ਨਾਜਾਇਜ਼ ਕਬਜ਼ਿਆਂ ਕਾਰਨ ਦਾਣਾ ਮੰਡੀ ’ਚ ਹੋਇਆ ਝਗਡ਼ਾ

Friday, Apr 19, 2019 - 10:01 AM (IST)

ਨਾਜਾਇਜ਼ ਕਬਜ਼ਿਆਂ ਕਾਰਨ ਦਾਣਾ ਮੰਡੀ ’ਚ ਹੋਇਆ ਝਗਡ਼ਾ
ਫਰੀਦਕੋਟ (ਪਵਨ/ਖੁਰਾਣਾ)-ਨਵੀਂ ਦਾਣਾ ਮੰਡੀ, ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ ਵੱਲੋਂ ਜਗ੍ਹਾ-ਜਗ੍ਹਾ ’ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਜਿਸ ਨੂੰ ਹਟਾਉਣ ਲਈ ਹੁਣ ਤੱਕ ਮਾਰਕੀਟ ਕਮੇਟੀ ਅਸਫ਼ਲ ਸਾਬਤ ਹੋਈ ਹੈ। ਇਸ ਵਾਰ ਕਣਕ ਦਾ ਸੀਜ਼ਨ ਦੇਰੀ ਨਾਲ ਸ਼ੁਰੂ ਹੋਣ ਕਰ ਕੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਅੱਜ ਵੀਰਵਾਰ ਨੂੰ ਮੰਡੀ ਵਿਚ ਖਡ਼੍ਹੇ ਟਰੱਕ, ਕੈਂਟਰ ਅਤੇ ਟਰਾਲੀਆਂ ਵਾਲਿਆਂ ਨੂੰ ਇਹ ਕਹਿਣ ਗਏ ਸੀ ਕਿ ਉਹ ਮੰਡੀ ’ਚੋਂ ਆਪਣੇ ਵਾਹਨ ਹਟਾ ਲੈਣ ਪਰ ਉੱਥੇ ਹੀ ਉਨ੍ਹਾਂ ਦਾ ਕਿਸੇ ਗੱਲ ਸਬੰਧੀ ਆਪਸ ’ਚ ਝਗਡ਼ਾ ਹੋ ਗਿਆ ਅਤੇ ਇਹ ਮਾਮੂਲੀ ਝਗਡ਼ੇ ਨੇ ਬਾਅਦ ’ਚ ਗਾਲੀ-ਗਲੋਚ ਦਾ ਰੂਪ ਧਾਰਨ ਕਰ ਲਿਆ। ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦਾ ਦੋਸ਼ ਸੀ ਕਿ ਉਹ ਕਈ ਵਾਰ ਆ ਕੇ ਉਨ੍ਹਾਂ ਨੂੰ ਕਹਿ ਚੁੱਕੇ ਹਨ ਪਰ ਇਹ ਜਗ੍ਹਾ ਖਾਲੀ ਨਹੀਂ ਕਰ ਰਹੇ। ਅੱਜ ਵੀ ਟਰੱਕਾਂ ਨਾਲ ਸਬੰਧਤ ਯੂਨੀਅਨ ਵਾਲਿਆਂ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤਾ ਅਤੇ ਨਾਲ ਹੀ ਹੱਥੋਂਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ, ਜੇਕਰ ਉਹ ਮੌਕਾ ਨਾ ਸੰਭਾਲਦੇ ਤਾਂ ਉਨ੍ਹਾਂ ਦੇ ਨਾਲ ਕੁਝ ਵੀ ਹੋ ਸਕਦਾ ਸੀ। ਉੱਧਰ, ਉਕਤ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ 20 ਮਿੰਟ ਦਾ ਸਮਾਂ ਮੰਗਿਆ ਸੀ ਕਿਉਂਕਿ ਡਰਾਈਵਰ ਮੌਕੇ ’ਤੇ ਨਹੀਂ ਸਨ ਪਰ ਕਮੇਟੀ ਮੁਲਾਜ਼ਮਾਂ ਨੇ ਨੁਕੀਲੀ ਚੀਜ਼ ਵਾਹਨਾਂ ਦੇ ਟਾਇਰਾਂ ਵਿਚ ਮਾਰ ਦਿੱਤੀ, ਜਿਸ ਕਾਰਨ ਝਗਡ਼ਾ ਸ਼ੁਰੂ ਹੋ ਗਿਆ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਜ਼ਿਲਾ ਮੰਡੀ ਅਫਸਰ ਮਨਿੰਦਰਜੀਤ ਸਿੰਘ ਨੇ ਦੋਵਾਂ ਦੀ ਗੱਲ ਸੁਣਨ ਤੋਂ ਬਾਅਦ ਸਬੰਧਤ ਵਾਹਨ ਡਰਾਈਵਰਾਂ ਨੂੰ ਸ਼ਾਮ ਤੱਕ ਜਗ੍ਹਾ ਖਾਲੀ ਕਰਨ ਨੂੰ ਕਿਹਾ। ਅਜਿਹਾ ਨਾ ਕਰਨ ’ਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦੇਣ ਦੀ ਗੱਲ ਵੀ ਆਖੀ। ਇਸ ਸਮੇਂ ਮੌਕੇ ’ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।

Related News