ਕੋਟਕਪੂਰਾ ਗੋਲੀ ਕਾਂਡ: ਸੁਣਵਾਈ 1 ਅਗਸਤ ਤੱਕ ਮੁਲਤਵੀ
Tuesday, Jul 30, 2019 - 11:23 AM (IST)

ਫਰੀਦਕੋਟ (ਜਗਦੀਸ਼) – ਅਕਤੂਬਰ 2015 ਨੂੰ ਸਿੱਖ ਸੰਗਤ ਤੇ ਪੁਲਸ ਵਿਚਕਾਰ ਹੋਏ ਟਕਰਾਅ ਮਗਰੋਂ ਪੁਲਸ ਵਲੋਂ ਚਲਾਈਆਂ ਗੋਲੀਆਂ ਸਬੰਧੀ 7 ਅਗਸਤ 2018 ਨੂੰ ਥਾਣਾ ਸਿਟੀ ਕੋਟਕਪੂਰਾ 'ਚ ਦਰਜ ਮਾਮਲੇ ਦੀ ਜਾਂਚ ਕਰ ਰਹੀ 'ਸਿੱਟ' ਵਲੋਂ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਏਕਤਾ ਉੱਪਲ ਦੀ ਅਦਾਲਤ 'ਚ ਦਾਇਰ ਕੀਤੇ ਚਲਾਨ 'ਚ ਪੰਜਾਬ ਪੁਲਸ ਦੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ 'ਚ ਨਾਮਜ਼ਦ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਐੱਸ. ਪੀ. ਬਲਜੀਤ ਸਿੰਘ ਸਿੱਧੂ, ਡੀ. ਐੱਸ. ਪੀ. ਪਰਮਜੀਤ ਸਿੰਘ ਪਰਮਾਰ, ਸਿਟੀ ਕੋਟਕਪੂਰਾ ਦੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਅਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਦਾਲਤ 'ਚ ਪੇਸ਼ ਹੋਏ।
ਇਸ ਮਾਮਲੇ 'ਚ 'ਸਿਟ' ਵੱਲੋਂ ਸਰਕਾਰੀ ਵਕੀਲ ਰਜਨੀਸ਼ ਕੁਮਾਰ ਪੇਸ਼ ਹੋਏ। ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ ਕਾਰਵਾਈ ਲਈ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਦਿੱਤੀ ਦਰਖਾਸਤ 'ਤੇ ਸੁਣਵਾਈ ਤਕਰੀਬਨ ਦੋ ਘੰਟੇ ਚਲਦੀ ਰਹੀ। ਅੱਜ ਅਦਾਲਤ 'ਚ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਪੇਸ਼ ਨਹੀਂ ਹੋ ਸਕੇ, ਜਿਸ 'ਤੇ ਉਸ ਦੀ ਅਦਾਲਤ 'ਚ ਹਾਜ਼ਰੀ ਮੁਆਫ ਲਈ ਇਕ ਅਰਜ਼ੀ ਲਗਾਈ ਗਈ। ਦੋਨਾਂ ਧਿਰਾਂ ਦੀ ਆਪਸ 'ਚ ਤਕਰੀਬਨ ਦੋ ਘੰਟੇ ਬਹਿਸ ਸੁਣਨ ਤੋਂ ਬਾਅਦ ਇਸ ਦੀ ਅਗਲੀ ਤਰੀਕ 1 ਅਗਸਤ ਲਈ ਮੁਲਤਵੀ ਕਰ ਕੀਤੀ ਗਈ।