ਪੰਜਾਬੀ ਵਿਰਾਸਤੀ ਗੀਤਕਾਰੀ ਦੇ ਭੀਸ਼ਮ ਪਿਤਾਮਾ 'ਦੇਵ ਥਰੀਕੇ ਵਾਲਾ'
Thursday, Jan 27, 2022 - 12:52 PM (IST)
ਪੰਜਾਬੀ ਵਿਰਾਸਤੀ ਗੀਤਕਾਰੀ ਦੇ ਭੀਸ਼ਮ ਪਿਤਾਮਾ ਹਰਦੇਵ ਦਿਲਗੀਰ ਉਭਰਦੇ ਨੌਜਵਾਨ ਗੀਤਕਾਰਾਂ ਲਈ ਪ੍ਰੇਰਨਾ ਸਰੋਤ ਸਨ। ਉਨ੍ਹਾਂ ਦੇ ਅਲਵਿਦਾ ਹੋ ਜਾਣ ਨਾਲ ਇਕ ਯੁਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੂੰ ਪੰਜਾਬੀ ਪਰਿਵਾਰਿਕ ਗੀਤਕਾਰੀ ਦਾ ਥੰਮ੍ਹ ਅਤੇ ਪੰਜਾਬੀ ਵਿਰਾਸਤ ਦਾ ਪਹਿਰੇਦਾਰ ਕਿਹਾ ਜਾਂਦਾ ਸੀ। ਹਰਦੇਵ ਦਿਲਗੀਰ, ਜਿਹੜੇ ਦੇਵ ਥਰੀਕੇ ਵਾਲਾ ਦੇ ਨਾਮ ਨਾਲ ਸਮੁੱਚੇ ਪੰਜਾਬੀ ਸੰਸਾਰ 'ਚ ਜਾਣੇ ਅਤੇ ਪਛਾਣੇ ਜਾਂਦੇ ਸਨ। ਪੰਜਾਬੀ ਭਾਸ਼ਾ ਦੀ ਸੱਭਿਅਚਾਰਕ ਵਿਰਾਸਤ ਨੂੰ ਜ਼ਰਖੇਜ਼ ਕਰਨ 'ਚ ਵਡਮੁੱਲਾ ਯੋਗਦਾਨ ਪਾਉਣ ਦਾ ਮਾਣ ਵੀ ਦੇਵ ਥਰੀਕੇ ਵਾਲਾ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਨੂੰ ਹੁਸਨ ਇਸ਼ਕ ਦੇ ਘੇਰੇ 'ਚੋਂ ਕੱਢਕੇ ਪਰਿਵਾਰਿਕ ਸੱਥਾਂ ਦਾ ਸ਼ਿੰਗਾਰ ਬਣਾਇਆ ਸੀ।
ਅੱਧੀ ਸਦੀ ਤੱਕ ਗੀਤਕਾਰੀ ਦੇ ਖ਼ੇਤਰ 'ਚ ਧਰੂ ਤਾਰੇ ਦੀ ਤਰ੍ਹਾਂ ਚਮਕਣ ਵਾਲਾ ਦੇਵ ਥਰੀਕੇ ਵਾਲਾ 83 ਸਾਲ ਦੀ ਉਮਰ 'ਚ 25 ਜਨਵਰੀ 2022 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਬਹੁ-ਪੱਖੀ ਅਤੇ ਬਹੁ ਦਿਸ਼ਾਵੀ ਗੀਤਕਾਰ ਸਨ, ਜਿਨ੍ਹਾਂ ਨੇ ਲੋਕ ਗੀਤ, ਲੋਕ ਗਾਥਾਵਾਂ ਅਤੇ ਮਿਥਹਾਸਿਕ ਅਤੇ ਇਤਿਹਾਸਕ ਘਟਨਾਵਾਂ ਨੂੰ ਲੋਕਾਂ ਦੀ ਕਚਹਿਰੀ 'ਚ ਲਿਆਉਣ ਨੂੰ ਤਰਜ਼ੀਹ ਦਿੱਤੀ। ਉਨ੍ਹਾਂ ਦੇ ਗੀਤ ਪੰਜਾਬੀਆਂ ਦੀ ਰੂਹ ਦੀ ਆਵਾਜ਼ ਬਣਦੇ ਰਹੇ ਹਨ। ਉਹ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸਨ, ਜਿਨ੍ਹਾਂ ਦੇ ਸੈਂਕੜੇ ਗੀਤ ਸੁਪਰਹਿੱਟ ਹੋਏ ਸਨ। ਮਾਂ ਨੂੰ ਉਤਮ ਦਰਜਾ ਦੇਣ ਵਾਲਾ ਗੀਤ 'ਮਾਂ ਹੁੰਦੀ ਏ ਮਾਂ' ਪੰਜਾਬੀਆਂ ਦੇ ਦਿਲਾਂ ਅਤੇ ਹਰ ਘਰ-ਪਰਿਵਾਰ ਦੀ ਧੜਕਣ ਬਣ ਗਿਆ ਸੀ। ਪੰਜਾਬੀ ਵਿਰਸਾ ਬੜਾ ਅਮੀਰ ਹੈ, ਜਿਸ ਨੂੰ ਗੁਰੂਆਂ ਦੀ ਕਲਮ ਦੀ ਛੋਹ ਪ੍ਰਾਪਤ ਹੈ। ਗੁਰੂਆਂ ਦੇ ਮੁਖ਼ਾਰਬਿੰਦ ਨਾਲ ਇਹ ਭਾਸ਼ਾ ਮਾਖਿਓਂ ਮਿੱਠੀ ਹੋ ਗਈ। ਪੁਸ਼ਤ ਦਰ ਪੁਸ਼ਤ ਸਫ਼ਰ ਕਰਦੀ ਪੰਜਾਬੀ ਭਾਸ਼ਾ 'ਚ ਹੋਰ ਨਿਖ਼ਾਰ ਆ ਗਿਆ। ਫਿਰ ਇਹ ਉਰਦੂ ਦੀ ਥਾਂ ਲੋਕ ਭਾਸ਼ਾ ਬਣ ਗਈ। ਗੁਰੂਆਂ ਦੀ ਵਿਰਾਸਤ 'ਤੇ ਪਹਿਰਾ ਦਿੰਦਿਆਂ ਦੇਵ ਥਰੀਕੇ ਵਾਲਾ ਨੇ ਫੋਕੀ ਵਾਹ-ਵਾਹੀ ਲਈ ਗੀਤ ਨਹੀਂ ਲਿਖੇ, ਸਗੋਂ ਉਨ੍ਹਾਂ ਦੇ ਗੀਤ ਇਤਿਹਾਸ ਦਾ ਹਿੱਸਾ ਬਣੇ। ਵਰਤਮਾਨ ਗਾਇਕੀ 'ਚ ਸਾਜਾਂ ਦੇ ਰੌਲੇ ਗੌਲੇ 'ਚ ਉਨ੍ਹਾਂ ਦੇ ਗੀਤਾਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਇਸ ਸਮੇਂ ਪੰਜਾਬੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ ਪਰ ਅਖੌਤੀ ਬੁੱਧੀਜੀਵੀ ਸਾਹਿਤਕਾਰਾਂ ਨੇ ਪੰਜਾਬੀ ਨੂੰ ਸਰਲ ਬਣਾਉਣ ਦੀ ਥਾਂ ਔਖੀ ਭਾਸ਼ਾ ਬਣਾ ਦਿੱਤਾ। ਔਖੀ ਸ਼ਬਦਾਵਲੀ ਵਰਤਕੇ ਉਹ ਆਪਣੀ ਵਿਦਵਤਾ ਦਾ ਸਬੂਤ ਦੇਣਾ ਚਾਹੁੰਦੇ ਹਨ ਭਾਵੇਂ ਪੜ੍ਹਨ ਅਤੇ ਸੁਣਨ ਵਾਲੇ ਦੇ ਪੱਲੇ ਕੁਝ ਵੀ ਨਾ ਪਵੇ। ਫਿਰ ਵੀ ਲੋਕ ਬੋਲੀ ਦੇ ਕੁਝ ਕੁ ਹਿਤੈਸ਼ੀਆਂ ਨੇ ਪੰਜਾਬੀ ਬੋਲੀ ਦੀ ਸਰਲਤਾ ਨੂੰ ਬਰਕਰਾਰ ਹੀ ਨਹੀਂ ਰੱਖਿਆ ਸਗੋਂ ਲੋਕਾਂ ਦੀ ਜ਼ੁਬਾਨ 'ਚ ਸਾਹਿਤ ਲਿਖਕੇ ਇਸ ਨੂੰ ਮਾਣ ਸਤਿਕਾਰ ਦਿੱਤਾ ਹੈ। ਉਨ੍ਹਾਂ ਸਾਹਿਤਕਾਰਾਂ ਅਤੇ ਗੀਤਕਾਰਾਂ 'ਚ ਹਰਦੇਵ ਦਿਲਗੀਰ ਦਾ ਨਾਂ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਮ ਲੋਕਾਂ ਦੇ ਦਿਲਾਂ ਨੂੰ ਟੁੰਬਕੇ ਹੁਲਾਰਾ ਦੇਣ ਵਾਲੇ ਗੀਤ ਲਿਖ ਕੇ ਪੰਜਾਬੀ ਬੋਲੀ ਨੂੰ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਲਾ ਦਿੱਤਾ ਹੈ। ਯਾਰਾਂ ਦਾ ਯਾਰ ਅਤੇ ਨਮਰਤਾ ਦੇ ਪੁੰਜ ਹਰਦੇਵ ਦਿਲਗੀਰ ਨੂੰ ਪੰਜਾਬੀ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਰਹਿਣਗੇ। ਹਰਦੇਵ ਦਿਲਗੀਰ ਉਹ ਗੀਤਕਾਰ ਸਨ, ਜਿਨ੍ਹਾਂ ਦੇ ਗੀਤਾਂ ਕਰਕੇ ਉਨ੍ਹਾਂ ਦੇ ਪਿੰਡ ਦਾ ਨਾਂ ਪੰਜਾਬੀ ਦੁਨੀਆਂ 'ਚ ਅਮਰ ਹੋ ਗਿਆ ਹੈ।
ਹਰਦੇਵ ਦਿਲਗੀਰ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਨੱਥੂ ਵਾਲਾ ਜਦੀਦ ਨੇੜੇ ਮਹਿਣਾ (ਮੋਗਾ) ਵਿਖੇ ਪਿਤਾ ਰਾਮ ਸਿੰਘ ਅਤੇ ਮਾਤਾ ਅਮਰ ਕੌਰ ਦੀ ਕੁੱਖੋਂ 19 ਸਤੰਬਰ 1939 ਨੂੰ ਹੋਇਆ। ਪ੍ਰਾਇਮਰੀ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਪਿੰਡ ਥਰੀਕਿਆਂ ਦੇ ਸਕੂਲ, ਮਿਡਲ ਤੋਂ ਅਤੇ ਦਸਵੀਂ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪਾਸ ਕੀਤੀ। ਇਸ ਤੋਂ ਬਾਅਦ ਜੇ. ਬੀ. ਟੀ. ਦੀ ਸਿਖਿਆ ਜਗਰਾਓਂ ਤੋਂ ਪ੍ਰਾਪਤ ਕੀਤੀ। ਜੇ. ਬੀ. ਟੀ. ਕਰਨ ਉਪਰੰਤ ਅਧਿਆਪਕ ਦੀ ਨੌਕਰੀ ਕਰ ਲਈ। ਨੌਕਰੀ ਦੌਰਾਨ ਵੱਖ-ਵੱਖ ਸਕੂਲਾਂ 'ਚ ਜਾਣਾ ਪਿਆ, ਜਿਸ ਨਾਲ ਜ਼ਿੰਦਗੀ ਦਾ ਤਜਰਬਾ ਵਿਸ਼ਾਲ ਹੋ ਗਿਆ। 1957 'ਚ ਸਕੂਲ ਪੜ੍ਹਦਿਆਂ ਹਰਦੇਵ ਦਿਲਗੀਰ ਦਾ ਮੇਲ ਗਿਆਨੀ ਹਰੀ ਸਿੰਘ ਦਿਲਬਰ ਨਾਲ ਹੋ ਗਿਆ। ਗਿਆਨੀ ਹਰੀ ਸਿੰਘ ਦਿਲਬਰ ਉਸ ਸਮੇਂ ਦਾ ਮੰਨਿਆ-ਪ੍ਰਮੰਨਿਆ ਲੇਖਕ ਸੀ। ਹਰਦੇਵ ਦਿਲਗੀਰ ਨੂੰ ਕਵਿਤਾਵਾਂ ਲਿਖਣ ਦਾ ਪਹਿਲਾਂ ਹੀ ਸ਼ੌਕ ਸੀ। ਇਸ ਸ਼ੌਕ ਨੂੰ ਗਿਆਨੀ ਹਰੀ ਸਿੰਘ ਦਿਲਬਰ ਨੇ ਪਛਾਣਦਿਆਂ ਉਨ੍ਹਾਂ ਨੂੰ ਕਵਿਤਾਵਾਂ ਦੇ ਨਾਲ ਕਹਾਣੀਆਂ ਲਿਖਣ ਲਈ ਪ੍ਰੇਰਿਆ। ਉਨ੍ਹਾਂ ਨੇ ਹੀ ਹਰਦੇਵ ਦੇ ਨਾਂ ਨਾਲ ਸਾਹਿਤਕ ਨਾਂ ਦਿਲਗੀਰ ਲਿਖਣ ਦੀ ਸਲਾਹ ਦਿੱਤੀ। ਚੜ੍ਹਦੀ ਉਮਰ 'ਚ ਹੀ ਕਵਿਤਾਵਾਂ ਅਤੇ ਕਹਾਣੀਆਂ ਰਸਾਲਿਆਂ 'ਚ ਪ੍ਰਕਾਸ਼ਿਤ ਹੋਣ ਨਾਲ ਹਰਦੇਵ ਦਿਲਗੀਰ ਦਾ ਹੌਸਲਾ ਵੱਧ ਗਿਆ ਅਤੇ ਗਿਆਨੀ ਹਰੀ ਸਿੰਘ ਦਿਲਬਰ ਦੀ ਥਾਪੀ ਨੇ ਹੋਰ ਉਤਸ਼ਾਹਿਤ ਕੀਤਾ। ਉਨ੍ਹਾਂ ਦੀਆਂ 4 ਕਹਾਣੀਆਂ ਦੀਆਂ ਪੁਸਤਕਾਂ, 'ਰੋਹੀ ਦਾ ਫੁੱਲ', 'ਇੱਕ ਸੀ ਕੁੜੀ', 'ਜ਼ੈਲਦਾਰਨੀ', 'ਹੁੱਕਾ ਪਾਣੀ' ਅਤੇ 7 ਬਾਲ ਪੁਸਤਕਾਂ 'ਮਾਵਾਂ ਠੰਡੀਆਂ ਛਾਵਾਂ', 'ਪੈਰਾਂ ਵਾਲਾ ਤਾਰਾ', 'ਅੱਲੜ ਬੱਲੜ ਬਾਵੇ ਦਾ', 'ਘੁੱਗੀਏ ਨੀ ਘੁੱਗੀਏ ਨੱਚ ਕੇ ਵਿਖਾ', 'ਮੇਰੀ ਧਰਤੀ ਮੇਰਾ ਦੇਸ', 'ਚੁੱਕ ਭੈਣ ਬਸਤਾ ਸਕੂਲੇ ਚਲੀਏ', 'ਚੰਦ ਮਾਮਾ ਡੋਰੀਆ' ਅਤੇ 24 ਗੀਤਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਗੀਤਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਨ ਦੀ ਸ਼ੁਰੂਆਤ ਕਰਨ ਦਾ ਇਤਫਾਕ ਵੀ ਦੇਵ ਥਰੀਕੇ ਵਾਲਾ ਨੂੰ ਹੀ ਹੋਇਆ। ਬੱਚਿਆਂ ਲਈ ਪੁਸਤਕਾਂ ਪ੍ਰਾਇਮਰੀ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਣ ਕਰਕੇ ਲਿਖੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਦੀਆਂ 13 ਫ਼ਿਲਮਾਂ ਲਈ ਵੀ ਗੀਤ ਲਿਖੇ। ਉਸ ਤੋਂ ਬਾਅਦ ਤਾਂ ਫਿਰ ਚਲ ਸੋ ਚਲ ਹੁਣ ਤੱਕ 35 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ।
ਉਨ੍ਹਾਂ ਦਾ ਕਹਾਣੀਆਂ ਅਤੇ ਕਵਿਤਾਵਾਂ ਵੱਲੋਂ ਗੀਤਾਂ ਵਲ ਪ੍ਰੇਰਿਤ ਹੋਣ ਦਾ ਵੀ ਅਜ਼ੀਬ ਕਿੱਸਾ ਹੈ। 21 ਸਾਲ ਦੀ ਭਰ ਜਵਾਨੀ ਦੀ ਉਮਰ 'ਚ ਉਨ੍ਹਾਂ ਦਾ ਮੇਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਿਆੜ ਦੇ ਪ੍ਰੇਮ ਕੁਮਾਰ ਸ਼ਰਮਾ ਨਾਲ ਮਾਲਵਾ ਖਾਲਸਾ ਹਾਈ ਸਕੂਲ 'ਚ ਪੜ੍ਹਦਿਆਂ ਐੱਚ. ਐੱਮ. ਵੀ. ਕੰਪਨੀ ਦੀ ਅਡੀਸ਼ਨ ਮੌਕੇ ਹੋਇਆ। ਪ੍ਰੇਮ ਕੁਮਾਰ ਦੀ ਆਵਾਜ਼ ਚੰਗੀ ਸੀ, ਇਸ ਕਰਕੇ ਉਹ ਅਡੀਸ਼ਨ 'ਚ ਪਾਸ ਹੋ ਗਏ। ਕੰਪਨੀ ਨੇ ਉਨ੍ਹਾਂ ਨੂੰ ਗੀਤ ਲੈ ਕੇ ਦਿੱਲੀ ਆਉਣ ਲਈ ਕਿਹਾ। ਪ੍ਰੇਮ ਕੁਮਾਰ ਗੀਤ ਲੈਣ ਵਾਸਤੇ ਇੰਦਰਜੀਤ ਹਸਨਪੁਰੀ ਕੋਲ ਗਿਆ। ਹਸਨਪੁਰੀ ਨੇ ਗੀਤ ਦੇਣ ਦਾ ਵਾਅਦਾ ਕੀਤਾ ਪਰ ਮੌਕੇ 'ਤੇ ਗੀਤ ਨਾ ਦਿੱਤੇ। ਪ੍ਰੇਮ ਕੁਮਾਰ ਨੇ ਹਰਦੇਵ ਦਿਲਗੀਰ ਨੂੰ ਗੀਤ ਲਿਖਕੇ ਦੇਣ ਦੀ ਬੇਨਤੀ ਕੀਤੀ। ਹਰਦੇਵ ਦਿਲਗੀਰ ਨੂੰ ਗੀਤ ਲਿਖਣ ਦਾ ਤਜਰਬਾ ਨਹੀਂ ਸੀ ਪਰ ਦੋਸਤ ਦੇ ਜ਼ੋਰ ਪਾਉਣ ਤੇ ਚਾਰ ਗੀਤ ਉਨ੍ਹਾਂ ਨੂੰ ਲਿਖਕੇ ਦਿੱਤੇ। ਕੰਪਨੀ ਨੂੰ ਉਹ ਗੀਤ ਬਹੁਤ ਪਸੰਦ ਆਏ ਅਤੇ ਚਾਰੇ ਗੀਤ ਰਿਕਾਰਡ ਹੋ ਗਏ। ਇਨ੍ਹਾਂ ਗੀਤਾਂ ਦੀ ਰਿਕਾਰਡਿੰਗ ਅਤੇ ਮਿਲੀ ਰਾਇਲਟੀ ਨੇ ਹਰਦੇਵ ਦਿਲਗੀਰ ਨੂੰ ਗੀਤ ਲਿਖਣ ਲਈ ਉਤਸ਼ਾਹਿਤ ਕੀਤਾ। ਉਸ ਦਿਨ ਤੋਂ ਬਾਅਦ ਹਰਦੇਵ ਦਿਲਗੀਰ ਦੀ ਗੁੱਡੀ ਚੜ੍ਹ ਗਈ ਅਤੇ ਉਹ ਚੋਣਵੇਂ ਗੀਤਕਾਰਾਂ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਗੁਰਦੇਵ ਸਿੰਘ ਮਾਨ ਨੂੰ ਆਪਣਾ ਗੁਰੂ ਧਾਰ ਲਿਆ। ਗੀਤਾਂ ਅਤੇ ਕਵਿਤਾਵਾਂ ਦਾ ਸ਼ੌਕ ਇੰਨਾ ਸੀ ਕਿ ਇੱਕ ਵਾਰ ਜਦੋਂ ਉਹ ਜਗਰਾਓਂ ਜੇ. ਬੀ. ਟੀ. ਕਰ ਰਹੇ ਸਨ ਤਾਂ ਆਪਣੇ ਪਿੰਡ ਉਸ ਦਾ ਅਖਾੜਾ ਸੁਣਨ ਲਈ ਘਰਦਿਆਂ ਤੋਂ ਚੋਰੀ ਆ ਗਏ ਅਤੇ ਆਪਣੇ ਘਰ ਨਹੀਂ ਗਏ, ਅਖਾੜੇ ਤੋਂ ਹੀ ਜਗਰਾਓਂ ਵਾਪਸ ਚਲੇ ਗਏ। ਉਨ੍ਹਾਂ ਦੀ ਦਾਦੀ ਚਾਹੁੰਦੀ ਸੀ ਕਿ ਉਹ ਸਰਕਾਰੀ ਨੌਕਰੀ ਕਰਨ ਇਸ ਤੋਂ ਬਾਅਦ ਉਨ੍ਹਾਂ ਦੇ ਪੀ. ਟੀ. ਆਈ. ਅਧਿਆਪਕ ਗੁਰਦਿਆਲ ਸਿੰਘ ਨੇ ਉਨ੍ਹਾਂ ਦਾ ਕੁਲਦੀਪ ਮਾਣਕ ਨਾਲ ਮੇਲ ਕਰਵਾਇਆ। ਕੁਲਦੀਪ ਮਾਣਕ ਨਾਲ ਉਨ੍ਹਾਂ ਦੀ ਅਜਿਹੀ ਯਾਰੀ ਪਈ, ਜਿਹੜੀ ਤਾਅ ਉਮਰ ਨਿੱਭਦੀ ਰਹੀ। ਯਾਰੀ ਨਿਭਾਉਣੀ ਸਿੱਖਣੀ ਹੋਵੇ ਤਾਂ ਹਰਦੇਵ ਦਿਲਗੀਰ ਤੋਂ ਵਧੀਆ ਇਨਸਾਨ ਕੋਈ ਹੋ ਨਹੀਂ ਸਕਦਾ ਸੀ। ਜਿਸ ਵੀ ਵਿਅਕਤੀ ਨੂੰ ਇਕ ਵਾਰ ਮਿਲ ਲਏ ਹਮੇਸ਼ਾ ਉਸ ਦੇ ਬਣਕੇ ਰਹਿ ਜਾਂਦੇ ਸਨ। ਕੁਲਦੀਪ ਮਾਣਕ ਨਾਲ ਉਨ੍ਹਾਂ ਇਕੱਠਿਆਂ ਸਾਂਝੀ ਖੇਤੀਬਾੜੀ ਵੀ ਕੀਤੀ। ਮਾਣਕ 18 ਸਾਲ ਥਰੀਕੇ ਪਿੰਡ 'ਚ ਹਰਦੇਵ ਦਿਲਗੀਰ ਦੇ ਗੁਆਂਢ ਵਿਚ ਰਿਹਾ। ਉਨ੍ਹਾਂ ਦਾ ਇੱਕ ਗੀਤ 'ਟਿੱਲੇ ਵਾਲਿਆ ਮਿਲਾਦੇ ਹੀਰ ਜੱਟੀ ਨੂੰ ਤੇਰਾ ਕਿਹੜਾ ਮੁੱਲ ਲਗਦਾ' ਤਿੰਨ ਕਲਾਕਾਰਾਂ ਕਰਮਜੀਤ ਧੂਰੀ, ਕੁਲਦੀਪ ਮਾਣਕ ਅਤੇ ਸੁਰਿੰਦਰ ਕੌਰ ਨੇ ਆਪੋ ਆਪਣੀ ਆਵਾਜ਼ ਵਿਚ ਗਾਇਆ।
ਹਰਦੇਵ ਦਿਲਗੀਰ ਦੇ ਲਿਖੇ ਅਤੇ ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦੇ ਵੱਲੋਂ ਗਾਏ ਗੀਤਾਂ ਨੇ ਹਰਦੇਵ ਦਿਲਗੀਰ ਨੂੰ ਅਮਰ ਕਰ ਦਿੱਤਾ। ਹਰਦੇਵ ਦਿਲਗੀਰ ਵੱਲੋਂ ਜਿਊਣਾ ਮੌੜ ਦੇ ਲਿਖੇ ਅਤੇ ਸੁਰਿੰਦਰ ਛਿੰਦਾ ਵਲੋਂ ਗਾਏ ਗੀਤਾਂ ਦੀ ਉਨ੍ਹਾਂ ਦਿਨਾਂ 'ਚ ਡੇਢ ਲੱਖ ਰੁਪਏ ਦੀ ਰਾਇਲਿਟੀ ਮਿਲੀ ਸੀ। ਹਰਦੇਵ ਦਿਲਗੀਰ ਨੂੰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਦੇਸ ਵਿਦੇਸ 'ਚ ਸਨਮਾਨਿਤ ਕੀਤਾ ਗਿਆ ਹੈ। ਇੰਗਲੈਂਡ ਦੇ ਡਰਬੀ ਸ਼ਹਿਰ 'ਚ ਉਨ੍ਹਾਂ ਦੇ ਉਪਾਸ਼ਕਾਂ ਨੇ ਉਨ੍ਹਾਂ ਦੇ ਨਾਂ ਤੇ ਇੱਕ 'ਦੇਵ ਥਰੀਕੇ ਐਪਰੀਸੀਏਸ਼ਨ ਸੋਸਾਇਟੀ' ਵੀ ਬਣਾਈ ਹੋਈ ਹੈ, ਜੋ ਕਿ ਹਰ ਸਾਲ ਇੱਕ ਗਾਇਕਾ ਅਤੇ ਗੀਤਕਾਰ ਨੂੰ ਸਨਮਾਨਿਤ ਕਰਦੀ ਹੈ। ਉਹ ਸੋਸਾਇਟੀ ਹਰ ਮਹੀਨੇ 100 ਪੌਂਡ ਹਰਦੇਵ ਦਿਲਗੀਰ ਨੂੰ ਭੇਜਦੀ ਰਹੀ ਹੈ। ਉਨ੍ਹਾਂ ਨੂੰ ਇੱਕ ਕਾਰ ਬੀ. ਐੱਮ. ਡਬਲਿਊ ਭੇਂਟ ਕੀਤੀ ਸੀ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਨੇ ਇੱਕ ਕਾਰ ਭੇਂਟ ਕੀਤੀ ਸੀ, ਜੋ ਕਿ ਅਖੀਰੀ ਸਮੇਂ ਤੱਕ ਉਨ੍ਹਾਂ ਨੇ ਆਪਣੇ ਕੋਲ ਰੱਖੀ ਹੋਈ ਸੀ। ਸ਼ੁਰੂ 'ਚ ਦੇਵ ਥਰੀਕੇ ਵਾਲਾ ਨੇ ਰੋਮਾਂਟਿਕ ਗੀਤ ਲਿਖੇ ਪਰ ਉਸ ਤੋਂ ਬਾਅਦ ਉਨ੍ਹਾਂ ਦੇ ਬਹੁਤੇ ਹਰਮਨ ਪਿਆਰੇ ਹੋਏ ਗੀਤ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਘਟਨਾਵਾਂ ਨਾਲ ਸੰਬੰਧਿਤ ਹਨ। ਹਰਦੇਵ ਦਿਲਗੀਰ ਰੇਡੀਓ ਅਤੇ ਟੀ. ਵੀ. ਚੈਨਲਾਂ ਤੇ ਪ੍ਰੋਗਰਾਮ ਕਰਨ ਜਾਂਦੇ ਰਹਿੰਦੇ ਸਨ। ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ ਸਨ, ਜਿਨ੍ਹਾਂ 'ਚ ਈ. ਟੀ. ਸੀ. ਜੀ ਪੰਜਾਬੀ ਚੈਨਲ ਵੱਲੋਂ ਲਾਈਫ ਟਾਈਮ ਅਚੀਵਮੈਂਟ, ਪ੍ਰੋ.ਮੋਹਨ ਸਿੰਘ ਯਾਦਗਾਰੀ ਸਨਮਾਨ, ਅੰਤਰਰਾਸ਼ਟਰੀ ਸੰਗੀਤ ਸਮੇਲਨ ਦਿੱਲੀ-1992 ਅਤੇ ਅਮਰ ਸਿੰਘ ਸ਼ੌਕੀ ਢਾਡੀ ਸਨਮਾਨ ਮਾਹਲਪੁਰ ਵੀ ਸ਼ਾਮਲ ਹਨ। ਪੁਸਤਕਾਂ, ਅਖ਼ਬਾਰ ਅਤੇ ਰਸਾਲੇ ਪੜ੍ਹਨਾ ਅਤੇ ਗੀਤ ਲਿਖਣਾ ਉਨ੍ਹਾਂ ਦਾ ਸ਼ੌਕ ਬਰਕਰਾਰ ਰਿਹਾ ਹੈ। ਉਹ 1997 'ਚ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਆਪਣੇ ਪਿੰਡ ਥਰੀਕੇ ਹੀ ਰਹਿੰਦੇ ਹਨ। ਉਨ੍ਹਾਂ ਦੇ ਸਵਰਗਵਾਸ ਹੋਣ ਨਾਲ ਗੀਤਕਾਰੀ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੀ ਯਾਦ 'ਚ ਭੋਗ ਕੱਲ ਯਾਨੀਕਿ 28 ਜਨਵਰੀ ਨੂੰ ਗੁਰਦੁਆਰਾ ਅਤਰਸਰ ਸਾਹਿਬ ਪਿੰਡ ਥਰੀਕੇ ਵਿਖੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਪਵੇਗਾ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਉਜਾਗਰ ਸਿੰਘ