ਕਰਜ਼ੇ ਤੋਂ ਤੰਗ ਆਏ ਕਿਸਾਨ ਨੇ ਮਾਰੀ ਨਹਿਰ ਵਿਚ ਛਾਲ, ਭਾਲ ਜਾਰੀ
Sunday, Jul 02, 2017 - 07:50 AM (IST)

ਗਿੱਦੜਬਾਹਾ (ਕੁਲਭੂਸ਼ਨ) - ਪਿੰਡ ਕੁਰਾਈਵਾਲਾ ਵਿਖੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਨਹਿਰ ਵਿਚ ਛਾਲ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੌਰ ਸਿੰਘ ਵਾਸੀ ਪਿੰਡ ਕੁਰਾਈਵਾਲਾ ਨੇ ਦੱਸਿਆ ਕਿ ਉਨ੍ਹਾਂ ਕੋਲ ਢਾਈ ਏਕੜ ਜ਼ਮੀਨ ਹੈ। ਉਹ ਆਪਣੇ ਪੁੱਤਰ ਕਰਮਦੀਪ ਸਿੰਘ (34) ਨਾਲ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਉਨ੍ਹਾਂ 45 ਹਜ਼ਾਰ ਰੁਪਏ ਦੇ ਹਿਸਾਬ ਨਾਲ ਜ਼ਮੀਨ ਠੇਕੇ 'ਤੇ ਲਈ ਸੀ ਪਰ ਫਸਲ ਨੇ ਲਾਗਤ ਮੁੱਲ ਵੀ ਨਹੀਂ ਮੋੜਿਆ, ਜਿਸ ਕਾਰਨ ਉਨ੍ਹਾਂ 'ਤੇ 2 ਲੱਖ ਰੁਪਏ ਬੈਂਕ ਦਾ ਕਰਜ਼ਾ ਅਤੇ 4 ਲੱਖ ਰੁਪਏ ਗੈਰ ਸਰਕਾਰੀ ਕਰਜ਼ਾ ਚੜ੍ਹ ਗਿਆ।
ਉਨ੍ਹਾਂ ਦੱਸਿਆ ਕਿ ਕਰਜ਼ੇ ਕਾਰਨ ਉਨ੍ਹਾਂ ਦਾ ਪੁੱਤਰ ਕਰਮਦੀਪ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਕਾਰਨ ਉਹ ਵੀਰਵਾਰ ਨੂੰ ਘਰੋਂ ਸ਼ਾਮ ਕਰੀਬ 7 ਵਜੇ ਖੇਤ ਵੱਲ ਜਾਣ ਦਾ ਕਹਿ ਕੇ ਚਲਾ ਗਿਆ ਅਤੇ ਘਰ ਫੋਨ ਕਰ ਕੇ ਦੱਸ ਦਿੱਤਾ ਕਿ ਉਹ ਰਾਜਸਥਾਨ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਾ ਹੈ। ਉਨ੍ਹਾਂ ਦੱਸਿਆ ਕਿ ਫੋਨ ਤੋਂ ਤੁਰੰਤ ਬਾਅਦ ਉਹ ਉਸ ਦੇ ਪਿੱਛੇ ਗਿੱਦੜਬਾਹਾ-ਮਲੋਟ ਰੋਡ 'ਤੇ ਸਥਿਤ ਜੁੜਵਾਂ ਨਹਿਰਾਂ 'ਤੇ ਪੁੱਜੇ ਪਰ ਉਸ ਨੇ ਉਨ੍ਹਾਂ ਦੇ ਦੇਖਦੇ-ਦੇਖਦੇ ਹੀ ਰਾਜਸਥਾਨ ਨਹਿਰ ਵਿਚ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦੇ ਪਿੱਛੇ ਗਏ ਕਿਸੇ ਵੀ ਵਿਅਕਤੀ ਨੂੰ ਤੈਰਨਾ ਨਹੀਂ ਆਉਂਦਾ ਸੀ। ਇਸ ਕਾਰਨ ਉਸ ਨੂੰ ਨਹਿਰ ਵਿਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੱਧਰ 'ਤੇ ਨਹਿਰ ਵਿਚੋਂ ਆਪਣੇ ਪੁੱਤਰ ਦੀ ਭਾਲ ਕਰ ਰਹੇ ਹਨ ਅਤੇ ਇਸ ਸਬੰਧੀ ਸੂਚਨਾ ਗਿੱਦੜਬਾਹਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਦੂਜੇ ਪਾਸੇ ਉਕਤ ਮਾਮਲੇ ਸਬੰਧੀ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਧਿਕਾਰਤ ਤੌਰ 'ਤੇ ਪਰਿਵਾਰ ਵੱਲੋਂ ਕੋਈ ਵੀ ਸੂਚਨਾ ਅਜੇ ਤੱਕ ਪੁਲਸ ਕੋਲ ਨਹੀਂ ਦਿੱਤੀ ਗਈ ਹੈ।