ਕੁਰਕੀ ਦੇ ਹੁਕਮ ਭੇਜ ਕਿਸਾਨਾਂ ਦੀ ਪਿੱਠ ''ਚ ਛੁਰਾ ਮਾਰ ਰਹੇ ਕੈਪਟਨ : ਚੀਮਾ

10/01/2019 6:46:30 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਸੂਬੇ ਦੀਆਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਵੱਲੋਂ ਕਰਜ਼ਾਈ ਕਿਸਾਨਾਂ ਨੂੰ ਕਰਜ਼ਾ ਨਾ ਮੋੜੇ ਜਾਣ 'ਤੇ ਜ਼ਮੀਨ ਕੁਰਕ ਕਰਨ ਸੰਬੰਧੀ ਨੋਟਿਸ ਜਾਰੀ ਕੀਤੇ ਜਾਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 'ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ' ਵਰਗੇ ਝੂਠੇ ਅਤੇ ਗੁਮਰਾਹਕੁਨ ਨਾਅਰੇ ਦੇ ਕੇ ਸੱਤਾ ਹਾਸਿਲ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਇਕ ਵੀ ਵਾਅਦੇ 'ਤੇ ਪੂਰਾ ਨਹੀਂ ਉਤਰੇ। ਆੜ੍ਹਤੀਆਂ ਸਮੇਤ ਸਾਰੀਆਂ ਸਰਕਾਰੀ, ਸਹਿਕਾਰੀ ਅਤੇ ਪ੍ਰਾਈਵੇਟ ਬੈਂਕਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਕਰਜ਼ੇ ਤਾਂ ਕੀ ਮੁਆਫ਼ ਕਰਨੇ ਸਨ, ਉਲਟਾ ਕਿਸਾਨਾਂ ਨੂੰ ਜ਼ਮੀਨ ਕੁਰਕ ਕਰਨ ਦੇ ਲਗਾਤਾਰ ਨੋਟਿਸ ਭੇਜੇ ਜਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਸਰਦੂਲਗੜ੍ਹ, ਪ੍ਰਾਇਮਰੀ ਕੋ-ਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਲਿਮ. ਸਰਦੂਲਗੜ੍ਹ ਵੱਲੋਂ ਨੰਦਗੜ੍ਹ ਪਿੰਡ ਦੇ 14 ਕਿਸਾਨਾਂ ਨੂੰ ਪੰਜਾਬ ਸਟੇਟ ਐਗਰੀਕਲਚਰ ਡਿਵੈਲਪਮੈਂਟ ਬੈਂਕ ਐਕਟ 1957 ਦੀ ਧਾਰਾ 15-16 ਤਹਿਤ ਜ਼ਮੀਨ ਦੀ ਕੁਰਕੀ ਦੇ ਨੋਟਿਸ ਜਾਰੀ ਕੀਤੇ ਜਾਣਾ ਹੈ।

ਚੀਮਾ ਨੇ ਕਿਹਾ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਪਿਛਲੇ ਢਾਈ ਸਾਲਾਂ ਦੌਰਾਨ ਸੈਂਕੜੇ ਕਰਜ਼ਾਈ ਕਿਸਾਨਾਂ ਦੀ ਜ਼ਮੀਨ ਕੁਰਕ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰਕੇ ਪਹਿਲਾਂ ਹੀ ਭਾਰੀ ਮਾਨਸਿਕ ਤਣਾਅ 'ਚੋਂ ਚੱਲ ਰਹੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਕਰਜ਼ਾ ਵਾਪਸ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ, ਨਤੀਜੇ ਵਜੋਂ ਕਿਸਾਨ ਆਤਮ-ਹੱਤਿਆਵਾਂ ਦਾ ਰੁਝਾਨ ਹੋਰ ਤੇਜ਼ ਹੋਇਆ ਹੈ। ਜਿਸ ਲਈ ਸਿੱਧੇ ਤੌਰ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਖ਼ਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ।

ਪ੍ਰਿੰਸੀਪਲ ਬੁੱਧ ਰਾਮ ਨੇ ਨੰਦਗੜ੍ਹ ਦੇ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਕੋਲੋਂ ਲਗਾਈ ਗੁਹਾਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਬੈਂਕ ਪ੍ਰਬੰਧਕ ਨੋਟਿਸ ਜਾਰੀ ਕਰਕੇ ਸੰਬੰਧਤ ਕਿਸਾਨਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ ਅਤੇ ਸਰਕਾਰੇ-ਦਰਬਾਰੇ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਇਨ੍ਹਾਂ ਕਿਸਾਨਾਂ 'ਚ ਸੁਖਦੇਵ ਸਿੰਘ, ਰਣਜੀਤ ਸਿੰਘ, ਸਵਰਗੀ ਗੁਰਬਚਨ ਸਿੰਘ, ਸਵਰਗੀ ਚਾਨਣ ਰਾਮ, ਮਹਾਂ ਸਿੰਘ, ਸ਼ੇਰ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਨਛੱਤਰ ਸਿੰਘ, ਸਵਰਗੀ ਹਰਨੇਕ ਸਿੰਘ, ਸਵਰਗੀ ਭਜਨ ਸਿੰਘ, ਜੱਗਾ ਸਿੰਘ, ਅਮਰਨਾਥ ਸਿੰਘ ਅਤੇ ਬੰਤ ਸਿੰਘ ਦੇ ਨਾਮ ਸ਼ਾਮਲ ਹਨ। ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਸਹਿਕਾਰੀ ਬੈਂਕ ਵੱਲੋਂ ਜ਼ਮੀਨ ਕੁਰਕੀ ਲਈ ਲਗਾਤਾਰ ਬਣਾਏ ਜਾ ਰਹੇ ਦਬਾਅ ਕਾਰਨ ਇਹ ਕਿਸਾਨ ਅਤੇ ਇਨ੍ਹਾਂ ਦੇ ਵਾਰਿਸ ਪਰਿਵਾਰਕ ਮੈਂਬਰ ਭਾਰੀ ਸਦਮੇ 'ਚ ਹਨ। 'ਆਪ' ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਬੈਂਕਾਂ ਵੱਲੋਂ ਜ਼ਮੀਨ ਕੁਰਕੀ ਦੇ ਨੋਟਿਸ ਭੇਜੇ ਜਾਣ ਦੀ ਪ੍ਰਕਿਰਿਆ ਨਾ ਰੋਕੀ ਅਤੇ ਅਜਿਹੇ ਸਾਰੇ ਕਿਸਾਨਾਂ ਦੇ ਕਰਜ਼ੇ 'ਤੇ ਪੱਕੀ ਲੀਕ ਨਾ ਮਾਰੀ ਤਾਂ 'ਆਪ' ਵੱਲੋਂ ਆਗਾਮੀ ਵਿਧਾਨ ਸਭਾ ਸੈਸ਼ਨ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾਵੇਗਾ।


Gurminder Singh

Content Editor

Related News