ਲਾਇਸੈਂਸੀ ਅਸਲਾਧਾਰਕਾਂ ਨੂੰ ਹਥਿਆਰ ਜਮ੍ਹਾ ਕਰਵਾਉਣ ਦੇ ਹੁਕਮ
Sunday, Mar 31, 2019 - 04:57 AM (IST)

ਫਰੀਦਕੋਟ (ਪਵਨ, ਖੁਰਾਣਾ, ਦਰਦੀ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲਾ ਮੈਜਿਸਟਰੇਟ ਐੱਮ. ਕੇ. ਅਰਵਿੰਦ ਕੁਮਾਰ ਆਈ. ਏ. ਐੱਸ. ਨੇ ਪ੍ਰਾਪਤ ਅਧਿਕਾਰੀਆਂ ਦੀ ਵਰਤੋਂ ਕਰਦਿਆਂ ਜ਼ਿਲੇ ’ਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ’ਚ ਸਾਰੇ ਲੋਕ ਸਭਾ ਚੋਣ ਹਲਕਿਆਂ ਦੇ ਸਮੂਹ ਲਾਇਸੈਂਸੀ ਅਸਲਾਧਰਾਕਾਂ ਨੂੰ ਆਪਣੇ ਹਥਿਆਰ ਪੁਲਸ ਥਾਣੇ ਜਾਂ ਅਸਲਾ ਡੀਲਰਾਂ ਕੋਲ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਕਿਸਮ ਦਾ ਹਥਿਆਰ ਚੁੱਕ ਕੇ ਚੱਲਣ ਦੀ ਵੀ ਪਾਬੰਦੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ ਅਤੇ 28 ਮਈ, 2019 ਤੱਕ ਲਾਗੂ ਰਹਿਣਗੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲਾ ਮੈਜਿਸਟਰੇਟ ਵੱਲੋਂ ਜਾਰੀ ਇਹ ਹੁਕਮ ਆਰਮੀ ਪਰਸਨਲ, ਪੈਰਾ-ਮਿਲਟਰੀ ਫੋਰਸਿਜ਼, ਪੁਲਸ ਮੁਲਾਜ਼ਮਾਂ, ਸਕਿਓਰਿਟੀ ਗਾਰਡਜ਼, ਪੈਟਰੋਲ ਪੰਪਾਂ ਦੇ ਮਾਲਕ, ਮਨੀ ਐਕਸਚੇਂਜਰ, ਸਪੋਰਟਸ ਪਰਸਨ, ਜਿਨ੍ਹਾਂ ਵਿਚ ਉਹ ਸ਼ੂਟਰ ਸ਼ਾਮਲ ਹੋਣਗੇ, ਜੋ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਮੈਂਬਰ ਹੋਣ ਅਤੇ ਕਿਸੇ ਮੁਕਾਬਲੇ ਵਿਚ ਭਾਗ ਲੈ ਰਹੇ ਹੋਣ, ਜਿਨ੍ਹਾਂ ਨੂੰ ਜ਼ੈੱਡ ਪਲੱਸ ਸਕਿਓਰਿਟੀ ਮਿਲੀ ਹੋਵੇ ਜਾਂ ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵੱਲੋਂ ਨਿੱਜੀ ਸੁਰੱਖਿਆ ਦੇ ਮੱਦੇਨਜ਼ਰ ਹਥਿਆਰ ਜਮ੍ਹਾ ਕਰਵਾਉਣ ਤੋਂ ਛੋਟ ਦਿੱਤੀ ਹੋਵੇ, ਦੇ ਉੱਪਰ ਲਾਗੂ ਨਹੀਂ ਹੋਵੇਗਾ। ਜ਼ਿਲੇ ’ਚ ਉਕਤ ਅਨੁਸਾਰ ਛੋਟ ਵਾਲੇ ਲੋਕਾਂ ਦੀ ਸੂਚੀ ਪੁਲਸ ਵਿਭਾਗ ਵੱਲੋਂ ਬਣਾ ਲਈ ਗਈ ਹੈ।