ਬੁੱਟਰ ਸਰੀਂਹ ਦੀਆਂ ਖਿਡਾਰਨਾਂ ਨੇ ਕੀਤਾ ਸੀਨੀਅਰ ਸਟੇਟ ਖੋ ਖੋ ਚੈਂਪੀਅਨਸ਼ਿਪ ’ਤੇ ਕਬਜ਼ਾ

02/28/2019 4:09:55 AM

ਫਰੀਦਕੋਟ (ਲਖਵੀਰ)-ਬੀਤੇ ਦਿਨੀਂ ਪੰਜਾਬ ਖੋ-ਖੋ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਉਪਕਾਰ ਸਿੰਘ ਵਿਰਕ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ ਦੀ ਅਗਵਾਈ ਹੇਠ ਸੀਨੀਅਰ ਸਟੇਟ ਖੋ-ਖੋ ਚੈਂਪੀਅਨਸ਼ਿਪ ਪਿੰਡ ਮੀਰਹੇਡ਼ੀ (ਧੂਰੀ) ਜ਼ਿਲਾ ਸੰਗਰੂਰ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਸੂਬੇ ਭਰ ’ਚੋਂ ਵੱਖ-ਵੱਖ ਜ਼ਿਲਿਆਂ ਦੇ ਸਕੂਲਾਂ-ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਵਿਚ ਪਿੰਡ ਬੁੱਟਰ ਸਰੀਂਹ (ਸ੍ਰੀ ਮੁਕਤਸਰ ਸਾਹਿਬ) ਦੀਆਂ ਖਿਡਾਰਨਾਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਵਿਰੋਧੀ ਟੀਮਾਂ ਤਰਨਤਾਰਨ, ਮੋਹਾਲੀ, ਸੰਗਰੂਰ ਅਤੇ ਫਿਰੋਜ਼ਪੁਰ ਨੂੰ ਹਰਾ ਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਉਕਤ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ। ਇਸ ਜਿੱਤ ਤੋਂ ਬਾਅਦ ਖਿਡਾਰਨਾਂ ਅਤੇ ਟੀਮ ਕੋਚ ਦੇ ਪਿੰਡ ਪਰਤਣ ’ਤੇ ਉਨ੍ਹਾਂ ਦਾ ਸਮੂਹ ਸਕੂਲ ਸਟਾਫ ਮੈਂਬਰਾਂ, ਪਿੰਡ ਦੇ ਪਤਵੰਤਿਆਂ ਅਤੇ ਮਾਪਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਟੀਮ ਦੇ ਕੋਚ ਤਰਸੇਮ ਕੁਮਾਰ ਭਲਾਈਆਣਾ ਨੇ ਦੱਸਿਆ ਕਿ ਖਿਡਾਰਨਾਂ ਵੱਲੋਂ ਇਸ ਚੈਂਪੀਅਨਸ਼ਿਪ ’ਚ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਅਤੇ ਹੁਣ ਇਹ ਖਿਡਾਰਨਾਂ ਅੱਗੇ ਪੰਜਾਬ ਦੀ ਟੀਮ ਵੱਲੋਂ ਨੈਸ਼ਨਲ ਸੀਨੀਅਰ ਖੋ-ਖੋ ਚੈਂਪੀਅਨਸ਼ਿਪ ਜੈਪੁਰ (ਰਾਜਸਥਾਨ) ਵਿਖੇ ਖੇਡਣ ਲਈ ਜਾਣਗੀਆਂ। ਇਸ ਦੌਰਾਨ ਰਾਜਵਿੰਦਰ ਸਿੰਘ ਆਕਲੀਆਂ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਮੋਹਰ ਸਿੰਘ, ਗੁਰਮੀਤ ਸਿੰਘ, ਸੇਵਕ ਸਿੰਘ, ਕੁਲਵਿੰਦਰ ਕੌਰ, ਵਿਜੇ ਸ਼ਰਮਾ ਆਦਿ ਮੌਜੂਦ ਸਨ।

Related News