ਰਾਜਪੁਰਾ ''ਚ ''ਜਾਅਲੀ ਸੈਨੇਟਾਈਜ਼ਰ'' ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਵੱਡੀ ਮਾਤਰਾ ''ਚ ਸਮੱਗਰੀ ਬਰਾਮਦ
Friday, Dec 18, 2020 - 09:31 AM (IST)
ਪਟਿਆਲਾ/ਰਾਜਪੁਰਾ (ਬਲਜਿੰਦਰ, ਮਸਤਾਨਾ, ਚਾਵਲਾ) : ਆਬਕਾਰੀ ਮਹਿਕਮਾ ਪੰਜਾਬ, ਪਟਿਆਲਾ ਪੁਲਸ, ਆਈ. ਆਰ. ਬੀ. ਅਤੇ ਸਿਹਤ ਮਹਿਕਮੇ ਨੇ ਬੀਤੀ ਦੇਰ ਸ਼ਾਮ ਇਕ ਵੱਡੀ ਕਾਰਵਾਈ ਕਰਦਿਆਂ ਰਾਜਪੁਰਾ ਵਿਖੇ 2 ਥਾਵਾਂ ’ਤੇ ਛਾਪੇਮਾਰੀ ਕਰ ਕੇ ਅਲਕੋਹਲ ’ਤੇ ਆਧਾਰਿਤ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਇਕ ਫੈਕਟਰੀ ਬੇਨਕਾਬ ਕੀਤੀ ਹੈ। ਜਾਣਕਾਰੀ ਦਿੰਦਿਆਂ ਪੰਜਾਬ ਦੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਆਬਕਾਰੀ ਮਹਿਕਮੇ ਵੱਲੋਂ ਪੰਜਾਬ ਸਰਕਾਰ ਦੀ ਨਕਲੀ ਅਤੇ ਨਾਜਾਇਜ਼ ਸ਼ਰਾਬ, ਅਲਕੋਹਲ ’ਤੇ ਆਧਾਰਿਤ ਨਾਜਾਇਜ਼ ਕਾਰੋਬਾਰ ਆਦਿ ਪ੍ਰਤੀ ਅਪਣਾਈ ‘ਜ਼ੀਰੋ ਟਾਲਰੇਂਸ’ ਦੀ ਨੀਤੀ ਨੂੰ ਸਖ਼ਤੀ ਨਾਲ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਭਾਜਪਾ ਹਾਈਕਮਾਂਡ ਨੂੰ ਪੁੱਛੇ ਕਿ ਵਾਜਪਾਈ ਦੇ ਮੂਲ ਸਿਧਾਂਤ ਨੂੰ ਕਿਉਂ ਤਿਆਗਿਆ : ਅਕਾਲੀ ਦਲ
ਅਗਰਵਾਲ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਇਕ ਗੁਪਤ ਸੂਚਨਾ ਦੇ ਅਧਾਰ ’ਤੇ ਆਬਕਾਰੀ ਮਹਿਕਮਾ, ਪੰਜਾਬ, ਸਥਾਨਕ ਪੁਲਸ, ਆਈ. ਆਰ. ਬੀ. ਅਤੇ ਸਿਹਤ ਮਹਿਕਮੇ ਨੇ ਸਾਂਝੀ ਕਾਰਵਾਈ ਕਰਦਿਆਂ ਅਲਕੋਹਲ ’ਤੇ ਅਧਾਰਿਤ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਫੜ੍ਹੀ ਹੈ। ਉਨ੍ਹਾਂ ਦੱਸਿਆ ਕਿ ਇਸ ’ਚੋਂ 5-5 ਲੀਟਰ ਦੀਆਂ ਵੱਡੀਆਂ ਕੈਨੀਆਂ, ਬਣੇ ਹੋਏ ਸੈਨੇਟਾਈਜ਼ਰ ਨਾਲ ਭਰੀਆਂ 4000 ਬੋਤਲਾਂ, ਜਿਨ੍ਹਾਂ ’ਤੇ ਈਥਾਈਲ ਅਲਕੋਹਲ ਲਿਖਿਆ ਹੋਇਆ ਸੀ, ਤੋਂ ਇਲਾਵਾ ਵੱਡੀ ਮਾਤਰਾ ’ਚ ਖਾਲੀ ਬੋਤਲਾਂ, ਢੱਕਣ, ਲੇਬਲ, ਜਿਨ੍ਹਾਂ ’ਚ ਜਗਤਜੀਤ ਇੰਡਸਟਰੀ ਹਮੀਰਾ ਦੇ ਲੇਬਲ ਸ਼ਾਮਲ ਹਨ, ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਇਕ 35 ਲੀਟਰ ਦੇ ਕਰੀਬ ਸਪਿਰਟ ਵਰਗਾ ਤਰਲ ਪਦਾਰਥ ਅਤੇ ਸੈਨੇਟਾਈਜ਼ਰ ਪ੍ਰੈਸ਼ਰ ਪੰਪ ਵੀ ਮਿਲੇ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫ਼ੈਸਲਾ, 'ਪੰਜਾਬ ਕੰਟਰੈਕਟਰ ਲੇਬਰ ਰੂਲਜ਼' 'ਚ ਹੋਵੇਗੀ ਸੋਧ
ਰਜਤ ਅਗਰਵਾਲ ਨੇ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਜਾਂ ਅਲਕੋਹਲ ’ਤੇ ਆਧਾਰਿਤ ਅਜਿਹੇ ਕਿਸੇ ਵੀ ਕਾਰੋਬਾਰ ਦੀ ਸੂਚਨਾ ਆਬਕਾਰੀ ਮਹਿਕਮੇ ਦੇ ਸ਼ਿਕਾਇਤ ਨੰਬਰ 98759-61126 ’ਤੇ ਤੁਰੰਤ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਾਰੋਬਾਰ ਕਰਨ ਵਾਲਾ ਬੇਸ਼ੱਕ ਕੋਈ ਆਬਕਾਰੀ ਮਹਿਕਮੇ ਦਾ ਲਾਈਸੈਂਸੀ ਹੋਵੇ, ਅਧਿਕਾਰੀ ਜਾਂ ਮੁਲਾਜ਼ਮ ਜਾਂ ਕੋਈ ਹੋਰ ਅਸਰ ਰਸੂਖ ਰੱਖਣ ਵਾਲਾ ਵਿਅਕਤੀ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਆਪਰੇਸ਼ਨ ਬਾਰੇ ਆਬਕਾਰੀ ਸੰਯੁਕਤ ਕਮਿਸ਼ਨਰ ਆਬਕਾਰੀ ਨਰੇਸ਼ ਦੂਬੇ ਨੇ ਦੱਸਿਆ ਕਿ ਰਾਜਪੁਰਾ ਦੇ ਫੋਕਲ ਪੁਆਇੰਟ ਅਤੇ ਐੱਸ. ਬੀ. ਐੱਸ. ਨਗਰ ਵਿਖੇ ਇਕ ਘਰ ’ਚ ਗੁਪਤ ਸੂਚਨਾ ਦੇ ਅਧਾਰ ’ਤੇ ਛਾਪੇਮਾਰੀ ਕਰ ਕੇ ਇਸ ਅਲਕੋਹਲ ’ਤੇ ਆਧਾਰਿਤ ਸੈਨੇਟਾਈਜ਼ਰ ਬਣਾਉਣ ਵਾਲੀ ਜਾਅਲੀ ਅਤੇ ਬਿਨ੍ਹਾਂ ਲਾਈਸੈਂਸੀ ਫੈਕਟਰੀ ਨੂੰ ਬੇਨਕਾਬ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਲਈ 'ਗਜ਼ਟਿਡ ਛੁੱਟੀਆਂ' ਦਾ ਐਲਾਨ, ਜਾਰੀ ਹੋਈ ਸੂਚੀ
ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਵਾਲੇ ਕੋਲ ਮਹਿਕਮੇ ਦਾ ਐੱਲ 42-ਬੀ ਲਾਈਸੈਂਸ ਵੀ ਨਹੀਂ ਸੀ ਅਤੇ ਨਾ ਹੀ ਸਿਹਤ ਮਹਿਕਮੇ ਵੱਲੋਂ ਡਰੱਗ ਸਬੰਧੀ ਲਾਈਸੈਂਸ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਨ ਸੱਗੀ ਨਾਂ ਦਾ ਵਿਅਕਤੀ ਸਾਹਮਣੇ ਆਇਆ ਹੈ, ਜਿਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਘਰ ’ਚ ਬਣਿਆ ਜਾਅਲੀ ਸੈਨੇਟਾਈਜ਼ਰ ਵੱਡੀ ਮਾਤਰਾ ’ਚ ਬਰਾਮਦ ਹੋਇਆ ਹੈ। ਦੂਬੇ ਨੇ ਦੱਸਿਆ ਕਿ ਆਬਕਾਰੀ ਮਹਿਕਮੇ ਵੱਲੋਂ ਇਸ ਮਾਮਲੇ ਸਬੰਧੀ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਬਰਾਮਦ ਕੀਤੇ ਗਏ ਤਰਲ ਪਦਾਰਥ ਦੇ ਸੈਂਪਲ ਭਰੇ ਗਏ ਹਨ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਫੜ੍ਹਿਆ ਗਿਆ ਸੈਨੇਟਾਈਜ਼ਰ ਈਥਾਈਲ ਅਲਕੋਹਲ ’ਤੇ ਅਧਾਰਿਤ ਹੈ ਜਾਂ ਮਿਥਾਈਲ ਅਲਕੋਹਲ ’ਤੇ ਅਧਾਰਿਤ। ਇਸ ਮਾਮਲੇ ਦੀ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਈ. ਟੀ. ਓ. ਮੇਜਰ ਮਨਮੋਹਨ ਸਿੰਘ, ਈ. ਟੀ. ਓ. ਹਰਜੋਤ ਸਿੰਘ, ਡਰੱਗ ਇੰਸਪੈਕਟਰ, ਪੁਲਸ ਅਧਿਕਾਰੀ ਅਤੇ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ।
ਨੋਟ : ਰਾਜਪੁਰਾ 'ਚ ਫੜ੍ਹੀ ਗਈ ਨਕਲੀ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਸਬੰਧੀ ਦਿਓ ਰਾਏ