ਦੁੱਖਦਾਈ ਖ਼ਬਰ : ਨਹੀਂ ਰਹੇ ਪ੍ਰਸਿੱਧ ਪੰਜਾਬੀ ਗੀਤਕਾਰ ਕੁੰਢਾ ਸਿੰਘ ਧਾਲੀਵਾਲ
Friday, Mar 31, 2023 - 10:24 PM (IST)
ਲੁਧਿਆਣਾ : ਪੰਜਾਬੀ ਸੰਗੀਤ ਜਗਤ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਪ੍ਰਸਿੱਧ ਪੰਜਾਬੀ ਗੀਤਕਾਰ ਕੁੰਢਾ ਸਿੰਘ ਧਾਲੀਵਾਲ ਦਾ ਦਿਹਾਂਤ ਹੋ ਗਿਆ ਹੈ। ਕੁੰਢਾ ਸਿੰਘ ਧਾਲੀਵਾਲ ਪੰਜਾਬੀ ਮਨੋਰੰਜਨ ਜਗਤ 'ਚ ਇਕ ਵੱਡਾ ਨਾਂ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ 1 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਦੁਪਹਿਰ 12 ਵਜੇ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਜਗਰਾਓਂ ਨੇੜੇ ਪਿੰਡ ਚੌਂਕੀਮਾਨ ਵਿਖੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ 'ਚ ਗੈਰ-ਕਾਨੂੰਨੀ ਪੋਸਟਰ ਲਗਾ ਕੇ 'ਆਪ' ਮੰਤਰੀ ਚੋਣ ਜ਼ਾਬਤੇ ਦੀ ਕਰ ਰਹੇ ਉਲੰਘਣਾ : ਚੁੱਘ
ਜਾਣਕਾਰੀ ਅਨੁਸਾਰ ਕੁੰਢਾ ਧਾਲੀਵਾਲ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਦੇ ਚੱਲਦਿਆਂ ਉਨ੍ਹਾਂ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਕੁੰਢਾ ਧਾਲੀਵਾਲ ਦਾ ਜਨਮ ਫਰਵਰੀ 1954 'ਚ ਪਿਤਾ ਨਛੱਤਰ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਆਪਣੀ ਕਲਮ ਨਾਲ ਕਰੀਬ 8 ਹਜ਼ਾਰ ਤੋਂ ਵੱਧ ਗੀਤ ਲਿਖੇ ਸਨ।
ਇਹ ਵੀ ਪੜ੍ਹੋ : ਕੇਂਦਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਕਾਂਗਰਸੀਆਂ ਦਾ ਕੈਂਡਲ ਮਾਰਚ, ਮੋਦੀ ਸਰਕਾਰ 'ਤੇ ਵਰ੍ਹੇ ਰਾਜਾ ਵੜਿੰਗ
ਦੱਸ ਦੇਈਏ ਕਿ ਕੁੰਢਾ ਸਿੰਘ ਧਾਲੀਵਾਲ ਸਾਫ਼-ਸੁਥਰੀ ਗੀਤਕਾਰੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਪੰਜਾਬ ਦੇ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਲਿਖਿਆ ਹੈ। ਮਨਮੋਹਨ ਵਾਰਿਸ, ਕਮਲਹੀਰ ਤੇ ਰਾਜਵੀਰ ਜਵੰਦਾ ਵਰਗੇ ਕਈ ਮਸ਼ਹੂਰ ਪੰਜਾਬੀ ਗਾਇਕ ਕੁੰਢਾ ਸਿੰਘ ਧਾਲੀਵਾਲ ਦੇ ਲਿਖੇ ਗੀਤਾਂ ਨੂੰ ਆਵਾਜ਼ ਦੇ ਚੁੱਕੇ ਹਨ। ਉਨ੍ਹਾਂ ਦੇ ਇਸ ਬੇਵਕਤੀ ਵਿਛੋੜੇ ਨਾਲ ਹਰ ਕਿਸੇ ਨੂੰ ਵੱਡਾ ਸਦਮਾ ਪਹੁੰਚਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।