ਮੁਹੱਲਾ ਰਿਸ਼ੀ ਨਗਰ ਨਿਵਾਸੀਆਂ ਦੀਆਂ ‘ਆਪ’ ਆਗੂਆਂ ਨੇ ਸੁਣੀਆਂ ਮੁਸ਼ਕਲਾਂ
Wednesday, Feb 27, 2019 - 04:08 AM (IST)

ਫਰੀਦਕੋਟ (ਨਰਿੰਦਰ)- ‘ਆਪ’ ਆਗੂਆਂ ਨੇ ਅੱਜ ਜਲਾਲੇਆਣਾ ਰੋਡ ’ਤੇ ਸਥਿਤ ਰਿਸ਼ੀ ਨਗਰ ਦੇ ਮੁਹੱਲਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਮੁਹੱਲੇ ’ਚ ਸਾਰੀਆਂ ਹੀ ਸਡ਼ਕਾਂ ਦੀ ਹਾਲਤ ਬੇਹੱਦ ਖਸਤਾ ਹੈ ਅਤੇ ਨਾਲੀਆਂ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ ’ਚ ਹੀ ਖੜ੍ਹਾ ਰਹਿੰਦਾ ਹੈ। ਮੁਹੱਲੇ ਵਿਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਵੱਡੀ ਗਿਣਤੀ ’ਚ ਲੋਕ ਝੁੱਗੀਆਂ-ਝੌਂਪਡ਼ੀਆਂ ’ਚ ਰਹਿੰਦੇ ਹਨ। ਮੁਹੱਲਾ ਨਿਵਾਸੀ ਜਿੱਥੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ, ਉੱਥੇ ਹੀ ਝੁੱਗੀਆਂ-ਝੌਂਪਡ਼ੀਆਂ ਵਿਚ ਰਹਿੰਦੇ ਵਸਨੀਕਾਂ ਦੇ ਬਿਜਲੀ ਦੇ ਬਿੱਲ ਵੀ ਉਨ੍ਹਾਂ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕਰ ਰਹੇ ਹਨ। ਇਨ੍ਹਾਂ ਦੇ ਬਿੱਲ 5 ਤੋਂ 10 ਹਜ਼ਾਰ ਰੁਪਏ ਤੱਕ ਆਏ ਹਨ। ਇਨ੍ਹਾਂ ਝੁੱਗੀਆਂ-ਝੌਂਪਡ਼ੀਆਂ ਵਿਚ ਇਕ ਬਿਜਲੀ ਵਾਲੇ ਬਲੱਬ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਬਿਜਲੀ ਉਪਕਰਨ ਨਹੀਂ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਸ਼ਨ ਕਾਰਡ ਵੀ ਨਹੀਂ ਹਨ ਅਤੇ ਜਦੋਂ ਮੁਹੱਲਾ ਨਿਵਾਸੀ ਆਪਣੇ ਰਾਸ਼ਨ ਕਾਰਡ ਬਣਵਾਉਣ ਲਈ ਕਿਸੇ ਦਫਤਰ ਜਾਂਦੇ ਹਨ ਤਾਂ ਉੱਥੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ‘ਆਪ’ ਆਗੂਆਂ ਨੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਗਰੀਬ ਬਸਤੀਆਂ ’ਚ ਰਹਿੰਦੇ ਲੋਕਾਂ ਦੇ ਰਾਸ਼ਨ ਕਾਰਡ ਅਤੇ ਬਣਦੀਆਂ ਬੁਨਿਆਦੀ ਸਹੂਲਤਾਂ ਜਲਦੀ ਤੋਂ ਜਲਦੀ ਮੁਹੱਈਆ ਕਰਵਾਈਆਂ ਜਾਣ ਤੇ ਇਨ੍ਹਾਂ ਦੇ ਬਣਦੇ ਹੱਕ ਇਨ੍ਹਾਂ ਗਰੀਬਾਂ ਤੱਕ ਪਹੁੰਚਦੇ ਕੀਤੇ ਜਾਣ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਮੁਹੱਲਾ ਨਿਵਾਸੀਆਂ ਦੇ ਰਾਸ਼ਨ ਕਾਰਡ ਬਣਾਉਣ ਵਾਲੇ ਫਾਰਮ ਭਰੇ ਅਤੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਇਆ ਜਾਵੇਗਾ। ਇਸ ਸਮੇਂ ਨਰਿੰਦਰ ਕੁਮਾਰ ਜਨਰਲ ਸਕੱਤਰ ਮਾਲਵਾ ਜ਼ੋਨ, ਨਰੇਸ਼ ਸਿੰਗਲਾ ਜ਼ਿਲਾ ਜਨਰਲ ਸਕੱਤਰ, ਓਮ ਪ੍ਰਕਾਸ਼ ਗੋਇਲ ਸ਼ਹਿਰੀ ਪ੍ਰਧਾਨ, ਜਗਜੀਤ ਸਿੰਘ ਸ਼ਹਿਰੀ ਮੀਤ ਪ੍ਰਧਾਨ ਆਦਿ ਮੌਜੂਦ ਸਨ।