ਕਣਕ ਦੀ ਕਟਾਈ ਲਈ ਕਿਸਾਨ ਸੰਜਮ ਤੋਂ ਕੰਮ ਲੈਣ

Friday, Apr 19, 2019 - 10:00 AM (IST)

ਕਣਕ ਦੀ ਕਟਾਈ ਲਈ ਕਿਸਾਨ ਸੰਜਮ ਤੋਂ ਕੰਮ ਲੈਣ
ਫਰੀਦਕੋਟ (ਪਰਮਜੀਤ)-ਪਿਛਲੇ ਕਈ ਦਿਨਾਂ ਤੋਂ ਮੌਸਮ ਦੀ ਖਰਾਬੀ ਕਾਰਨ ਕਣਕ ਦੀ ਕਟਾਈ ਅਤੇ ਖਰੀਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੰਜਾਬ ’ਚ ਕਈ ਪਾਸੇ ਫਸਲਾਂ ਦਾ ਨੁਕਸਾਨ ਵੀ ਹੋਇਆ ਹੈ। ਮੀਂਹ-ਹਨੇਰੀ ਨਾਲ ਕਈ ਥਾਈਂ ਜਾਨੀ-ਮਾਲੀ ਨੁਕਸਾਨ ਤਾਂ ਹੋਇਆ ਹੈ ਪਰ ਜ਼ਿਲਾ ਫਰੀਦਕੋਟ ’ਤੇ ਪ੍ਰਮਾਤਮਾ ਦੀ ਮਿਹਰ ਰਹੀ ਅਤੇ ਫਸਲਾਂ ਦਾ ਕਾਫੀ ਹੱਦ ਤੱਕ ਨੁਕਸਾਨ ਹੋਣੋਂ ਬਚਾਅ ਰਿਹਾ ਹੈ। ਹੁਣ ਦਿਨ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਕਈ ਦਿਨਾਂ ਤੋਂ ਖਰਾਬ ਮੌਸਮ ਦੇ ਡਰਾਏ ਕਿਸਾਨ ਹੁਣ ਕਣਕ ਦੀ ਫਸਲ ਦੀ ਜਲਦੀ ਕਟਾਈ ਲਈ ਯਤਨਸ਼ੀਲ ਹੋਣਗੇ ਅਤੇ ਉਨ੍ਹਾਂ ਦੀ ਇਸ ਕਾਹਲੀ ਤੇ ਮੌਸਮ ਦੇ ਖਰਾਬ ਹੋਣ ਦਾ ਡਰ ਦੇ ਕੇ ਕੰਬਾਈਨਾਂ ਵਾਲੇ ਵੀ ਗਿੱਲੀ-ਸੁੱਕੀ ਫਸਲ ਵੱਢਣ ਦੀਆਂ ਸਲਾਹਾਂ ਦੇਣ ਲੱਗ ਪਏ ਹਨ। ਅਜਿਹੇ ਸਮੇਂ ਕਿਸਾਨਾਂ ਨੂੰ ਕਣਕ ਦੀ ਕਟਾਈ ਲਈ ਬਡ਼ੇ ਸੰਜਮ ਤੋਂ ਕੰਮ ਲੈਣ ਦੀ ਲੋਡ਼ ਹੈ। ਅਜੇ ਪੰਜਾਬ ’ਚ ਖਰਾਬ ਮੌਸਮ ਕਰ ਕੇ ਪੂਰੀ ਤਰ੍ਹਾਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਅਤੇ ਨਾ ਹੀ ਸੋਮਵਾਰ ਤੱਕ ਹੋਣ ਦੀ ਸੰਭਾਵਨਾ ਹੈ। ਨਾ ਮੰਡੀਆਂ ’ਚ ਖਰੀਦ ਏਜੰਸੀਆਂ ਪੁੱਜੀਆਂ ਹਨ ਅਤੇ ਨਾ ਹੀ ਬਾਰਦਾਨਾ ਮੰਡੀਆਂ ’ਚ ਪੁੱਜਾ ਹੈ। ਇਸ ਤੋਂ ਇਲਾਵਾ ਜੋ ਕਣਕਾਂ ਮੰਡੀਆਂ ’ਚ ਪਈਆਂ ਸਨ, ਉਹ ਪੂਰੀ ਤਰ੍ਹਾਂ ਮੀਂਹ ਨਾਲ ਭਿੱਜ ਗਈਆਂ ਹਨ ਅਤੇ ਉਨ੍ਹਾਂ ਦੀ ਨਮੀ ਘੱਟ ਕਰਨ ਲਈ ਕਾਫੀ ਸਮਾਂ ਲੱਗੇਗਾ ਪਰ ਖੇਤ ’ਚ ਖਡ਼੍ਹੀ ਫਸਲ ਨੂੰ ਨਮੀ ਹੋਣ ’ਤੇ ਵੱਢਣ ਤੋਂ ਰੋਕਣ ਲਈ ਸਾਨੂੰ ਖੁਦ ਨੂੰ ਸੋਚਣਾ ਪਵੇਗਾ। ਖੇਤਾਂ ’ਚ ਖਡ਼੍ਹੀ ਕਣਕ ਦੀ ਫਸਲ ਵਿਚ ਨਮੀ ਬਰਕਰਾਰ ਹੈ ਅਤੇ ਅਜੇ ਵਿਕਣ ਯੋਗ ਨਹੀਂ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਤੇ ਮਜਬੂਰੀ ਨੂੰ ਨਾ ਸਰਕਾਰ ਤੇ ਨਾ ਖਰੀਦ ਇੰਸਪੈਕਟਰ ਨੇ ਸਮਝਣਾ ਹੈ। ਸਰਕਾਰੀ ਹਦਾਇਤਾਂ ਮੁਤਾਬਕ ਕਣਕ ਵਿਚ ਨਮੀ ਦੀ ਮਾਤਰਾ 12 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ, ਜਦਕਿ ਅੱਜ ਵੱਢੀ ਜਾਣ ਵਾਲੀ ਕਣਕ ਵਿਚ ਨਮੀ ਸਰਕਾਰੀ ਮਾਪਦੰਡਾਂ ’ਤੇ ਖਰੀ ਨਹੀਂ ਉਤਰਦੀ। ਮਾਰਕੀਟ ਕਮੇਟੀ ਦੇ ਮੁਲਾਜ਼ਮ ਵੱਧ ਨਮੀ ਵਾਲੀ ਕਣਕ ਮੰਡੀ ਵਿਚ ਦਾਖਲ ਨਹੀਂ ਹੋਣ ਦੇ ਰਹੇ ਅਤੇ ਹਨੇਰ-ਸਵੇਰ ਫਡ਼੍ਹ ’ਤੇ ਢੇਰੀ ਹੋਈ ਗਿੱਲੀ ਕਣਕ ਲਈ ਆਡ਼੍ਹਤੀ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ। ਅਜਿਹੀ ਸਥਿਤੀ ਵਿਚ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਮਾਤਮਾ ’ਤੇ ਭਰੋਸਾ ਕਰ ਕੇ ਕੁਝ ਦਿਨ ਕਣਕ ਦੀ ਕਟਾਈ ਨਾ ਕਰਨ ਕਿਉਂਕਿ ਜਿੰਨੀ ਫਸਲ ਖੇਤ ਵਿਚ ਜਲਦੀ ਸੁੱਕ ਸਕਦੀ ਹੈ, ਉਨੀ ਪਿਡ਼ ਵਿਚ ਨਹੀਂ ਸੁੱਕ ਸਕਦੀ। ਮੰਡੀ ਵਿਚ ਢੇਰੀ ਹੋਈ ਕਣਕ ਨਾ ਤੁਲਣ ਲਈ ਸਰਕਾਰ, ਜ਼ਿਲਾ ਪ੍ਰਸ਼ਾਸਨ, ਲੇਬਰ, ਆਡ਼੍ਹਤੀ ਜਾਂ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਆਡ਼੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਕਿਸਾਨਾਂ ਦੇ ਕਣਕ ਦੀ ਕਟਾਈ ਕਰਨ ਜਾਂ ਖਰੀਦ ਸ਼ੁਰੂ ਹੋਣ ਸਬੰਧੀ ਫੋਨ ਆ ਰਹੇ ਹਨ ਪਰ ਅਸੀਂ ਕਿਸਾਨਾਂ ਨੂੰ ਸੁੱਕੀ ਅਤੇ ਸਾਫ ਕਣਕ ਹੀ ਮੰਡੀ ਵਿਚ ਲਿਆਉਣ ਲਈ ਪ੍ਰੇਰਿਤ ਕਰ ਰਹੇ ਹਾਂ। ਮਾਰਕੀਟ ਕਮੇਟੀ ਸਾਦਿਕ ਦੇ ਸਕੱਤਰ ਜਗਰੂਪ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਹੀ ਮੰਡੀ ਵਿਚ ਲਿਆਉਣ ਤਾਂ ਜੋ ਕਣਕ ਦੀ ਖਰੀਦ ਜਲਦੀ ਅਤੇ ਸੁਚਾਰੂ ਢੰਗ ਨਾਲ ਹੋ ਸਕੇ।

Related News