ਹੁਣ ਖੈਰ ਨਹੀਂ ਦੋ ਗੈਰ-ਭਾਜਪਾ ਸਰਕਾਰਾਂ ਮੱਧ-ਪ੍ਰਦੇਸ਼ ਅਤੇ ਕਰਨਾਟਕ ਦੀ

Friday, May 24, 2019 - 12:47 PM (IST)

ਹੁਣ ਖੈਰ ਨਹੀਂ ਦੋ ਗੈਰ-ਭਾਜਪਾ ਸਰਕਾਰਾਂ ਮੱਧ-ਪ੍ਰਦੇਸ਼ ਅਤੇ ਕਰਨਾਟਕ ਦੀ

ਫਰੀਦਕੋਟ (ਹਾਲੀ) - ਦੇਸ਼ 'ਚੋਂ ਨਰਿੰਦਰ ਮੋਦੀ ਦੇ ਹੱਕ 'ਚ ਮਿਲੇ ਵੱਡੇ ਫਤਵੇਂ ਤੋਂ ਉਤਸ਼ਾਹਿਤ ਹੋਏ ਨਰਿੰਦਰ ਮੋਦੀ ਦੀ ਅੱਖ ਹੁਣ ਦੇਸ਼ ਦੀਆਂ ਦੋ ਗੈਰ-ਭਾਜਪਾ ਮੱਧ-ਪ੍ਰਦੇਸ਼ ਅਤੇ ਕਰਨਾਟਕ ਸਰਕਾਰਾਂ ਉੱਪਰ ਪੈਣ ਦੀ ਸੰਭਾਵਨਾ ਵੱਧ ਗਈ ਹੈ। ਸਿਆਸੀ ਮਾਹਿਰਾਂ ਅਨੁਸਾਰ ਦੂਜੀ ਵਾਰ ਸਿਆਸਤ ਦਾ ਤਾਜ ਪਾਉਂਦਿਆਂ ਮੋਦੀ ਪਹਿਲਾਂ ਕੰਮ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਦੀ ਕਮਾਂਡ ਭਾਜਪਾ ਦੇ ਹੱਥ 'ਚ ਫੜਾਉਣ ਦਾ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਮੱਧ-ਪ੍ਰਦੇਸ਼ ਅਤੇ ਕਰਨਾਟਕ 'ਚ ਭਾਜਪਾ ਦਾ ਹੱਥ 2018 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੁਰਸੀ ਨੂੰ ਪੈਂਦਾ-ਪੈਂਦਾ ਰਹਿ ਗਿਆ ਅਤੇ ਬਹੁਤ ਘੱਟ ਅੰਤਰ ਨਾਲ ਕਾਂਗਰਸ ਦੀਆਂ ਸਰਕਾਰਾਂ ਬਣ ਗਈਆਂ। ਪ੍ਰਾਪਤ ਅੰਕੜਿਆਂ ਅਨੁਸਾਰ ਮੱਧ-ਪ੍ਰਦੇਸ਼ 'ਚ ਕਾਂਗਰਸ ਕੋਲ 114 ਸੀਟਾਂ ਹਨ, ਜਦਕਿ ਭਾਜਪਾ ਕੋਲ 109 ਸੀਟਾਂ ਹਨ। ਇੱਥੇ 22 ਸੀਟਾਂ ਹੋਰ ਪਾਰਟੀਆਂ ਕੋਲ ਹਨ, ਜਦਕਿ ਕਰਨਾਟਕ 'ਚ ਭਾਜਪਾ ਕੋਲ ਤਾਂ 104 ਸੀਟਾਂ ਪਰ ਸਰਕਾਰ ਕਾਂਗਰਸ ਦੀ ਹਮਾਇਤ ਨਾਲ ਜਨਤਾ ਦਲ (ਸ) ਦੀ ਬਣੀ ਹੋਈ ਹੈ ਅਤੇ ਇਨ੍ਹਾਂ ਨੇ ਕਾਂਗਰਸ ਦੀਆਂ 80 ਸੀਟਾਂ ਦਾ ਸਮਰੱਥਨ ਲਿਆ ਹੋਇਆ ਹੈ।

ਜੇਕਰ 2013 ਦੀਆਂ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਮੱਧ-ਪ੍ਰਦੇਸ਼ 'ਚ ਭਾਜਪਾ ਕੋਲ 165 ਸੀਟਾਂ, ਜਦਕਿ ਕਾਂਗਰਸ ਕੋਲ 58 ਸੀਟਾਂ ਅਤੇ ਬਾਕੀ ਪਾਰਟੀਆਂ ਕੋਲ 17 ਸੀਟਾਂ ਸਨ। ਇਸੇ ਤਰ੍ਹਾਂ ਕਰਨਾਟਕਾਂ 'ਚ 2013 ਦੌਰਾਨ ਕਾਂਗਰਸ ਕੋਲ 121 ਸੀਟਾਂ ਸਨ ਅਤੇ ਭਾਜਪਾ ਕੋਲ 40, ਜਦਕਿ ਜਨਤਾ ਦਲ (ਸ) ਕੋਲ 40 ਸੀਟਾਂ ਸਨ। ਦੇਖਿਆ ਜਾਵੇ ਤਾਂ ਹੁਣ ਹੋਈਆਂ ਲੋਕ ਸਭਾ ਚੋਣਾਂ-2019 ਤੋਂ ਪਹਿਲਾਂ ਦੋਵਾਂ ਸੂਬਿਆਂ 'ਚ ਟਿਕਟਾਂ ਸਬੰਧੀ 2 ਕਾਂਗਰਸੀ ਵਿਧਾਇਕਾਂ ਨੇ ਬਗਾਵਤ ਵੀ ਕੀਤੀ ਸੀ ਅਤੇ ਇਸ ਸਬੰਧੀ ਉਨ੍ਹਾਂ ਪਹਿਲਾਂ ਪ੍ਰੈੱਸ ਕਾਨਫਰੰਸ ਵੀ ਕਰ ਦਿੱਤੀ ਸੀ। ਇਸ ਬਗਾਵਤ ਦਾ ਫਾਇਦਾ ਹੁਣ ਨਰਿੰਦਰ ਮੋਦੀ ਸਿੱਧੇ ਰੂਪ 'ਚ ਉਠਾ ਸਕਦੇ ਹਨ। ਦੋਵਾਂ ਸੂਬਿਆਂ 'ਚ ਜਿੰਨੇ ਕੁ ਵਿਧਾਇਕਾਂ ਦੀ ਜ਼ਰੂਰਤ ਭਾਜਪਾ ਨੂੰ ਹੈ, ਉਨੇ ਕੁ ਵਿਧਾਇਕ ਪਹਿਲਾਂ ਹੋਰ ਪਾਰਟੀਆਂ 'ਚ ਹਨ ਅਤੇ ਉਹ ਆਸਾਨੀ ਨਾਲ ਮੋਦੀ ਦੀ ਦੂਜੀ ਵਾਰ ਹੋ ਰਹੀ ਤਾਜਪੋਸ਼ੀ ਕਰ ਕੇ ਭਾਜਪਾ ਨੂੰ ਸਮਰੱਥਨ ਦੇ ਸਕਦੇ ਹਨ। ਸਿਆਸੀ ਮਾਹਿਰ ਮੰਨਦੇ ਹਨ ਕਿ ਮੋਦੀ ਦੂਜੀ ਵਾਰ ਸਰਕਾਰ ਬਣਾਉਂਦੇ ਆਪਣੇ ਰਸੂਖ ਨਾਲ ਕਰਨਾਟਕ ਅਤੇ ਮੱਧ-ਪ੍ਰਦੇਸ਼ 'ਚ ਜੋੜ-ਤੋੜ ਕਰਕੇ ਭਾਜਪਾ ਨੂੰ ਵੱਡਾ ਤੋਹਫਾ ਦੇ ਸਕਦੇ ਹਨ ਅਤੇ ਜੇਕਰ ਇਸ ਤਰ੍ਹਾਂ ਹੋਇਆ ਤਾਂ ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਇਕ ਵੱਡਾ ਝਟਕਾ ਮਿਲ ਸਕਦਾ ਹੈ।


author

rajwinder kaur

Content Editor

Related News