ਪਿੰਕੀ ਤੇ ਬਿੱਟੂ ਸੰਘਾ ਦੇ ਦਬਾਅ ਹੇਠ ਕਾਰੋਬਾਰੀ ਵੀ. ਪੀ. ਸਿੰਘ ਤੇ ਕਰਨਪਾਲ ਖਿਲਾਫ਼ ਦਰਜ ਕਰਵਾਇਆ ਸੀ ਝੂਠਾ ਕੇਸ

Sunday, May 29, 2022 - 10:37 AM (IST)

ਪਿੰਕੀ ਤੇ ਬਿੱਟੂ ਸੰਘਾ ਦੇ ਦਬਾਅ ਹੇਠ ਕਾਰੋਬਾਰੀ ਵੀ. ਪੀ. ਸਿੰਘ ਤੇ ਕਰਨਪਾਲ ਖਿਲਾਫ਼ ਦਰਜ ਕਰਵਾਇਆ ਸੀ ਝੂਠਾ ਕੇਸ

ਜਲੰਧਰ (ਬਿਊਰੋ)-ਪੰਜਾਬ ਦੀ ਸੱਤਾ ਵਿਚ ਰਹੀ ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਵਿਚ ਸ਼ਰੇਆਮ ਪੁਲਸ ਦੀ ਦੁਰਵਰਤੋਂ ਕੀਤੀ ਗਈ ਅਤੇ ਆਪਣੀਆਂ ਸਿਆਸੀ ਦੁਸ਼ਮਣੀਆਂ ਕੱਢਣ ਲਈ ਕਈ ਕਾਂਗਰਸੀ ਵਿਧਾਇਕਾਂ ਵਲੋਂ ਬੇਕਸੂਰ ਲੋਕਾਂ ’ਤੇ ਝੂਠੇ ਕੇਸ ਦਰਜ ਕੀਤੇ ਗਏ ਅਤੇ ਉਨ੍ਹਾਂ ਨੂੰ ਜ਼ਲੀਲ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਅਜਿਹਾ ਹੀ ਇਕ ਹੈਰਾਨੀਜਨਕ ਮਾਮਲਾ ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦਾ ਹੈ, ਜਿਸ ਵਿਚ ਨਾਮਜ਼ਦ ਕੀਤਾ ਗਿਆ ਨੌਜਵਾਨ ਕਰਨਪਾਲ ਸਿੰਘ ਮੁਕੱਦਮੇ ਵਿਚ ਦਰਸਾਏ ਗਈ ਘਟਨਾ ਸਮੇਂ ਫਿਰੋਜ਼ਪੁਰ ਵਿਚ ਨਹੀਂ, ਸਗੋਂ ਪੈਰਿਸ ਵਿਚ ਸੀ ਅਤੇ ਇਸ ਮਾਮਲੇ ਦੀ ਸ਼ਿਕਾਇਤਕਰਤਾ ਔਰਤ ਨੇ ਅਦਾਲਤ ਵਿਚ ਪੇਸ਼ ਹੋ ਕੇ ਕਿਹਾ ਗਿਆ ਹੈ ਕਿ ਉਸ ਨੇ ਵੀ. ਪੀ. ਸਿੰਘ, ਕਰਨਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਉਸ ਵੇਲੇ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਉਸ ਦੇ ਸਾਲੇ ਬਿੱਟੂ ਸੰਘਾ ਦੇ ਦਬਾਅ ਹੇਠ ਇਹ ਝੂਠਾ ਕੇਸ ਦਰਜ ਕਰਵਾਇਆ ਸੀ।

ਇਹ ਵੀ ਪੜ੍ਹੋ: ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਬਿਆਨ, ਰਾਜ ਸਭਾ ’ਚ ਜਾਵਾਂਗਾ ਪਰ ਸਰਗਰਮ ਸਿਆਸਤ ਤੋਂ ਰਹਾਂਗਾ ਦੂਰ

ਫਿਰੋਜ਼ਪੁਰ ਅਰਬਨ ਵਿਧਾਨ ਸਭਾ ਹਲਕੇ ਵਿਚ ਆਉਂਦੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ 5 ਦਸੰਬਰ 2020 ਨੂੰ ਇਕ ਔਰਤ ਕਿੰਦਰ ਕੌਰ ਪਤਨੀ ਸ਼ਿੰਦਰ ਸਿੰਘ ਵਾਸੀ ਖੂਹ ਮੋਹਰ ਸਿੰਘ ਵਾਲਾ (ਸੈਦੇ ਕੇ) ਦੇ ਬਿਆਨਾਂ ’ਤੇ ਮੁਕੱਦਮਾ ਨੰਬਰ 179 ਦਰਜ ਕੀਤਾ ਸੀ, ਜਿਸ ਵਿਚ ਵਰਿੰਦਰਪਾਲ ਸਿੰਘ ਉਰਫ਼ ਵੀ. ਪੀ. ਸਿੰਘ ਪੁੱਤਰ ਅਮਰੀਕ ਸਿੰਘ, ਕਰਨਪਾਲ ਪੁੱਤਰ ਵਰਿੰਦਰਪਾਲ ਸਿੰਘ, ਬਲਜਿੰਦਰ ਸਿੰਘ ਬੇਦੀ ਅਤੇ ਸੁਸ਼ੀਲ ਕੁਮਾਰ ਉਰਫ਼ ਸ਼ੀਲਾ ਖਿਲਾਫ਼ ਆਈ. ਪੀ. ਸੀ. ਦੀਆਂ ਧਾਰਾਵਾਂ 420, 506, 465, 468, 471, 34 ਅਤੇ 120 ਅਤੇ ਐੱਸ.ਸੀ./ਐੱਸ.ਟੀ. ਐਕਟ 1989 ਲਗਾਈ ਗਈ ਸੀ, ਜਿਸ ’ਚ ਮੁੱਦਈ ਔਰਤ ਵਲੋਂ ਵਰਿੰਦਰਪਾਲ ਸਿੰਘ ਅਤੇ ਕਰਨਪਾਲ ’ਤੇ ਫਿਰੋਜ਼ਪੁਰ ਤੋਂ ਹਵਾਲਾ ਰੈਕੇਟ ਚਲਾਉਣ, ਗੈਰ-ਕਾਨੂੰਨੀ ਧੰਦੇ ਵਿਚ ਸ਼ਾਮਲ ਹੋਣ, ਰੇਲਵੇ ਵਿਭਾਗ ’ਚ ਭਰਤੀ ਕਰਵਾਉਣ ਦੇ ਬਹਾਨੇ ਪੈਸੇ ਇਕੱਠੇ ਕਰਨ, ਜਾਅਲੀ ਪੱਤਰ ਜਾਰੀ ਕਰਕੇ ਧੋਖਾਧੜੀ ਕਰਨ ਅਤੇ ਜਾਤੀਸੂਚਕ ਗਾਲ੍ਹਾਂ ਕੱਢਣ ਆਦਿ ਦੇ ਦੋਸ਼ ਲਾਉਂਦਿਆਂ ਕਿਹਾ ਕਿ ਵਰਿੰਦਰਪਾਲ ਅਤੇ ਕਰਨ ਨੇ ਉਸ ਨੂੰ ਰੇਲਵੇ ਵਿਚ ਨੌਕਰੀ ਦਿਵਾਉਣ ਦੇ ਬਹਾਨੇ ਉਸ ਤੋਂ 18 ਲੱਖ ਰੁਪਏ ਲਏ ਸਨ। ਪੈਸੇ ਦੇਣ ਤੋਂ ਬਾਅਦ ਜਦੋਂ ਉਸ ਦੇ ਪਤੀ ਨੂੰ ਨੌਕਰੀ ਨਹੀਂ ਮਿਲੀ ਤਾਂ ਵੀ. ਪੀ. ਸਿੰਘ ਅਤੇ ਕਰਨਪਾਲ ਤੋਂ ਪੈਸੇ ਵਾਪਸ ਮੰਗਣ ’ਤੇ ਉਸਨੂੰ ਜ਼ਲੀਲ ਕੀਤਾ ਅਤੇ ਜਾਤੀਸੂਚਕ ਗਾਲ੍ਹਾਂ ਕੱਢ ਕੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਲਈ ਐੱਸ.ਐੱਸ.ਪੀ. ਫਿਰੋਜ਼ਪੁਰ ਵੱਲੋਂ ਐੱਸ. ਪੀ. ਦੀ ਅਗਵਾਈ ਵਿਚ ਇਕ ਸਿੱਟ ਦਾ ਗਠਨ ਕੀਤਾ ਗਿਆ, ਜਿਸ ਵਿਚ ਡੀ.ਐੱਸ.ਪੀ. ਸਬ ਡਵੀਜ਼ਨ ਆਜ਼ਾਦ ਦਵਿੰਦਰ ਸਿੰਘ, ਡੀ.ਐੱਸ. ਪੀ. ਜਗਦੀਸ਼ ਕੁਮਾਰ ਅਤੇ ਥਾਣਾ ਕੁਲਗੜ੍ਹੀ ਦੇ ਐੱਸ. ਐੱਚ.ਓ. ਇੰਸਪੈਕਟਰ ਅਭਿਨਵ ਚੌਹਾਨ ਸ਼ਾਮਲ ਸਨ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਂਡ 'ਚ ਪੁਲਸ ਹੱਥ ਲੱਗੇ ਅਹਿਮ ਸੁਰਾਗ, ਗ੍ਰਿਫ਼ਤਾਰ ਮੁਲਜ਼ਮਾਂ ਤੋਂ ਖੁੱਲ੍ਹੀਆਂ ਹੋਰ ਪਰਤਾਂ

ਸਿਟ ਦੇ ਚੇਅਰਮੈਨ ਐੱਸ. ਪੀ. ਗੁਰਮੀਤ ਸਿੰਘ ਨੇ ਆਪਣੀ ਰਿਪੋਰਟ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਔਰਤ ਵਲੋਂ ਲਗਾਏ ਗਏ ਸਾਰੇ ਦੋਸ਼ ਝੂਠੇ ਹਨ ਅਤੇ ਮੁਕੱਦਮੇ ਵਿਚ ਜਿਸ ਦਿਨ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ, ਉਸ ਦਿਨ ਕਰਨਪਾਲ ਫਿਰੋਜ਼ਪੁਰ ਵਿਚ ਨਹੀਂ ਸਗੋਂ ਪੈਰਿਸ ਵਿਚ ਸੀ। ਐੱਸ. ਆਈ. ਟੀ. ਨੇ ਵੀ. ਪੀ. ਸਿੰਘ ਦੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਅਤੇ ਅਧਿਕਾਰੀਆਂ ਨੂੰ ਦਿੱਤੀ ਰਿਪੋਰਟ ਵਿਚ ਦੱਸਿਆ ਗਿਆ ਕਿ ਜਾਂਚ ਦੌਰਾਨ ਸ਼ਿਕਾਇਤਕਰਤਾ ਮਹਿਲਾ ਅਤੇ ਇਸ ਮਾਮਲੇ ਵਿਚ ਨਾਮਜ਼ਦ ਗਵਾਹਾਂ ਦਾ ਵੀ. ਪੀ. ਸਿੰਘ ਦੇ ਘਰ ਆਉਣਾ ਨਹੀ ਪਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੀ ਲੋਕੇਸ਼ਨ ਇਥੋਂ ਦੀ ਸੀ। ਸਿਟ ਦੀ ਰਿਪੋਰਟ ਅਨੁਸਾਰ ਇਸ ਮੁਕੱਦਮੇ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਗਵਾਹ ਬਣਾਇਆ ਗਿਆ ਹੈ, ਉਨ੍ਹਾਂ ਵਿਚੋਂ ਇਕ ਇਕਬਾਲ ਸਿੰਘ ਪੁੱਤਰ ਹਰਨਾਮ ਸਿੰਘ ਪਿੰਡ ਗੰਧੜ ਦਾ ਕਾਂਗਰਸੀ ਸਰਪੰਚ ਹੈ ਅਤੇ ਦੂਜਾ ਰੁਪਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਐੱਨ.ਯੂ.ਐੱਸ.ਆਈ. ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਹੈ, ਜਿਸ ਦੀ ਘਟਨਾ ਸਥਾਨ ’ਤੇ ਹੋਣ ਦੀ ਕੋਈ ਲੋਕੇਸ਼ਨ ਨਹੀਂ ਪਾਈ ਗਈ।

ਉਸ ਤੋਂ ਬਾਅਦ ਮੁਕੱਦਮਾ ਦਰਜ ਕਰਵਾਉਣ ਵਾਲੀ ਔਰਤ ਕਿੰਦਰ ਕੌਰ ਨੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਸਚਿਨ ਸ਼ਰਮਾ ਦੀ ਅਦਾਲਤ ਵਿੱਚ 8 ਫਰਵਰੀ 2022 ਨੂੰ ਪੇਸ਼ ਹੋ ਕੇ ਬਿਆਨ ਦਿੱਤਾ ਕਿ ਉਸ ਵਲੋਂ ਵਰਿੰਦਰਪਾਲ ਸਿੰਘ, ਕਰਨਪਾਲ ਸਿੰਘ ਅਤੇ ਹੋਰਾਂ ਖਿਲਾਫ਼ ਥਾਣਾ ਕੁਲਗੜ੍ਹੀ ਵਿਚ ਜੋ ਮੁਕੱਦਮਾ ਨੰਬਰ 179 ਦਰਜ ਕਰਵਾਇਆ ਗਿਆ ਸੀ, ਉਹ ਝੂਠਾ ਹੈ ਅਤੇ ਉਸਨੇ ਇਹ ਮੁਕੱਦਮਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਉਸ ਦੇ ਸਾਲੇ ਬਿੱਟੂ ਸੰਘਾ ਦੇ ਦਬਾਅ ਹੇਠ ਦਰਜ ਕਰਵਾਇਆ ਸੀ ਅਤੇ ਸਿਟ ਵਲੋਂ ਜਾਂਚ ਦੇ ਬਾਅਦ ਮੁਕੱਦਮਾ ਰੱਦ ਕਰਨ ਸਬੰਧੀ ਜੋ ਰਿਪੋਰਟ ਦਿੱਤੀ ਗਈ ਹੈ, ਉਸ ਨਾਲ ਸਹਿਮਤ ਹੈ ਅਤੇ ਜੇਕਰ ਇਹ ਮੁਕੱਦਮਾ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਤਰ੍ਹਾਂ ਫਿਰੋਜ਼ਪੁਰ ਪੁਲਸ ਵਲੋਂ ਗਠਿਤ ਕੀਤੀ ਗਈ ਸਿਟ ਅਤੇ ਮਾਣਯੋਗ ਅਦਾਲਤ ਨੇ ਪੰਜਾਬ ਦੇ ਮਸ਼ਹੂਰ ਕਾਰੋਬਾਰੀ ਵੀ.ਪੀ. ਸਿੰਘ ਅਤੇ ਕਰਨਪਾਲ ਸਿੰਘ ਅਤੇ ਹੋਰਾਂ ਨੂੰ ਮੁਕੱਦਮਾ ਨੰਬਰ 179 ਵਿੱਚ ਬੇਕਸੂਰ ਨਿਰਦੋਸ਼ ਪਾਇਆ।

ਇਹ ਵੀ ਪੜ੍ਹੋ: ਫਿਲੌਰ ਵਿਖੇ ਪੰਜਾਬ ਪੁਲਸ ਅਕੈਡਮੀ ’ਚ ਡਰੱਗ ਰੈਕੇਟ ਦੇ ਮਾਮਲੇ ’ਚ ਆਇਆ ਨਵਾਂ ਮੋੜ, ਹੋ ਸਕਦੀ ਹੈ CBI ਜਾਂਚ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News