ਕੌਣ ਹੈ ''ਆਜ਼ਾਦ'' ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ, ਜਿਸ ਨੇ ਵੱਡੀ ਲੀਡ ਨਾਲ ਕਰਮਜੀਤ ਨੂੰ ਪਛਾੜ ਹਾਸਲ ਕੀਤੀ ਜਿੱਤ

Tuesday, Jun 04, 2024 - 07:44 PM (IST)

ਕੌਣ ਹੈ ''ਆਜ਼ਾਦ'' ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ, ਜਿਸ ਨੇ ਵੱਡੀ ਲੀਡ ਨਾਲ ਕਰਮਜੀਤ ਨੂੰ ਪਛਾੜ ਹਾਸਲ ਕੀਤੀ ਜਿੱਤ

ਫਰੀਦਕੋਟ (ਬਿਊਰੋ) : ਇਸ ਵਾਰ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੱਡੀ ਲੀਡ ਨਾਲ ਹਰਾਇਆ ਹੈ। ਸਰਬਜੀਤ ਸਿੰਘ ਖ਼ਾਲਸਾ ਨੇ ਪਹਿਲੇ ਰੁਝਾਨ ਤੋਂ ਲੈ ਕੇ ਆਖਰੀ ਰੁਝਾਨ ਤੱਕ ਲੀਡ 'ਤੇ ਰਹਿ ਕੇ ਕਰਮਜੀਤ ਅਨਮੋਲ ਨੂੰ ਪਛਾੜਿਆ। ਅਜਿਹੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸਰਬਜੀਤ ਸਿੰਘ ਖ਼ਾਲਸਾ ਹੈ ਕੌਣ? ਇਨ੍ਹਾਂ ਦਾ ਪਿਛੋਕੜ ਕੀ ਹੈ? ਤਾਂ ਆਓ ਜਾਣਦੇ ਹਾਂ ਇਕ ਵਾਰ ਸਰਬਜੀਤ ਸਿੰਘ ਖ਼ਾਲਸਾ ਦੇ ਜੀਵਨ ਬਾਰੇ -

ਵਿਵਾਦਪੂਰਨ ਹੈ ਸਰਬਜੀਤ ਸਿੰਘ ਖ਼ਾਲਸਾ ਦਾ ਇਤਿਹਾਸ
ਸਰਬਜੀਤ ਸਿੰਘ ਖ਼ਾਲਸਾ ਸਾਲ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਉਠਾਉਣ ਕਾਰਨ ਸੁਰਖੀਆਂ ਵਿਚ ਆਏ ਸਨ। ਦਰਅਸਲ, ਫਰੀਦਕੋਟ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ ਕੇਂਦਰ ਸੀ, ਜੋ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਚ ਵਾਪਰੀ ਸੀ। ਸਰਬਜੀਤ ਦਾ ਇਤਿਹਾਸ ਇਸ ਲਈ ਵੀ ਵਿਵਾਦਪੂਰਨ ਹੈ ਕਿਉਂਕਿ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਵਿਚ ਸ਼ਾਮਲ ਬੇਅੰਤ ਸਿੰਘ ਦਾ ਪੁੱਤਰ ਹੈ।

ਕਿਉਂ ਸਰਬਜੀਤ ਸਿੰਘ ਖ਼ਾਲਸਾ ਨੇ ਫਰੀਦਕੋਟ ਤੋਂ ਲੜੀ ਚੋਣ
ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਸੀ ਕਿ ਮੈਂ ਫਰੀਦਕੋਟ ਤੋਂ ਚੋਣ ਲੜਨ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਮੈਂ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਉਠਾਉਣਾ ਚਾਹੁੰਦਾ ਹਾਂ। ਪਹਿਲਾਂ ਤਾਂ ਮੇਰੀ ਚੋਣ ਲੜਨ ਦੀ ਕੋਈ ਯੋਜਨਾ ਨਹੀਂ ਸੀ ਪਰ ਸਿੱਖ ਸੰਗਤ ਨੇ ਮੇਰੇ ਕੋਲ ਆ ਕੇ ਪੁੱਛਿਆ ਅਤੇ ਮੈਨੂੰ ਚੋਣ ਲੜਨ ਲਈ ਕਿਹਾ ਸੀ। ਲੋਕ ਮੇਰੇ ਪਰਿਵਾਰ ਨੂੰ ਅਤੇ ਮੈਨੂੰ 1984 ਤੋਂ ਜਾਣਦੇ ਹਨ ਅਤੇ ਸਿੱਖ ਕੌਮ ਵਿਚ ਇੱਕ ਸ਼ਹੀਦ ਦਾ ਦਰਜਾ ਇੱਕ ਮਸ਼ਹੂਰ ਹਸਤੀ ਨਾਲੋਂ ਬਹੁਤ ਉੱਚਾ ਹੈ। ਕਿਸਾਨ ਯੂਨੀਅਨਾਂ ਵੀ ਮੇਰਾ ਸਮਰਥਨ ਕਰ ਰਹੀਆਂ ਹਨ। ਇੰਦਰਾ ਗਾਂਧੀ ਦੇ ਦੂਜੇ ਕਾਤਲ ਸਤਵੰਤ ਸਿੰਘ ਦੇ ਪਰਿਵਾਰ ਨੇ ਵੀ ਚੋਣ ਪ੍ਰਚਾਰ ਦੌਰਾਨ ਮੇਰਾ ਸਾਥ ਦਿੱਤਾ। ਸਰਬਜੀਤ ਦਾ ਕਹਿਣਾ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਤਾਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਸੱਤਾਧਾਰੀ ਪਾਰਟੀ ਇਸ ਮੁੱਦੇ 'ਤੇ ਬਹੁਤ ਹੀ ਰੱਖਿਆਤਮਕ ਰੁਖ ਅਪਣਾ ਰਹੀ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਾਲ ਦਸੰਬਰ ਵਿਚ ਆਪਣੇ ਕਾਰਜਕਾਲ ਦੌਰਾਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਰਹਿਣ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਸੀ।

ਇਹ ਖ਼ਬਰ ਵੀ ਪੜ੍ਹੋ -  ਫਰੀਦਕੋਟ ਲੋਕ ਸਭਾ ਸੀਟ 'ਤੇ ਚੋਣ ਪ੍ਰਕਿਰਿਆ ਮੁਕੰਮਲ, 58.10 ਫੀਸਦੀ ਹੋਈ ਵੋਟਿੰਗ

ਇਨ੍ਹਾਂ ਮੁੱਦਿਆਂ 'ਤੇ ਦੇਣਗੇ ਖ਼ਾਸ ਧਿਆਨ 
ਸਰਬਜੀਤ ਦਾ ਕਹਿਣਾ ਹੈ ਕਿ ਫਰੀਦਕੋਟ ਵਿਚ ਹੋਰ ਵੀ ਕਈ ਮੁੱਦੇ ਹਨ, ਜਿਨ੍ਹਾਂ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਹੈ, ਜਿਨ੍ਹਾਂ ਵਿਚ ਨਸ਼ਾਖੋਰੀ, ਬੇਰੁਜ਼ਗਾਰੀ ਅਤੇ ਮਾੜੀ ਸਿੱਖਿਆ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਨਸ਼ੇ ਦੀ ਆਸਾਨੀ ਨਾਲ ਉਪਲਬਧਤਾ ਪੰਜਾਬ ਵਿਚ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਰਹੀ ਹੈ। ਇਸ ਤੋਂ ਇਲਾਵਾ ਸਿੱਖਿਆ ਦਾ ਪੱਧਰ ਵੀ ਡਿੱਗਿਆ ਹੈ, ਜਿਸ ਕਾਰਨ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


 


author

sunita

Content Editor

Related News