ਦਿਨ-ਦਿਹਾੜੇ ਲੁਟੇਰਿਆਂ ਨੇ ਕਿਸਾਨ ਆਗੂ ਦੇ ਸਿਰ ’ਚ ਲੋਹੇ ਦਾ ਕਾਪਾ ਮਾਰਕੇ ਨਗਦੀ ਅਤੇ ਮੋਬਾਇਲ ਲੁੱਟਿਆ

Tuesday, Feb 14, 2023 - 06:17 PM (IST)

ਕਿਸ਼ਨਪੁਰਾ ਕਲਾਂ (ਹੀਰੋ) : ਦਿਨੋਂ-ਦਿਨ ਵੱਧ ਰਹੀਆਂ ਲੁੱਟਾਂ-ਖੋਹਾਂ ਅਤੇ ਦਰਦਨਾਕ ਘਟਨਾਵਾਂ ਨੂੰ ਲੈ ਕੇ ਆਮ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਸਥਾਨਕ ਹਲਕੇ ਵਿਚ ਭਾਵੇਂ ਪਹਿਲਾਂ ਵੀ ਲੁਟੇਰਿਆਂ ਵੱਲੋਂ ਸ਼ਰੇਆਮ ਦਿਨ-ਦਿਹਾੜੇ ਲੁੱਟਣ ਕੁੱਟਣ ਅਤੇ ਜ਼ਖਮੀ ਕਰਨ ਦੀਆਂ ਵਾਰਦਾਤਾਂ ਵਧ ਰਹੀਆਂ ਸਨ, ਜਿਨ੍ਹਾਂ ਦੀਆਂ ਸਮੇਂ-ਸਮੇਂ ਸਿਰ ਪੁਲਸ ਸਟੇਸ਼ਨਾਂ ਵਿਚ ਦਰਖਾਸਤਾਂ ਵੀ ਦਰਜ ਹੋ ਚੁੱਕੀਆਂ ਹਨ। ਅਜਿਹੀ ਅੱਜ ਦੀ ਘਟਨਾ ਨੂੰ ਸੁਣ ਕੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਕਿਸ਼ਨਪੁਰਾ ਕਲਾਂ ਦਾ ਵਸਨੀਕ ਬਲਵੀਰ ਸਿੰਘ ਖੋਸਾ ਜੋ ਅੱਜ ਦੁਪਹਿਰ ਤਕਰੀਬਨ ਇਕ ਵਜੇ ਆਪਣੇ ਖੇਤ ਨੂੰ ਜਾ ਰਿਹਾ ਸੀ ਤਾਂ ਅੱਗਿਓਂ ਦੋ ਨੌਜਵਾਨ ਆਏ ਅਤੇ ਬਲਬੀਰ ਸਿੰਘ ਖੋਸਾ ਨੂੰ ਘੇਰਿਆ ਅਤੇ ਸਿਰ ਉੱਪਰ ਲੋਹੇ ਦੇ ਕਾਪੇ ਨਾਲ ਵਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਲੁਟੇਰੇ ਕੀਮਤੀ ਮੋਬਾਇਲ ਅਤੇ ਨਕਦੀ ਲੁੱਟ ਲੈ ਕੇ ਫਰਾਰ ਹੋ ਗਏ। 

ਤਕਰੀਬਨ ਉਸੇ ਹੀ ਟਾਈਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਲੜਕੇ ਜੋ ਆਪਣੇ ਪਿੰਡ ਫਤਿਹਪੁਰ ਨੂੰ ਜਾ ਰਹੇ ਸਨ, ਜਿਨ੍ਹਾਂ ਨੇ ਜ਼ਖਮੀ ਬਲਬੀਰ ਸਿੰਘ ਖੋਸਾ ਨੂੰ ਮੋਟਰ ਸਾਈਕਲ ਸਮੇਤ ਜ਼ਖਮੀ ਹਾਲਤ ਵਿਚ ਚੱਕ ਕੇ ਡਾਕਟਰ ਕੋਲ ਇਲਾਜ ਕਰਵਾਉਣ ਲਈ ਸਹਾਇਤਾ ਕੀਤੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਸ਼ਨਪੁਰਾ ਕਲਾਂ ਬਹੁਤ ਵੱਡਾ ਨਗਰ ਹੈ ਅਤੇ ਭਾਵੇਂ ਪਹਿਲਾਂ ਵੀ ਵਾਰਦਾਤਾਂ ਹੁੰਦੀਆਂ ਹਨ ਪਰ ਇਹ ਅੱਜ ਦੀ ਵਾਰਦਾਤ ਪਿੰਡ ਦੀ ਫਿਰਨੀ ਉੱਪਰ ਦੀ ਫਿਰਨੀ ਦੇ ਬਿਲਕੁਲ ਨੇੜੇ ਅਤੇ ਦਿਨ ਦਿਹਾੜੇ ਹੋਈ ਹੈ। ‘ਜਗ ਬਾਣੀ’ ਨੇ ਵੇਖਿਆ ਹੈ ਕਿ ਅੱਜ ਕਲ ਦੇ ਹਲਾਤਾਂ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਹੌਲ ਵੇਖਿਆ ਜਾ ਰਿਹਾ ਹੈ ਕਿ ਹੁਣ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਹਰ ਵਿਅਕਤੀ ਦਾ ਘਰੋਂ ਨਿਕਲਣਾ ਬਹੁਤ ਮੁਸ਼ਕਿਲ ਹੋ ਚੁੱਕਾ ਹੈ। ਪੁਲਸ ਸਟੇਸ਼ਨ ’ਤੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਨੇੜੇ-ਤੇੜੇ ਦੇ ਲੱਗੇ ਕੈਮਰਿਆਂ ਦੀ ਸਹਾਇਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News