ਨੌਜਵਾਨ ਦੀ ਲਾਸ਼ ਨੂੰ ਚੌਕ ''ਚ ਰੱਖ ਕੇ ਪਰਿਵਾਰਿਕ ਮੈਂਬਰਾਂ ਨੇ ਜਾਮ ਕੀਤਾ ਨੈਸ਼ਨਲ ਹਾਈਵੇ, ਠੱਪ ਰਹੀ ਆਵਾਜਾਈ
Monday, Jun 09, 2025 - 08:25 PM (IST)

ਗੁਰਦਾਸਪੁਰ (ਹਰਮਨ) : ਕਰੀਬ ਚਾਰ ਦਿਨ ਪਹਿਲਾਂ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਬੱਬੇਹਾਲੀ ਵਿਖੇ ਇੱਕ 20 ਸਾਲਾ ਨੌਜਵਾਨ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਏ ਜਾਣ ਦੇ ਬਾਅਦ ਅੱਜ ਜਦੋਂ ਉਕਤ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਤਾਂ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਲਾਸ਼ ਨੂੰ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ’ਤੇ ਬੱਬਰੀ ਬਾਈਪਾਸ ਚੌਕ ਵਿੱਚ ਰੱਖ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਕਤ ਹਾਈਵੇ ਉੱਪਰ ਘੰਟਿਆਂ ਬੱਧੀ ਆਵਾਜਾਈ ਠੱਪ ਰਹੀ, ਜਿਸ ਦੌਰਾਨ ਮ੍ਰਿਤਕ ਦੇ ਵਾਰਸਾਂ ਨੇ ਇਹ ਦੋਸ਼ ਲਗਾਇਆ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਵੱਲੋਂ ਅਜੇ ਤੱਕ ਉਹਨਾਂ ਦੇ ਲੜਕੇ ਦੀ ਮੌਤ ਦੇ ਜਿੰਮੇਵਾਰ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਕਾਰਨ ਅੱਜ ਇਨਸਾਫ ਲੈਣ ਲਈ ਉਹਨਾਂ ਨੂੰ ਮਜਬੂਰੀ ਵੱਸ ਧਰਨਾ ਲਗਾਉਣਾ ਪੈ ਰਿਹਾ ਹੈ।
ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਰਣਦੀਪ ਸਿੰਘ ਹੋਣਹਾਰ ਨੌਜਵਾਨ ਸੀ ਜਿਸ ਨੇ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਬਕਾਇਦਾ ਇੱਕ ਵੀਡੀਓ ਰਿਕਾਰਡ ਕਰਕੇ ਦੋਸ਼ ਲਗਾਇਆ ਸੀ ਕਿ ਉਹਨਾਂ ਦੇ ਹੀ ਪਿੰਡ ਦੇ ਇੱਕ ਵਿਅਕਤੀ ਨੇ ਉਸ ਨਾਲ ਬੁਰੀ ਤਰ੍ਹਾਂ ਗਾਲੀ ਗਲੋਚ ਕੀਤਾ ਅਤੇ ਉਸ ਨੂੰ ਬੇਹੱਦ ਜਲੀਲ ਕੀਤਾ ਹੈ, ਜਿਸ ਤੋਂ ਦੁਖੀ ਹੋ ਕੇ ਉਹ ਮਜਬੂਰਨ ਖੁਦਕੁਸ਼ੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਣਦੀਪ ਸਿੰਘ ਨੇ ਸਖਤ ਮਿਹਨਤ ਕਰਕੇ ਆਪਣਾ ਕਾਰੋਬਾਰ ਚਲਾਇਆ ਸੀ ਜਿਸ ਦੀ ਦੁੱਖਦਾਈ ਮੌਤ ਦੇ ਬਾਅਦ ਅੱਜ ਉਸ ਦੀ ਲਾਸ਼ ਚੌਥੇ ਦਿਨ ਬੱਬੇਹਾਲੀ ਵਾਲੀ ਨਹਿਰ ਵਿੱਚੋਂ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਤਿੱਬੜ ਥਾਣੇ ਦੀ ਪੁਲਸ ਨੇ ਉਨ੍ਹਾਂ ਦੇ ਪੁੱਤਰ ਨੂੰ ਕਥਿਤ ਤੌਰ ’ਤੇ ਗਾਲਾਂ ਕੱਢਣ ਵਾਲੇ ਵਿਅਕਤੀ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪਰ ਇਸ ਦੇ ਬਾਵਜੂਦ ਅਜੇ ਤੱਕ ਉਸਦੀ ਗ੍ਰਿਫਤਾਰੀ ਨਹੀਂ ਕੀਤੀ ਗਈ।
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਕਤ ਗ੍ਰਿਫਤਾਰੀ ਨੂੰ ਗੁਰਦਾਸਪੁਰ ਦੇ ਇੱਕ ਸਿਆਸੀ ਆਗੂ ਅਤੇ ਉਸਦੇ ਪਰਿਵਾਰ ਵੱਲੋਂ ਰੁਕਵਾਇਆ ਜਾ ਰਿਹਾ ਹੈ ਕਿਉਂਕਿ ਇਸ ਪਰਿਵਾਰ ਦੀ ਨਾਮਜ਼ਦ ਵਿਅਕਤੀ ਨਾਲ ਨੇੜੇ ਦੀ ਰਿਸ਼ਤੇਦਾਰੀ ਹੈ ਜਿਸ ਕਾਰਨ ਅੱਜ ਉਨ੍ਹਾਂ ਨੂੰ ਮਜਬੂਰਨ ਇੱਥੇ ਧਰਨਾ ਲਗਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਨਾਮਜ਼ਦ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਨੀ ਦੇਰ ਉਹ ਇਸ ਨੈਸ਼ਨਲ ਹਾਈਵੇ ਨੂੰ ਜਾਮ ਰੱਖਣਗੇ ਅਤੇ ਨਾ ਹੀ ਰਣਦੀਪ ਸਿੰਘ ਦਾ ਸੰਸਕਾਰ ਕਰਨਗੇ। ਇਸ ਧਰਨੇ ਕਾਰਨ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਦੂਰ-ਦੂਰ ਤੱਕ ਟਰੱਕਾਂ ਅਤੇ ਹੋਰ ਹੈਵੀ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ।
ਇਸ ਦੌਰਾਨ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪਰ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਧਰਨਾ ਖਤਮ ਕਰਨ ਲਈ ਰਾਜ਼ੀ ਨਹੀਂ ਹੋਏ ਅਤੇ ਉਨ੍ਹਾਂ ਨੇ ਅਖੀਰ ਤੱਕ ਇਹੀ ਮੰਗ ਰੱਖੀ ਕਿ ਸਭ ਤੋਂ ਪਹਿਲਾਂ ਦੋਸ਼ੀ ਨੂੰ ਲੱਭ ਕੇ ਗਿਰਫਤਾਰ ਕੀਤਾ ਜਾਵੇ ਜਿਸ ਦੇ ਬਾਅਦ ਹੀ ਉਹ ਇਥੋਂ ਉੱਠਣਗੇ। ਇਸ ਤਹਿਤ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e