ਹਸਪਤਾਲ 'ਚ ਦਾਖਲ ਮਰੀਜ਼ ਤੇ ਰਿਸ਼ਤੇਦਾਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

02/23/2019 4:45:01 PM

ਫਰੀਦਕੋਟ (ਜਗਤਾਰ)— ਕੋਟਕਪੂਰਾ ਦੇ ਸਿਵਲ ਹਸਪਤਾਲ ਵਿਚ ਦਾਖਲ ਵਿਅਕਤੀ ਤੇ ਉਸ ਦਾ ਪਤਾ ਲੈਣ ਆਏ ਰਿਸ਼ੇਤਦਾਰਾਂ 'ਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਮਲੇ ਵਿਚ 3 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਹਾਲਤ ਵਿਚ ਜ਼ਖਮੀ ਵਿਅਕਤੀਆਂ ਨੂੰ ਡਾਕਟਰਾਂ ਨੇ ਕੋਟਕਪੂਰਾ ਸਿਵਲ ਹਸਪਤਾਲ ਤੋਂ ਫਰੀਦਕੋਟ ਦੇ ਜੀ.ਜੀ.ਐਸ. ਮੈਡੀਕਲ ਹਪਸਤਾਲ ਰੈਫਰ ਕਰ ਦਿੱਤਾ ਹੈ।

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ 2 ਪਰਿਵਾਰਾਂ ਦਾ ਘਰੇਲੂ ਝਗੜਾ ਸੀ। ਕੁੱਝ ਦਿਨ ਪਹਿਲਾਂ ਕੰਦੀ ਨਾਂ ਦੇ ਵਿਅਕਤੀ ਨੇ ਆਪਣੀ ਦੁਕਾਨ 'ਤੇ ਪੀੜਤ ਲੜਕੇ ਅਤੇ ਉਸ ਦੀ ਮਾਂ ਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਪੀੜਤ ਲੜਕਾ ਸਿਵਲ ਹਪਸਤਾਲ ਕੋਟਕਪੂਰਾ ਵਿਚ ਜ਼ੇਰੇ ਇਲਾਜ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਕਤ ਕੰਦੀ ਨਾਂ ਦਾ ਵਿਅਕਤੀ ਆਇਆ ਅਤੇ ਪੀੜਤ ਲੜਕੇ ਦੇ ਰਿਸ਼ਤੇਦਾਰ ਅਤੇ ਹੋਰ ਆੜ੍ਹਤੀ ਅਤੇ ਰੇਹੜੀ ਵਾਲਿਆਂ ਨੂੰ ਇਸ ਮਸਲੇ ਤੋਂ ਦੂਰ ਰਹਿਣ ਲਈ ਧਮਕਾਉਣ ਲੱਗ ਪਿਆ। ਉਨ੍ਹਾਂ ਦੱਸਿਆ ਕਿ ਕੰਦੀ ਅਤੇ ਉਸ ਦੇ ਸਾਥੀਆਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਉਸ ਤੋਂ ਬਾਅਦ ਦੋਵੇਂ ਧਿਰਾਂ ਥਾਣਾ ਸਿਟੀ ਫਰੀਦਕੋਟ ਵਿਚ ਰਾਜੀਨਾਮੇ ਲਈ ਇਕੱਠੀਆ ਹੋਈਆਂ ਸਨ ਪਰ ਉਕਤ ਕੰਦੀ ਨਾਂ ਦੇ ਵਿਅਕਤੀ ਦੇ ਸਾਥੀਆਂ ਨੇ ਹਸਪਤਾਲ ਜਾ ਕੇ ਪੀੜਤ ਲੜਕੇ ਅਤੇ ਉਸ ਦਾ ਪਤਾ ਲੈਣ ਆਏ ਦੋ ਹੋਰ ਵਿਅਕਤੀਆਂ ਦੀ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਸ਼ਹਿਰ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਪੁਲਸ ਵੱਲੋਂ ਹਮਲਾਵਰਾਂ ਵਿਰੱੁੱੱਧ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਉਨ੍ਹਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਪੂਰੇ ਮਾਮਲੇ ਸਬੰਧੀ ਜਦੋਂ ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਕੋਟਕਪੂਰਾ ਮਨਵਿੰਦਰਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਧਿਰਾਂ ਦਾ ਸਬਜ਼ੀ ਮੰਡੀ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਝਗੜੇ ਵਿਚ ਇਕ ਧਿਰ ਦਾ ਵਿਅਕਤੀ ਜ਼ਖਮੀ ਹੋ ਗਿਆ ਸੀ ਜੋ ਕਿ ਸਿਵਲ ਹਪਸਤਾਲ ਵਿਚ ਜ਼ੇਰੇ ਇਲਾਜ ਸੀ। ਜਿਸ ਤੋਂ ਬਾਅਦ ਇਹ ਦੋਵੇਂ ਧਿਰਾਂ ਰਾਜੀਨਾਮੇ ਲਈ ਥਾਣੇ ਵਿਚ ਇਕੱਠੀਆਂ ਹੋਈਆਂ ਪਰ ਪਿੱਛੋਂ ਦੂਜੀ ਧਿਰ ਦੇ ਕੁਝ ਸਾਥੀਆਂ ਵੱਲੋਂ ਹਸਪਤਾਲ ਵਿਚ ਜ਼ੇਰੇ ਇਲਾਜ ਵਿਅਕਤੀ ਅਤੇ ਉਸ ਦਾ ਪਤਾ ਲੈਣ ਆਏ ਰਿਸ਼ਤੇਦਾਰਾਂ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ 3 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


cherry

Content Editor

Related News