ਮਸ਼ਹੂਰ ਪ੍ਰੋਗਰਾਮ 'ਮਿਸਟਰ ਰੋਜ਼ਰਜ਼ ਨੇਬਰਹੁੱਡ' ਅਤੇ Can you say Hero ?

Tuesday, May 12, 2020 - 04:28 PM (IST)

ਮਸ਼ਹੂਰ ਪ੍ਰੋਗਰਾਮ 'ਮਿਸਟਰ ਰੋਜ਼ਰਜ਼ ਨੇਬਰਹੁੱਡ' ਅਤੇ Can you say Hero ?

ਹਰਪ੍ਰੀਤ ਸਿੰਘ ਕਾਹਲੋਂ

"ਕੀ ਤੁਹਾਨੂੰ ਪਤਾ ਹੈ ਕਿਸੇ ਨੂੰ ਮਾਫ਼ ਕਰਨਾ ਕੀ ਹੁੰਦਾ ਹੈ ?
ਇਹ ਇਕ ਅਜਿਹਾ ਫ਼ੈਸਲਾ ਹੁੰਦਾ ਹੈ, ਜਦੋਂ ਤੁਸੀਂ ਕਿਸੇ ਨੂੰ ਆਪਣੇ ਗੁੱਸੇ ਅਤੇ ਨਫ਼ਰਤ ਤੋਂ ਆਜ਼ਾਦ ਕਰਦੇ ਹੋ। ਇਹ ਬਹੁਤ ਖਾਸ ਗੱਲ ਹੈ ਕਿ ਕਿਸੇ ਨੂੰ ਮਾਫ਼ ਕਰਨਾ ਉਦੋਂ ਸਭ ਤੋਂ ਵੱਧ ਮੁਸ਼ਕਲ ਹੁੰਦਾ ਹੈ, ਜਦੋਂ ਸਾਨੂੰ ਦੁੱਖ ਪਹੁੰਚਾਉਣ ਵਾਲਾ ਕੋਈ ਆਪਣਾ ਹੋਵੇ। ਯਾਦ ਰੱਖਿਓ ਮਾਫ਼ੀ ਦੇਣ ਵਾਲੇ ਬੰਦੇ ਹੀਰੇ ਹੁੰਦੇ ਹਨ। " - ਫ੍ਰੈਡ ਰੋਜ਼ਰਜ਼ (20 ਮਾਰਚ 1928- 27 ਫਰਵਰੀ 2003) 

ਫ੍ਰੈਡ ਰੋਜ਼ਰਜ਼ ਨੇ ਕਦੀ ਇਹ ਕਿਹਾ ਸੀ। ਇਸ ਦੌਰ ਦੀਆਂ ਬਹੁਤ ਸਾਰੀਆਂ ਲੜਾਈਆਂ ਸ਼ਿਕਵੇ ਸ਼ਿਕਾਇਤਾਂ ਇਸ ਨਾਲ ਖਤਮ ਹੋ ਸਕਦੀਆਂ ਹਨ। ਸਿੱਖਿਆ ਦੇ ਖੇਤਰ ਤੋਂ ਲੈ ਕੇ ਸਾਡੇ ਸਮਾਜ ਵਿਚ ਮਾਪਿਆਂ ਦਾ ਸਾਡੇ ਬੱਚਿਆਂ ਦਾ ਇਹ ਵਿਸ਼ਾ ਅਕਸਰ ਰਿਹਾ ਹੈ। ਅਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਖਾਸ ਹਿੱਸਾ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿਚ ਲਾਉਂਦੇ ਹਾਂ। ਇੰਝ ਕਰਦਿਆਂ ਅਸੀਂ ਜਿਸ ਖੇਡ ਵਿਚ ਪੈ ਗਏ ਹਾਂ ਉਸ ਦੀ ਇਕ ਚਰਚਾ ਇਹ ਵੀ ਹੈ ਕਿ ਅਸੀਂ ਬੱਚਿਆਂ ਦੇ ਮੁਕਾਬਲੇ ਕਰਵਾਉਂਦਿਆਂ ਉਨ੍ਹਾਂ ਨੂੰ ਸਿਰਫ ਨੰਬਰਾਂ ਦੀ ਖੇਡ ਵਿਚ ਫਸਾ ਕੇ ਰੱਖ ਦਿੱਤਾ ਹੈ।

ਸਿੱਖਿਆ ਦਾ ਮੁੱਦਾ ਬੱਚਿਆਂ ਦੇ ਕਰੀਅਰ ਨੂੰ ਬਣਾਉਣ ਵਿਚ ਹੈ ਪਰ ਇਸ ਦੇ ਨਾਲ ਹੀ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਅੰਦਰ ਵੱਡੀਆਂ ਕਦਰਾਂ ਕੀਮਤਾਂ, ਉੱਚੇ ਆਦਰਸ਼, ਇਨਸਾਨੀਅਤ, ਸਮਾਜ ਲਈ ਸਮੂਹਿਕ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਵੀ ਭਰ ਸਕੀਏ।

ਫ੍ਰੈਡ ਰੋਜ਼ਰਜ਼ ਟੈਲੀਵਿਜ਼ਨ ਦੇ ਮਸ਼ਹੂਰ ਪ੍ਰੋਡਿਊਸਰ ਅਤੇ ਪੇਸ਼ਕਾਰ ਸਨ। ਉਨ੍ਹਾਂ ਦਾ ਪ੍ਰੋਗਰਾਮ 'ਮਿਸਟਰ ਰੋਜ਼ਰਜ਼ ਨੇਬਰਹੁੱਡ' 1968 ਤੋਂ ਲੈਕੇ 2001 ਤੱਕ ਲੋਕਾਂ ਦਾ ਹਰਮਨ ਪਿਆਰਾ ਪ੍ਰੋਗਰਾਮ ਰਿਹਾ। 33 ਸਾਲਾਂ ਤੱਕ ਇਸ ਪ੍ਰੋਗਰਾਮ ਵਿਚ ਫ੍ਰੈਡ ਨੇ ਬੱਚਿਆਂ ਨਾਲ ਸਬੰਧਤ ਵਿਸ਼ੇ ਪੇਸ਼ ਕੀਤੇ। ਫ੍ਰੈਡ ਰੋਜ਼ਰਜ਼ ਜਿਹਾ ਪੇਸ਼ਕਾਰ ਅਤੇ ਉਹਦੇ ਪੇਸ਼ ਕੀਤੇ ਪ੍ਰੋਗਰਾਮ ਵਰਗਾ ਬੰਦੋਬਸਤ ਮੈਂ ਕਦੀ ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਵਿਚ ਨਹੀਂ ਵੇਖਿਆ।

PunjabKesari

ਉਹਦੀ ਬੇਮਿਸਾਲ ਸ਼ਖ਼ਸੀਅਤ ਅਤੇ ਕੰਮਾਂ ਬਾਰੇ ਅਮਰੀਕਾ ਦੇ ਐਸਕੁਆਇਰ ਰਸਾਲੇ ਨੇ ਕਵਰ ਸਟੋਰੀ ਛਾਪੀ ਸੀ। ਇਹ ਲੇਖ ਐਸਕੁਆਇਰ ਦੇ ਪੱਤਰਕਾਰ ਟੋਮ ਜੁਨੋਡ ਨੇ ਆਪਣੇ ਰਸਾਲੇ ਲਈ 1998 ਵਿਚ ਲਿਖਿਆ ਸੀ। ਇਸ ਲੇਖ ਦਾ ਨਾਮ Can you say Hero? ਸੀ। ਮੇਰੀ ਸਲਾਹ ਹੈ ਕਿ ਟੋਮ ਜੁਨੋਡ ਦਾ ਲੇਖ can you say Hero ? ਸਭ ਨੂੰ ਪੜ੍ਹਨਾ ਚਾਹੀਦਾ ਹੈ। 

"ਨਿੱਕੇ ਹੁੰਦਿਆਂ ਮੈਂ ਖ਼ਬਰਾਂ ਵਿਚੋਂ ਇਹੋ ਜਿਹੀਆਂ ਡਰਾਉਣੀਆਂ ਗੱਲਾਂ ਮਹਿਸੂਸ ਕਰਨੀਆਂ ਤੇ ਮੇਰੀ ਮਾਂ ਨੇ ਕਹਿਣਾ,"ਇਨ੍ਹਾਂ ਵਿਚੋਂ ਉਹ ਵੀ ਵੇਖੋ, ਜੋ ਇਨ੍ਹਾਂ ਤ੍ਰਾਸਦੀਆਂ ਵਿਚ ਮਦਦ ਕਰਨ ਲਈ ਅੱਗੇ ਆਉਂਦੇ ਹਨ, ਜੋ ਉਮੀਦ ਬਣਦੇ ਹਨ। ਤੂੰ ਸਦਾ ਮਹਿਸੂਸ ਕਰੇਗਾ ਕਿ ਇਨ੍ਹਾਂ ਤ੍ਰਾਸਦੀਆਂ ਵਿਚ ਉਹ ਲੋਕ ਹਮੇਸ਼ਾ ਮੌਜੂਦ ਸਨ, ਜਿਨ੍ਹਾਂ ਨੇ ਅਜਿਹੀ ਬੇਉਮੀਦੀ ਵਿਚ ਵੀ ਉਮੀਦ ਦਿੱਤੀ। ਸੇਵਾ ਕੀਤੀ।" 

ਮੈਂ ਆਪਣੀ ਮਾਂ ਦੇ ਇਨ੍ਹਾਂ ਸ਼ਬਦਾਂ ਨੂੰ ਸਦਾ ਯਾਦ ਰੱਖਿਆ ਅਤੇ ਇਨ੍ਹਾਂ ਸ਼ਬਦਾਂ ਨਾਲ ਸਦਾ ਚੰਗਾ ਮਹਿਸੂਸ ਕੀਤਾ। ਇਸ ਦੁਨੀਆਂ ਵਿਚ ਤ੍ਰਾਸਦੀਆਂ ਆਉਂਦੀਆਂ ਹਨ ਤੇ ਰਹਿਣਗੀਆਂ ਪਰ ਉਨ੍ਹਾਂ ਦੇ ਨਾਲ ਅਜਿਹੇ ਲੋਕ ਵੀ ਸਦਾ ਮੌਜੂਦ ਹੁੰਦੇ ਹਨ, ਜੋ ਸਦਾ ਭਲਾ ਕਰਦੇ ਹਨ।" - ਫ੍ਰੈਡ ਰੋਜ਼ਰਜ਼

ਫ੍ਰੈਡ ਰੋਜ਼ਰਜ਼ ਦੀ ਜੀਵਨੀ ਲਿਖਣ ਵਾਲਾ ਲਿਖਾਰੀ ਮੈਕਸਵਲ ਕਿੰਗ ਦੱਸਦਾ ਹੈ ਕਿ ਫ੍ਰੈਡ ਦੇ ਇਹ ਸ਼ਬਦ ਲੋਕਾਂ ਨੇ ਸਦਾ ਆਪਣੇ ਆਪ ਨੂੰ ਹੌਂਸਲਾ ਦੇਣ ਲਈ ਵਰਤੇ ਹਨ। ਅਮਰੀਕਾ ਵਿਚ ਕਿਸੇ ਵੀ ਜੰਗੀ ਹਾਲਾਤ, ਤ੍ਰਾਸਦੀ ,ਕੁਦਰਤੀ ਆਫਤ ਵੇਲੇ ਨਜਿੱਠਣ ਦੌਰਾਨ ਲੋਕੀਂ ਫ੍ਰੈਡ ਦੀਆਂ ਵੀਡੀਓ ਸ਼ੇਅਰ ਕਰਦੇ ਹਨ। ਉਨ੍ਹਾਂ ਦੇ ਸ਼ਬਦਾਂ ਦਾ ਖੂਬ ਪ੍ਰਚਾਰ ਹੁੰਦਾ ਹੈ, ਕਿਉਂਕਿ ਲੋਕਾਂ ਨੂੰ ਉਹ ਉਮੀਦ ਦਿੰਦੇ ਸਨ। 

PunjabKesari

ਫ੍ਰੈਡ ਰੋਜ਼ਰਜ਼ ਬਾਰੇ ਲਿਖੇ ਇਸੇ ਲੇਖ ਨੂੰ ਆਧਾਰ ਬਣਾ ਕੇ 2019 ਵਿਚ ਟੌਮ ਹੈਂਕਸ ਅਤੇ ਮੈਥਿਊ ਰਾਈਸ ਦੀ ਸ਼ਾਨਦਾਰ ਫਿਲਮ ਵੀ ਆਈ। ਹਦਾਇਤਕਾਰ ਮਾਰਲੀ ਹੈਲਰ ਵਲੋਂ ਨਿਰਦੇਸ਼ਤ 'ਏ-ਬਿਊਟੀਫੁੱਲ-ਡੇ-ਇਨ ਦੀ ਨੇਬਰਹੁੱਡ' ਫ਼ਿਲਮ ਵੀ ਟੋਮ ਜੁਨੋਡ ਦੇ ਲੇਖ ਵਾਂਗ ਸ਼ਾਨਦਾਰ ਫ਼ਿਲਮ ਹੈ। ਟਾਮ ਜੁਨੋਡ ਦਾ ਲੇਖ ਜਿੱਥੇ ਫ੍ਰੈਡ ਰੋਜ਼ਰਜ਼ ਬਾਰੇ ਹੈ ਉੱਥੇ ਹੀ ਇਹ ਫ਼ਿਲਮ ਟੋਮ ਜੁਨੋਡ ਅਤੇ ਫ੍ਰੈਡ ਰੋਜ਼ਰਜ਼ ਦੇ ਆਪਸੀ ਰਿਸ਼ਤਿਆਂ ਬਾਰੇ ਹੈ। ਫ਼ਿਲਮ ਵਿਚ ਪੱਤਰਕਾਰ ਟੋਮ ਨੂੰ ਸਿੱਧਾ ਨਾ ਵਿਖਾਕੇ ਕਾਲਪਨਿਕ ਕਿਰਦਾਰ ਵਜੋਂ ਪੇਸ਼ ਕੀਤਾ ਹੈ। ਫ਼ਿਲਮ ਟੋਮ ਜੁਨੋਡ ਦੇ ਲੇਖ ਨੂੰ ਸਕ੍ਰੀਨਪਲੇ ਦੇ ਰੂਪ ਵਿਚ ਉਤਾਰਦਿਆਂ ਫ੍ਰੈਡ ਰੋਜ਼ਰਜ਼ ਦੀ ਸ਼ਖ਼ਸੀਅਤ ਦਾ ਟੋਮ 'ਤੇ ਕੀ ਪ੍ਰਭਾਵ ਪਿਆ ਇਸ ਬਾਰੇ ਵਧੇਰੇ ਗੱਲ ਕਰਦੀ ਹੈ। ਕਲਾ ਅਤੇ ਸਾਹਿਤ ਦੇ ਖੇਤਰ ਵਿਚ ਅਜਿਹਾ ਲੇਖ ਅਤੇ ਇੰਝ ਦੀ ਫ਼ਿਲਮ ਹਰ ਵਿਦਿਆਰਥੀ ਨੂੰ ਵੇਖਣ ਦੀ ਲੋੜ ਹੈ।

ਇਕ ਪੱਤਰਕਾਰ ਹੋਣ ਨਾਤੇ ਮਨੁੱਖੀ ਅਹਿਸਾਸਾਂ ਦੀਆਂ ਕਹਾਣੀਆਂ ਨੂੰ ਪੇਸ਼ ਕਰਨਾ ਕਿਉਂ ਜ਼ਰੂਰੀ ਹੋ ਜਾਂਦਾ ਹੈ ਅਤੇ ਇੰਝ ਕਰਦਿਆਂ ਸਾਡੀ ਸਮੂਹਿਕ ਜ਼ਿੰਮੇਵਾਰੀ ਇਕ ਪੱਤਰਕਾਰ ਹੋਣ ਨਾਤੇ ਕਿਹੋ ਜਿਹੀ ਹੋਵੇ ਇਸ ਨੁਕਤੇ ਦਾ ਅਹਿਸਾਸ ਵੀ ਵਧੇਰੇ ਯਾਦ ਰੱਖਣ ਵਾਲਾ ਹੈ।

ਫ੍ਰੈਡ ਰੋਜ਼ਰਜ਼ ਦੇ ਪ੍ਰੋਗਰਾਮ ਦੇ ਦੋ ਕਿੱਸੇ ਵਿਚਾਰਨ ਵਾਲੇ ਹਨ। ਫ੍ਰੈਡ ਆਪਣੇ ਪ੍ਰੋਗਰਾਮ ਵਿਚ ਬੱਚਿਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਟੈਂਟ ਕਿਵੇਂ ਲਾ ਸਕਦੇ ਹੋ ? 

ਉਹ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਫੇਲ੍ਹ ਹੁੰਦਾ ਹੈ ਅਤੇ ਆਪਣੀ ਪ੍ਰੋਡਕਸ਼ਨ ਟੀਮ ਨੂੰ ਕਹਿੰਦਾ ਹੈ ਕਿ ਇਸ ਦ੍ਰਿਸ਼ ਨੂੰ ਏਦਾਂ ਹੀ ਜਾਣ ਦਿਓ। ਇਸ ਦ੍ਰਿਸ਼ ਬਾਰੇ ਟੋਮ ਨੇ ਫ੍ਰੈਡ ਰੋਜ਼ਰਜ਼ ਨੂੰ ਪੁੱਛਿਆ ਸੀ ਕਿ ਤੁਸੀਂ ਟੈਂਟ ਪਹਿਲਾਂ ਤੋਂ ਟੀਮ ਦੀ ਸਹਾਇਤਾ ਨਾਲ ਲਗਾਕੇ ਵੀ ਦੱਸ ਸਕਦੇ ਸੀ ਪਰ ਤੁਸੀਂ ਇੰਝ ਕਿਉਂ ਨਹੀਂ ਕੀਤਾ ?

ਫਰੈੱਡ ਦਾ ਜਵਾਬ ਸੀ ਕਿ ਬੱਚਿਆਂ ਨੂੰ ਵੀ ਇਹ ਸਮਝਾਉਣਾ ਪਵੇਗਾ ਕਿ ਵੱਡਿਆਂ ਦੀ ਵਿਉਂਤਬੰਦੀ ਵੀ ਕਦੀ ਫੇਲ੍ਹ ਹੋ ਜਾਂਦੀ ਹੈ। ਜ਼ਰੂਰੀ ਨਹੀਂ ਕਿ ਜੋ ਸੋਚਿਆ ਹੋਵੇ ਉਂਵੇ ਹੀ ਹੋਵੇ। ਇਹੋ ਸੱਚ ਹੈ ਨਹੀਂ ਤਾਂ ਤੁਸੀਂ ਉਨ੍ਹਾਂ ਨੂੰ ਜ਼ਿੰਦਗੀ ਦਾ ਗਲਤ ਸਬਕ ਸਿਖਾ ਰਹੇ ਹੋ ਕਿ ਦੁਨੀਆਂ ਵਿਚ ਸਭ ਕੁਝ ਹੋ ਸਕਦਾ ਹੈ। ਬੱਚਿਆਂ ਨੂੰ ਜ਼ਿੰਦਗੀ ਦੀ ਤਲਖ ਹਕੀਕੀ ਬਾਰੇ ਅਹਿਸਾਸ ਕਰਵਾਉਣਾ ਵੀ ਜ਼ਰੂਰੀ ਹੈ।

PunjabKesari

ਦੂਜਾ ਕਿੱਸਾ ਇਕ ਬੱਚੇ ਬਾਰੇ ਹੈ, ਜੋ ਉਦਾਸ ਅਤੇ ਬੀਮਾਰ ਰਹਿੰਦਾ ਸੀ ਅਤੇ ਉਹਨੂੰ ਲੱਗਦਾ ਸੀ ਕਿ ਉਸ ਦੀ ਫਿਕਰ ਕਿਸੇ ਨੂੰ ਨਹੀਂ ਹੈ। ਫ੍ਰੈਡ ਉਸ ਬੱਚੇ ਨੂੰ ਮਿਲਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਤੈਨੂੰ ਇੱਕ ਜ਼ਿੰਮੇਵਾਰੀ ਵਾਲਾ ਕੰਮ ਦੇ ਰਿਹਾ ਹਾਂ। 
ਕੀ ਤੂੰ ਮੇਰੇ ਲਈ ਅਰਦਾਸ ਕਰੇਗਾ ?

ਇੰਝ ਬੱਚੇ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਕਿਸੇ ਨੇ ਉਹਨੂੰ ਇਨ੍ਹਾਂ ਖਾਸ ਸਮਝਿਆ ਕਿ ਉਹ ਅਰਦਾਸ ਕਰੇ। ਇਸ ਦੇ ਨਾਲ ਹੀ ਫ੍ਰੈਡ ਰੋਜ਼ਰਜ਼ ਦਾ ਫਲਸਫਾ ਸੀ ਕਿ ਕਠਿਨਾਈਆਂ ਵਿਚੋਂ ਗੁਜ਼ਰਦਾ , ਸੰਘਰਸ਼ ਕਰਦਾ ਬੰਦਾ ਰੱਬ ਦੇ ਬਹੁਤ ਨੇੜੇ ਹੁੰਦਾ ਹੈ। ਇਸ ਕਰਕੇ ਅਜਿਹੇ ਬੰਦੇ ਦੀ ਅਰਦਾਸ ਰੱਬ ਛੇਤੀ ਸੁਣਦਾ ਹੈ। ਇਹ ਫ੍ਰੈਡ ਰੋਜ਼ਰਜ਼ ਦਾ ਆਪਣਾ ਅੰਦਾਜ਼ ਸੀ ਅਤੇ ਉਹ ਇੰਝ ਮਿਹਨਤਕਸ਼ ਬੰਦਿਆਂ ਨੂੰ ਇੱਜ਼ਤ ਦਿੰਦਾ ਸੀ।

ਫ੍ਰੈਡ ਰੋਜ਼ਰਜ਼ ਨੇ ਆਪਣੇ ਪ੍ਰੋਗਰਾਮਾਂ ਵਿਚ ਅਕਸਰ ਹੀ ਅਜਿਹੀਆਂ ਬਹੁਤ ਸਾਰੀਆਂ ਪ੍ਰੇਰਨਾਦਾਇਕ ਗੱਲਾਂ ਕਹੀਆਂ ਹਨ ਜਿਨ੍ਹਾਂ ਦੀ ਸਾਨੂੰ ਲੋੜ ਹੈ।

ਹਰ ਆਮ ਖਾਸ ਹੈ : ਮਸ਼ਹੂਰ ਸਿਰਫ਼ ਇਕ ਸ਼ਬਦ ਹੈ ਮੇਰੇ ਕਿੱਤੇ ਵਿਚ ਆਉਂਦੇ ਟੇਪ ਕੈਮਰਾ ਅਤੇ ਐਕਸ਼ਨ ਵਰਗਾ ਸ਼ਬਦ। ਅਸੀਂ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਦੇ ਨਾਲ ਚੱਲਣ ਦੇ ਸਕਾਰਾਤਮਕ ਢੰਗ ਸਿਖਾਉਂਦੇ ਹਾਂ। 

ਦਿਲੋਂ ਈਮਾਨਦਾਰ ਹੋਣ ਦਾ ਅਹਿਸਾਸ : ਟੋਮ ਜੁਨੋਡ ਆਪਣੇ ਲੇਖ ਵਿਚ ਦੱਸਦਾ ਹੈ ਕਿ ਇਕ ਵਾਰ ਫ੍ਰੈਡ ਰੋਜ਼ਰਜ਼ ਰੇਲ ਗੱਡੀ ਵਿਚ ਜਾ ਰਿਹਾ ਸੀ ਅਤੇ ਰੇਲਗੱਡੀ ਵਿਚ ਬੈਠੇ ਬੱਚਿਆਂ ਨੇ ਉਸ ਦੇ ਪ੍ਰੋਗਰਾਮ ਦਾ ਮਸ਼ਹੂਰ ਗਾਣਾ ਉਹਦੇ ਸਾਹਮਣੇ ਗਾਉਣਾ ਸ਼ੁਰੂ ਕਰ ਦਿੱਤਾ। ਫ੍ਰੈਡ ਰੋਜ਼ਰਜ਼ ਨੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਤਾੜੀਆਂ ਮਾਰ ਕੇ ਕੀਤੀ ਅਤੇ ਉਨ੍ਹਾਂ ਦੀ ਖੁਸ਼ੀ ਵਿਚ ਸ਼ਰੀਕ ਹੋਇਆ।

ਫ੍ਰੈਡ ਰੋਜ਼ਰਜ਼ ਅਹਿਸਾਸ ਕਰਵਾਉਂਦਾ ਹੈ ਕਿ ਜੋ ਲੋਕ ਮੈਨੂੰ ਵੇਖ ਰਹੇ ਹਨ ਅਤੇ ਜੋ ਮੈਂ ਹਾਂ। ਮੈਂ ਇਕੋ ਹੀ ਹਾਂ।ਹਰ ਬੰਦੇ ਨੂੰ ਆਪਣਾ ਇਕੋ ਰੂਪ ਪੇਸ਼ ਕਰਨਾ ਚਾਹੀਦਾ ਹੈ, ਜੋ ਉਹ ਆਪਣਾ ਆਪ ਵੇਖਦਾ ਹੈ, ਉਹੀ ਉਹਨੂੰ ਦੂਜਿਆਂ ਨੂੰ ਵਿਖਾਉਣਾ ਚਾਹੀਦਾ ਹੈ, ਇਮਾਨਦਾਰੀ ਇਸੇ ਵਿਚ ਹੈ। 

ਫ੍ਰੈਡ ਰੋਜ਼ਰਜ਼ ਮੁਤਾਬਕ ਮੈਂ ਕੋਈ ਹੀਰੋ ਨਹੀਂ ਹਾਂ। ਮੈਂ ਵੀ ਸਾਹਮਣੇ ਵਾਲੇ ਕਿਸੇ ਵੀ ਬੰਦੇ ਵਰਗਾ ਹਾਂ। ਜੇ ਅਸੀਂ ਇਸ ਭਾਵਨਾ ਨਾਲ ਤੁਰਾਂਗੇ ਤਾਂ ਹੀ ਲੋਕਾਂ ਨੂੰ ਬਰਾਬਰਤਾ ਦਾ ਅਹਿਸਾਸ ਹੋਵੇਗਾ ਅਤੇ ਦੁਨੀਆਂ ਵਿਚ ਸਾਂਝ ਨੂੰ ਵਧਾਉਣ ਲਈ ਅਜਿਹਾ ਕਰਨਾ ਚਾਹੀਦਾ ਹੈ।

PunjabKesari

ਫ੍ਰੈਡ ਰੋਜ਼ਰਜ਼ ਬੱਚਿਆਂ ਦੀ ਸ਼ਖ਼ਸੀਅਤ ਬਾਰੇ ਬੋਲਦਿਆਂ ਕਹਿੰਦੇ ਸਨ, "ਅਸੀਂ ਬੱਚਿਆਂ ਨੂੰ ਸਿਖਾਉਂਦੇ ਰਹਿੰਦੇ ਹਾਂ ਕਿ ਦੌੜਦੇ ਜਾਓ, ਦੌੜਦੇ ਜਾਓ, ਦੌੜਦੇ ਜਾਓ, ਜੇ ਨਹੀਂ ਦੌੜੋਗੇ ਤਾਂ ਹਾਰ ਜਾਵੋਗੇ ਪਰ ਉਨ੍ਹਾਂ ਦਾ ਕਦੀ ਕਦੀ ਰੁਕਣ ਨੂੰ ਮਨ ਕਰਦਾ ਹੈ। ਅਸੀਂ ਉਨ੍ਹਾਂ ਨੂੰ ਆਪਣੇ ਹਾਣ ਦਾ ਬਣਾਉਣ ਦੇ ਚੱਕਰ ਵਿਚ ਉਨ੍ਹਾਂ ਦੇ ਹਾਣ ਦਾ ਬਣਕੇ ਉਨ੍ਹਾਂ ਦੇ ਠਹਿਰਣ ਦਾ ਆਨੰਦ ਨਹੀਂ ਸਮਝਦੇ ਅਤੇ ਆਪਣੇ ਦੌੜਨ ਦਾ ਆਨੰਦ ਮਹਿਸੂਸ ਕਰਵਾਉਣਾ ਚਾਹੁੰਦੇ ਹਾਂ ।

ਫ੍ਰੈਡ ਦੀ ਪੇਸ਼ਕਾਰੀ : ਫ੍ਰੈਡ ਰੋਜ਼ਰਜ਼ ਦੀ ਪੇਸ਼ਕਾਰੀ ਦਾ ਖਾਸ ਅੰਦਾਜ਼ ਇਹ ਸੀ ਕਿ ਉਹਨੇ ਆਪਣੇ ਪ੍ਰੋਗਰਾਮਾਂ ਵਿਚ ਹਮੇਸ਼ਾ ਆਪਣੇ ਨਿੱਜ ਤੋਂ ਉੱਪਰ ਉੱਠਕੇ ਦੂਜੇ ਦੀ ਖੁਸ਼ੀ ਬਣਨਾ ਸਿਖਾਇਆ। ਬਤੌਰ ਪੇਸ਼ਕਾਰ ਟੈਲੀਵਿਜ਼ਨ ਦੀ ਦੁਨੀਆਂ ਨੂੰ ਵੀ ਉਨ੍ਹਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ। 

ਇਸੇ ਮਸ਼ਹੂਰ ਲੇਖ ਦੇ ਸਿਲਸਿਲੇ ਵਿੱਚ ਜਦੋਂ ਟੋਮ ਨੇ ਫ੍ਰੈਡ ਰੋਜ਼ਰਜ਼ ਨੂੰ ਪੁੱਛਿਆ ਸੀ ਕਿ ਤੁਹਾਨੂੰ ਇੰਜ ਦੀ ਪੇਸ਼ਕਾਰੀ ਕਰਦਿਆਂ ਦੂਜੇ ਦੀਆਂ ਸਮੱਸਿਆਵਾਂ ਨੂੰ ਸੁਣਨਾ ਬੋਝ ਨਹੀਂ ਲੱਗਦਾ ? ਫ੍ਰੈਡ ਰੋਜ਼ਰਜ਼ ਦਾ ਜਵਾਬ ਸੀ ਕਿ ਦੁਨੀਆਂ ਵਿੱਚ ਅਜਿਹਾ ਕੋਈ ਬੰਦਾ ਨਹੀਂ ਹੁੰਦਾ ਜੋ ਪ੍ਰੇਸ਼ਾਨ ਨਾ ਹੋਵੇ। 

ਫ੍ਰੈਡ ਰੋਜ਼ਰਜ਼ ਨੇ ਟੀਵੀ ਪ੍ਰੋਗਰਾਮਾਂ ਬਾਰੇ ਬਹੁਤ ਖਾਸ ਗੱਲ ਕਹੀ ਸੀ। ਸਾਨੂੰ ਅਜਿਹੇ ਪ੍ਰੋਗਰਾਮ ਬਣਾਉਣੇ ਪੈਣਗੇ ਜਿਨ੍ਹਾਂ ਜ਼ਰੀਏ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜ਼ਿੰਦਗੀ ’ਚ ਉਮੀਦ ਸਦਾ ਰਹਿੰਦੀ ਹੈ। ਇਸ ਸੰਸਾਰ 'ਤੇ ਹਰ ਇਕ ਜ਼ਿੰਦਗੀ ਖਾਸ ਹੈ। 

ਕਿਸੇ ਨੂੰ ਵੀ ਸਿਖਾਉਣ ਵੇਲੇ ਸਾਡਾ ਸਾਰਾ ਜ਼ੋਰ ਉਹਨੂੰ ਬਦਲਣ ਵਿਚ ਰਹਿੰਦਾ ਹੈ। ਸਾਨੂੰ ਸਾਹਮਣੇ ਵਾਲੇ ਨੂੰ ਉਸੇ ਤਰ੍ਹਾਂ ਸਵੀਕਾਰਨਾ ਚਾਹੀਦਾ ਹੈ ਜਿਵੇਂ ਦਾ ਉਹ ਹੈ, ਕਿਉਂਕਿ ਉਹ ਹੀ ਉਸ ਦਾ ਮੂਲ ਹੈ। 

PunjabKesari

ਫ੍ਰੈਡ ਰੋਜ਼ਰਜ਼ ਇਹ ਵੀ ਕਹਿੰਦੇ ਸਨ ਕਿ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਹਰਾ ਸਕਦੇ। ਨਫਰਤ ਨੂੰ ਪਿਆਰ ਨਾਲ ਹਰਾ ਸਕਦੇ ਹਾਂ। (ਇਸੇ ਲਈ ਫ੍ਰੈਡ ਰੋਜ਼ਰਜ਼ ਕਹਿੰਦੇ ਹਨ ਕਿ ਕਿਸੇ ਨੂੰ ਮਾਫ਼ ਕਰਨਾ ਵੱਡੀ ਗੱਲ ਹੈ। ) ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾ ਗਏ ਤਾਂ ਇੰੰਝ ਸਿਰਫ ਉਹਦਾ ਨਹੀਂ ਸਗੋਂ ਦੇਸ਼ ਦਾ ਵੀ ਭਲਾ ਹੋਵੇਗਾ।  

ਓਪਰਾ ਵਿਨਫਰੇ ਦੇ ਸ਼ੋਅ ਵਿਚ ਫ੍ਰੈਡ ਰੋਜ਼ਰਜ਼ ਨੂੰ ਪੁੱਛਿਆ ਸੀ ਕਿ ਤੁਹਾਡੇ ਮੁਤਾਬਕ ਬੱਚਿਆਂ ਨੂੰ ਕੁਝ ਸਿਖਾਉਂਦੇ ਹੋਏ ਮਾਂ ਬਾਪ ਸਭ ਤੋਂ ਵੱਡੀ ਗ਼ਲਤੀ ਕਿੱਥੇ ਕਰਦੇ ਹਨ ? 

ਫ੍ਰੈਡ ਰੋਜ਼ਰਜ਼ ਦਾ ਜਵਾਬ ਸੀ ਕਿ ਮਾਂ ਬਾਪ ਆਪਣਾ ਬਚਪਨ ਭੁੱਲ ਜਾਂਦੇ ਹਨ। ਬੱਚਿਆਂ ਨੂੰ ਵੱਡਿਆਂ ਕਰਦਿਆਂ ਹੋਇਆਂ ਮਾਪੇ ਆਪਣੇ ਆਪ ਨੂੰ ਬੱਚਿਆਂ ਦੀ ਥਾਂ ਰੱਖ ਕੇ ਵੇਖਿਆ ਕਰਨ ਇਹ ਜ਼ਰੂਰੀ ਹੈ। ਜਦੋਂ ਤੁਸੀਂ ਬੱਚਿਆਂ ਦੇ ਜ਼ਰੀਏ ਆਪਣੇ ਬਚਪਨ ਨੂੰ ਦੁਬਾਰਾ ਜਿਉਂਦੇ ਹੋ ਤਾਂ ਇੰਝ ਤੁਹਾਡਾ ਵੀ ਵਿਕਾਸ ਹੁੰਦਾ ਹੈ। ਮਾਂ ਬਾਪ ਹੋਣ ਦਾ ਮਤਲਬ ਇਹ ਕਦੇ ਨਹੀਂ ਹੁੰਦਾ ਕਿ ਤੁਸੀਂ ਸਰਵਗੁਣ ਸੰਪੰਨ ਹੋ । ਮਾਪੇ ਅਤੇ ਉਨ੍ਹਾਂ ਦੀ ਬੱਚਿਆਂ ਨਾਲ ਸਾਂਝ ਇਹ ਹੌਲੀ ਹੌਲੀ ਹੋਣ ਵਾਲੇ ਤਜਰਬੇ ਦਾ ਨਾਮ ਹੈ। 

PunjabKesari
ਫ੍ਰੈਡ ਦੇ ਪ੍ਰੋਗਰਾਮਾਂ ਵਿਚ ਇਸ ਗੱਲ ਨੂੰ ਬਹੁਤ ਸਹਿਜਤਾ ਨਾਲ ਸਮਝਾਇਆ ਗਿਆ ਹੈ ਕਿ ਜ਼ਿੰਦਗੀ ਅਤੇ ਮੌਤ ਦੋਵੇਂ ਬਹੁਤ ਸਹਿਜ ਗੱਲਾਂ ਹਨ। ਜ਼ਿੰਦਗੀ ਦਾ ਇਹ ਬਹੁਤ ਖੂਬਸੂਰਤ ਅਹਿਸਾਸ ਹੈ ਕਿ ਤੁਸੀਂ ਜਿਉਂਦਿਆਂ ਵਿੱਚ ਹੋ ਕਿਉਂਕਿ ਤੁਹਾਨੂੰ ਕੁਝ ਮਹਿਸੂਸ ਹੁੰਦਾ ਹੈ। ਇਹ ਨਿਸ਼ਾਨੀ ਹੈ ਕਿ ਤੁਸੀਂ ਅੰਦਰ ਹੀ ਅੰਦਰ ਤਰੱਕੀ ਕਰ ਰਹੇ ਹੋ। 
ਕੋਰੋਨਾ ਸੰਕਟ ਦੇ ਇਸ ਦੌਰ ਅੰਦਰ ਜਦੋਂ ਸਾਡੇ ਮਨਾਂ ਵਿੱਚ ਸਹਿਮ ਹੈ ਤਾਂ ਫਰੈੱਡ ਦੀਆਂ ਇਹ ਗੱਲਾਂ ਕਾਬਲੇ ਗੌਰ ਹਨ। ਜੇ ਅਸੀਂ ਇਸ ਅਹਿਸਾਸ ਵਿੱਚੋਂ ਗੁਜ਼ਰੀਏ ਤਾਂ ਸਾਨੂੰ ਇਸ ਸੰਕਟ ਦੀ ਦਹਿਸ਼ਤ ਮਹਿਸੂਸ ਨਹੀਂ ਹੋਵੇਗੀ।


author

rajwinder kaur

Content Editor

Related News