇ ਹੋਏ ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਵਾਅਦੇ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹੁਣ ਤੋਂ ਇਸ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਸਰਕਾਰ ਦੱਸੇ ਕੇ ਉਸ ਨੇ ਅੰਨਦਾਤਾ ਲਈ ਕੀ ਕੀਤਾ?
ਇਹ ਵੀ ਪੜ੍ਹੋ : ਚਾਵਾਂ ਨਾਲ ਪਾਲ਼ੀ ਧੀ ਦੀ ਸ਼ੱਕੀ ਹਾਲਤ ’ਚ ਮੌਤ, ਅਜਿਹੀ ਹਾਲਤ ’ਚ ਲਾਸ਼ ਦੇਖ ਉੱਡੇ ਸਭ ਦੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8