ਫ਼ਰੀਦਕੋਟ ਜੇਲ ਦੇ ਹਵਾਲਾਤੀ ਨਾਲ ਬਦਫ਼ੈਲੀ ਕਰਨ ਵਾਲੇ ਚਾਰ ਹਵਾਲਾਤੀਆਂ ’ਤੇ ਮੁਕੱਦਮਾ ਦਰਜ
Friday, Jan 21, 2022 - 03:01 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਮਾਡਰਨ ਜੇਲ ਦੇ ਇੱਕ ਹਵਾਲਾਤੀ ਨਾਲ ਚਾਰ ਹਵਾਲਾਤੀਆਂ ਵੱਲੋਂ ਬਦਫ਼ੈਲੀ ਕੀਤੇ ਜਾਣ ਦੀ ਪੁਸ਼ਟੀ ਹੋਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜੇਲ ਦੇ ਇੱਕ ਹਵਾਲਾਤੀ ਵੱਲੋਂ ਇਸ ਸਬੰਧੀ ਜੇਲ ਪ੍ਰਸਾਸ਼ਨ ਨੂੰ ਜਦ ਸ਼ਿਕਾਇਤ ਕੀਤੀ ਸੀ ਤਾਂ ਜੇਲ ਪ੍ਰਸਾਸ਼ਨ ਵੱਲੋਂ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਹਵਾਲਾਤੀ ਨੂੰ ਦਾਖਿਲ ਕਰਵਾ ਦਿੱਤਾ ਗਿਆ ਸੀ ਜਿੱਥੇ ਪੀੜਤ ਹਵਾਲਾਤੀ ਦਾ ਮੈਡੀਕਲ ਕਰਵਾ ਕੇ ਪੁਸ਼ਟੀ ਹੋਣ ਦਾ ਇੰਤਜਾਰ ਕੀਤਾ ਜਾ ਰਿਹਾ ਸੀ। ਇਸ ਮਾਮਲੇ ਦੇ ਤਫਤੀਸ਼ੀ ਸਹਾਇਕ ਥਾਣੇਦਾਰ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪ੍ਰਾਪਤ ਮੈਡੀਕਲ ਰਿਪੋਰਟ ’ਚ ਬਦਫ਼ੈਲੀ ਦੀ ਪੁਸ਼ਟੀ ਹੋਣ ’ਤੇ ਹਵਾਲਾਤੀ ਇਕਬਾਲ ਸਿੰਘ, ਹਵਾਲਾਤੀ ਜਗਸੀਰ ਸਿੰਘ, ਹਵਾਲਾਤੀ ਮਨੀ ਕੁਮਾਰ ਵਾਸੀ ਫ਼ਰੀਦਕੋਟ ਅਤੇ ਹਵਾਲਾਤੀ ਸਾਗਰ ਵਾਸੀ ਹੜੰਬਾ ਜ਼ਿਲ੍ਹਾ ਲੁਧਿਆਣਾ ’ਤੇ ਅਧੀਨ ਧਾਰਾ 377/323/34 ਅਤੇ 42 ਜੇਲ ਐਕਟ ਅਧੀਨ ਵੱਖਰਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਮਾਡਲ ’ਚ ਦਾਲ, ਤੇਲ-ਬੀਜ, ਮੱਕੀ ਦੀ ਫਸਲ ’ਤੇ ਮਿਲੇਗਾ ਘੱਟ ਤੋਂ ਘੱਟ ਸਮਰਥਨ ਮੁੱਲ : ਨਵਜੋਤ ਸਿੱਧੂ
ਇੱਥੇ ਇਹ ਦੱਸਣਯੋਗ ਹੈ ਕਿ ਜੇਲ ਦੇ ਸਹਾਇਕ ਸੁਪਰਡੈਂਟ ਜਸਕਿੰਦਰ ਸਿੰਘ ਅਨੁਸਾਰ ਜਦੋਂ ਉਸਦੀ ਡਿਊਟੀ ਦਿਨ ਵੇਲੇ ਜੇਲ ਦੀ ਡਿਓੜੀ ਵਿੱਚ ਸੀ ਤਾਂ ਮੋਗਾ ਜ਼ਿਲ੍ਹਾ ਨਿਵਾਸੀ ਜੇਲ ਦੇ ਪੀੜਤ ਹਵਾਲਾਤੀ ਨੇ ਉਸਨੂੰ ਆ ਕੇ ਦੱਸਿਆ ਸੀ ਕਿ ਉਕਤ ਚਾਰਾਂ ਨੇ 18-19 ਜਨਵਰੀ ਦੀ ਅੱਧੀ ਰਾਤ ਨੂੰ ਪਹਿਲਾਂ ਉਸਦੀ ਕੁੱਟਮਾਰ ਕੀਤੀ ਅਤੇ ਇਸਤੋਂ ਬਾਅਦ ਇਨ੍ਹਾਂ ਨੇ ਉਸ ਨਾਲ ਬਦਫ਼ੈਲੀ ਕੀਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਘਟਨਾ ’ਤੇ ਜੇਲ ਦੇ ਸਹਾਇਕ ਸੁਪਰਡੈਂਟ ਵੱਲੋਂ ਸਥਾਨਕ ਥਾਣਾ ਸਿਟੀ ਨੂੰ ਪੱਤਰ ਲਿਖਕੇ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ ਅਤੇ ਹੁਣ ਪੀੜਤ ਹਵਾਲਾਤੀ ਦੀ ਮੈਡੀਕਲ ਰਿਪੋਰਟ ’ਚ ਬਦਫ਼ੈਲੀ ਕੀਤੇ ਜਾਣ ਦੀ ਪੁਸ਼ਟੀ ਹੋਣ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪਤਨੀ ਦੀ ਬੇਵਫਾਈ ਨਾ ਸਹਾਰ ਸਕਿਆ ਪਤੀ, ਕਰ ਲਈ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ