ਕਰਜ਼ੇ ਦੀ ਪੰਡ ਤੋਂ ਦੁਖੀ ਕਿਸਾਨ ਦੀ ਮੌਤ

01/14/2018 7:10:51 AM

ਬਨੂੜ  (ਗੁਰਪਾਲ) - ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲੇ ਪਟਿਆਲਾ ਦੇ ਹਲਕਾ ਘਨੌਰ ਅਧੀਨ ਪੈਂਦੇ ਪਿੰਡ ਸ਼ੰਭੂ ਕਲਾਂ ਦੇ ਕਿਸਾਨ ਬਲਬੀਰ ਸਿੰਘ ਪੁੱਤਰ ਤਾਰਾ ਸਿੰਘ ਦੀ ਕਰਜ਼ੇ ਦੀ ਪੰਡ ਤੋਂ ਪ੍ਰੇਸ਼ਾਨ ਹੋਣ ਕਾਰਨ ਦਿਲ ਦਾ ਦੌਰਾ ਪੈ ਜਾਣ ਕਰ ਕੇ ਮੌਤ ਹੋ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਬਲਬੀਰ ਸਿੰਘ ਦੇ ਭਰਾ ਸਤਵਿੰਦਰ ਸਿੰਘ ਉਰਫ ਕਾਲਾ ਨੇ ਦੱਸਿਆ ਕਿ ਉਸ ਦਾ ਭਰਾ ਢਾਈ ਏਕੜ ਜ਼ਮੀਨ ਦਾ ਮਾਲਕ ਸੀ ਤੇ ਖੇਤੀਬਾੜੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉੁਂਦਾ ਸੀ। ਖੇਤੀ ਵਿਚ ਲਗਾਤਾਰ ਘਾਟਾ ਪੈਣ ਕਾਰਨ ਉਹ 7-8 ਲੱਖ ਰੁਪਏ ਦਾ ਬੈਂਕਾਂ ਦਾ ਕਰਜ਼ਾਈ ਹੋ ਗਿਆ। ਇਸ ਵਿਚ ਡੇਢ ਲੱਖ ਰੁਪਏ ਦਾ ਸੁਸਾਇਟੀ ਵੱਲੋਂ ਕਰਜ਼ਾ ਲਿਆ ਹੋਇਆ ਸੀ।   ਉਸ ਨੇ ਦੱਸਿਆ ਕਿ ਬੀਤੇ ਦਿਨੀਂ ਕਰਜ਼ਾ ਮੁਆਫੀ ਦੀ ਆਈ ਲਿਸਟ ਵਿਚ ਆਪਣਾ ਨਾਂ ਨਾ ਆਉੁਣ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ, ਜਿਸ ਕਾਰਨ ਬੀਤੇ ਕੱਲ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਅੰਬਾਲਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਚ ਸਥਿਤ ਹਸਪਤਾਲ ਲਈ ਰੈਫਰ ਕਰ ਦਿੱਤਾ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਸਤਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ, ਇਕ ਲੜਕੀ ਤੇ 2 ਲੜਕੇ ਛੱਡ ਗਿਆ ਹੈ। ਉਸ ਦੀ ਪਤਨੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ।


Related News