ਬੰਟੀ ਰੋਮਾਣਾਂ ਦੀ ਕੈਪਟਨ ਨੂੰ ਸਲਾਹ, ਕਿਹਾ '''' ਪ੍ਰਕਾਸ਼ ਪੁਰਬ ਸਮਾਗਮਾਂ ''ਤੇ ਸਿਆਸਤ ਨਾ ਕਰੋ''''
Tuesday, Sep 10, 2019 - 05:38 PM (IST)
![ਬੰਟੀ ਰੋਮਾਣਾਂ ਦੀ ਕੈਪਟਨ ਨੂੰ ਸਲਾਹ, ਕਿਹਾ '''' ਪ੍ਰਕਾਸ਼ ਪੁਰਬ ਸਮਾਗਮਾਂ ''ਤੇ ਸਿਆਸਤ ਨਾ ਕਰੋ''''](https://static.jagbani.com/multimedia/2019_9image_17_38_224447530mkt.jpg)
ਫਰੀਦਕੋਟ (ਜਗਤਾਰ) - ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੀਆਂ ਤਿਆਰੀਆਂ ਹੋ ਗਈਆਂ ਹਨ। ਇਨ੍ਹਾਂ ਸਮਾਗਮਾਂ ਦੇ ਸਬੰਧ 'ਚ ਸ਼ਹਿਰ ਨੂੰ ਇਕੋ ਜਿਹੀ ਨਵੀਂ ਦਿੱਖ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਸਫੇਦ ਰੰਗ ਕਰਵਾਇਆ ਜਾ ਰਿਹਾ ਹੈ, ਜਿਸ 'ਚ ਵੱਖ-ਵੱਖ ਜ਼ਿਲਿਆ ਦੇ ਅਕਾਲੀ ਦਲ ਵਰਕਰ ਆ ਕੇ ਸੇਵਾ ਕਰ ਰਹੇ ਹਨ। ਇਸੇ ਲੜੀ ਦੇ ਤਹਿਤ ਫਰੀਦਕੋਟ ਜ਼ਿਲੇ ਦੇ ਅਕਾਲੀ ਵਰਕਰਾਂ ਦੀ ਡਿਉਟੀ 20 ਸਤੰਬਰ ਨੂੰ ਲੱਗੀ ਹੋਈ ਹੈ। ਸੇਵਾ ਦੀ ਡਿਉਟੀ ਦੇ ਸਬੰਧ 'ਚ ਹਲਕਾ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾਂ ਦੀ ਅਗਵਾਈ 'ਚ ਪਾਰਟੀ ਵਰਕਰਾਂ ਦੀ ਅਹਿਮ ਮੀਟਿਗ ਹੋਈ, ਜਿਸ 'ਚ ਮਤਾ ਪਾਸ ਕੀਤਾ ਗਿਆ ਕਿ ਫਰੀਦਕੋਟ ਹਲਕੇ ਤੋਂ ਅਕਾਲੀ ਦਲ ਦੀ ਟੀਮ ਇਨ੍ਹਾਂ ਮਹਾਨ ਕਾਰਜਾਂ 'ਚ 13 ਲੱਖ ਰੁਪਏ ਦਾ ਯੋਗਦਾਨ ਪਾਵੇਗੀ। ਇਸ ਯੋਗਦਾਨ ਸਦਕਾ ਚੱਲ ਰਹੇ ਸੇਵਾ ਕਾਰਜਾਂ ਨੂੰ ਹੋਰ ਬਲ ਮਿਲੇਗਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਬੰਟੀ ਰੋਮਾਣਾਂ ਨੇ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸੁਲਤਾਨਪੁਰ ਲੋਧੀ 'ਚ ਕਰਵਾਏ ਜਾ ਰਹੇ ਕੰਮਾਂ 'ਚ ਅਕਾਲੀ ਦਲ ਫਰੀਦਕੋਟ ਦੀ ਟੀਮ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਸ੍ਰੀ ਪ੍ਰਕਾਸ਼ ਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ 'ਚ ਸਹਿਯੋਗ ਨਹੀਂ ਦੇ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵਲੋਂ ਸਾਂਝੇ ਤੌਰ 'ਤੇ ਜੋ ਸਮਾਗਮ ਕਮੇਟੀਆਂ ਬਣਾਈਆਂ ਗਈਆਂ ਹਨ, 'ਚ ਸਰਕਾਰ ਦੇ ਨੁਮਾਇੰਦੇ ਹਮੇਸ਼ਾ ਗੈਰ ਹਾਜ਼ਰ ਰਹੇ ਹਨ। ਉਨ੍ਹਾਂ ਕੈਪਟਨ ਨੂੰ ਲਪੇਟੇ 'ਚ ਲੈਂਦੇ ਹੋਏ ਕਿਹਾ ਕਿ ਕੈਪਟਨ ਸਾਹਿਬ ਸਿਆਸਤ ਕਰਨ ਦੇ ਹੋਰ ਬਹੁਤ ਮੌਕੇ ਆਉਣਗੇ, ਕ੍ਰਿਪਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਸਿਆਸਤ ਨਾ ਕਰੋ।