ਫਿਰ ਹੋਇਆ ਫੌਜ ''ਚ ਫਰਜ਼ੀ ਭਰਤੀ ਦਾ ਪਰਦਾਫਾਸ਼ ; 2 ਜਵਾਨਾਂ ਬਦਲੇ ਲਏ 6 ਲੱਖ
Thursday, Mar 15, 2018 - 06:50 AM (IST)

ਜਲੰਧਰ, (ਮਹੇਸ਼)— ਥਾਣਾ ਕੈਂਟ ਦੀ ਪੁਲਸ ਨੇ 2 ਜਵਾਨਾਂ ਨੂੰ ਫੌਜ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 6 ਲੱਖ ਦੀ ਠੱਗੀ ਕਰਨ ਵਾਲੇ ਵਿਅਕਤੀ ਦਾ ਪਰਦਾਫਾਸ਼ ਕਰਦਿਆਂ ਉਸਨੂੰ ਅੱਜ ਗ੍ਰਿਫਤਾਰ ਕਰ ਲਿਆ। ਸਤੰਬਰ 2017 ਵਿਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਥਾਣਾ ਕੈਂਟ ਦੇ ਇੰਚਾਰਜ ਇੰਸ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਏ. ਐੱਸ. ਆਈ. ਗੁਰਦੀਪ ਚੰਦ ਵਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਕਮਲਪਾਲ ਸਿੰਘ ਪੁੱਤਰ ਪ੍ਰਕਾਸ਼ ਸਿੰਘ ਬੇਗੋਵਾਲ ਜ਼ਿਲਾ ਕਪੂਰਥਲਾ ਦੇ ਤੌਰ 'ਤੇ ਹੋਈ ਹੈ। ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਸਦੇ ਖਿਲਾਫ ਥਾਣਾ ਕੈਂਟ ਵਿਚ ਧਾਰਾ 420, 120-ਬੀ ਤੇ 34 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਫਿਰੋਜ਼ਪੁਰ ਕੈਂਟ ਤੇ ਜਲੰਧਰ ਕੈਂਟ ਦੇ ਕਈ ਲੋਕ ਉਸਦੀ ਠੱਗੀ ਦਾ ਸ਼ਿਕਾਰ ਹੋਏ ਹਨ।
ਮੋਗਾ ਦੇ ਗੁਰਪ੍ਰੀਤ ਨੇ ਦਿੱਤੀ ਸੀ ਸ਼ਿਕਾਇਤ
ਬੇਗੋਵਾਲ ਦੇ ਕਮਲਪਾਲ ਸਿੰਘ ਦੇ ਖਿਲਾਫ ਮੋਗਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਵਾਸੀ ਗੁਰਪ੍ਰੀਤ ਸਿੰਘ ਨੇ ਕੈਂਟ ਥਾਣੇ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕਮਲਪਾਲ ਸਿੰਘ ਨੇ ਉਸਦੇ ਦੋ ਭਤੀਜਿਆਂ ਜਗਮੋਹਨ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਫੌਜ ਵਿਚ ਭਰਤੀ ਕਰਵਾਉਣ ਦੇ ਬਦਲੇ 6 ਲੱਖ ਰੁਪਏ ਲਏ ਹਨ ਪਰ ਨਾ ਤਾਂ ਉਸਨੇ ਉਨ੍ਹਾਂ ਨੂੰ ਭਰਤੀ ਕਰਵਾਇਆ ਤੇ ਨਾ ਹੀ ਪੈਸੇ ਵਾਪਸ ਮੋੜੇ। ਅੱਧੇ ਪੈਸੇ ਉਸਨੇ ਜਨਵਰੀ ਵਿਚ ਅਤੇ ਬਾਕੀ 5 ਮਾਰਚ ਨੂੰ ਉਨ੍ਹਾਂ ਕੋਲੋਂ ਲਏ ਸਨ।
ਆਰਮੀ ਹੈੱਡਕੁਆਰਟਰ ਤੋਂ ਗਾਇਬ ਹੋਇਆ ਮੁਲਜ਼ਮ
ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਮੁਤਾਬਕ ਕਮਲਪਾਲ ਸਿੰਘ ਉਸਦੇ ਭਤੀਜਿਆਂ ਜਗਮੋਹਨ ਤੇ ਮਨਪ੍ਰੀਤ ਨੂੰ ਆਪਣੀ ਗੱਡੀ ਵਿਚ ਆਰਮੀ ਹੈੱਡਕੁਆਰਟਰ ਜਲੰਧਰ ਕੈਂਟ ਲੈ ਕੇ ਆਇਆ ਅਤੇ ਇਹ ਕਹਿ ਕੇ ਉਥੋਂ ਚਲਾ ਗਿਆ ਕਿ ਉਹ ਉੱਚ ਅਧਿਕਾਰੀ ਨਾਲ ਗੱਲ ਕਰਕੇ ਵਾਪਸ ਆਉਂਦਾ ਹੈ ਪਰ ਉਹ ਹੈੱਡਕੁਆਰਟਰ ਦੇ ਪਿਛੇ ਗੇਟ ਰਾਹੀਂ ਗੱਡੀ ਲੈ ਕੇ ਫਰਾਰ ਹੋ ਗਿਆ ਤੇ ਉਸਦੇ ਭਤੀਜੇ ਉਥੇ ਖੜ੍ਹੇ ਉਸਦੀ ਉਡੀਕ ਕਰਦੇ ਰਹੇ, ਜਿਸਤੋਂ ਬਾਅਦ ਉਹ ਕੈਂਟ ਪੁਲਸ ਕੋਲ ਆਪਣੀ ਸ਼ਿਕਾਇਤ ਲੈ ਕੇ ਪਹੁੰਚੇ। ਮੁਲਜ਼ਮ ਨੇ ਕਿਹਾ ਸੀ ਕਿ ਉਹ ਆਰਮੀ ਦਾ ਸਾਮਾਨ ਸਪਲਾਈ ਕਰਦਾ ਹੈ, ਜਿਸ ਕਾਰਨ ਉਸਦੀ ਇਥੇ ਚੰਗੀ ਜਾਣ ਪਛਾਣ ਹੈ।
ਸਤੰਬਰ 2017 'ਚ ਵੀ 3 ਵਿਅਕਤੀ ਹੋਏ ਸਨ ਬੇਨਕਾਬ
ਥਾਣਾ ਕੈਂਟ ਦੀ ਪੁਲਸ ਨੇ ਸਤੰਬਰ 2017 ਵਿਚ ਵੀ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇਣ ਵਾਲੇ 3 ਵਿਅਕਤੀਆਂ ਨੂੰ ਬੇਨਕਾਬ ਕੀਤਾ, ਜਿਨ੍ਹਾਂ ਵਿਚ ਮਾਸਟਰ ਮਾਈਂਡ ਆਰ. ਸੀ. ਤਿਵਾੜੀ ਤੋਂ ਇਲਾਵਾ ਰਵੀ ਕੁਮਾਰ ਤੇ ਵਰਿੰਦਰ ਕੁਮਾਰ ਸ਼ਰਮਾ ਸਨ ਜੋ ਅਜੇ ਵੀ ਜੇਲ ਵਿਚ ਸਜ਼ਾ ਕੱਟ ਰਹੇ ਹਨ। ਅੱਜ ਕੈਂਟ ਪੁਲਸ ਵਲੋਂ ਫੜੇ ਗਏ ਕਮਲਪਾਲ ਸਿੰਘ ਦਾ ਮਾਮਲਾ ਵੀ ਉਨ੍ਹਾਂ ਨਾਲ ਜੁੜਿਆ ਹੋ ਸਕਦਾ ਹੈ। ਉਸ ਸਮੇਂ ਪੁਲਸ ਨੇ ਦੀਪ ਨਗਰ ਤੋਂ ਵਰਿੰਦਰ ਕੁਮਾਰ ਨੂੰ ਫੜਿਆ ਸੀ ਤੇ ਉਸਤੋਂ ਬਾਅਦ ਰਵੀ ਕੁਮਾਰ ਤਲਵਾੜਾ ਤੇ ਫਿਰ ਮਾਸਟਰ ਮਾਈਂਡ ਤਿਵਾੜੀ ਪੁਲਸ ਦੇ ਹੱਥ ਲੱਗਾ ਸੀ। ਵਰਿੰਦਰ ਕੋਲੋਂ ਪੁਲਸ ਨੂੰ ਜਾਅਲੀ ਦਸਤਾਵੇਜ਼ ਤੇ ਫਰਜ਼ੀ ਵਰਦੀ ਵੀ ਮਿਲੀ ਸੀ। ਰਵੀ ਦੇ ਤਲਵਾੜਾ ਸਥਿਤ ਘਰ ਵਿਚੋਂ ਪੁਲਸ ਨੇ ਸੰਸਾਰਪੁਰ ਪਿੰਡ ਦੇ ਸਰਪੰਚ, ਤਹਿਸੀਲਦਾਰਾਂ ਦੀਆਂ ਸਟੈਂਪਾਂ ਬਰਾਮਦ ਕੀਤੀਆਂ ਸਨ। ਪੂਰੀ ਯੋਜਨਾ ਨੂੰ ਮਾਸਟਰ ਮਾਈਂਡ ਤਿਵਾੜੀ ਤਿਆਰ ਕਰਦਾ ਸੀ। ਵਰਿੰਦਰ ਭਰਤੀ ਦੇ ਟੈਸਟ ਵਿਚ ਫੇਲ ਹੋ ਜਾਂਦੇ ਦੂਜੇ ਸੂਬਿਆਂ ਦੇ ਜਵਾਨਾਂ ਨੂੰ ਆਪਣੇ ਝਾਂਸੇ ਵਿਚ ਲੈ ਕੇ ਇਹ ਕਹਿ ਕੇ ਤਿਵਾੜੀ ਨਾਲ ਮਿਲਾਉਂਦਾ ਸੀ ਕਿ ਤਿਵਾੜੀ ਫੌਜ ਵਿਚ ਵੱਡੇ ਅਧਿਕਾਰੀ ਹਨ ਜੋ ਉਨ੍ਹਾਂ ਨੂੰ ਫੌਜ ਵਿਚ ਹਰ ਹਾਲ ਵਿਚ ਭਰਤੀ ਕਰਵਾ ਦੇਣਗੇ। ਦੂਜੇ ਸੂਬਿਆਂ ਦੇ ਜਵਾਨਾਂ ਦੇ ਪੰਜਾਬ ਨਾਲ ਸਬੰਧਤ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਸਨ। ਜਵਾਨਾਂ ਨੂੰ ਫੌਜ ਵਿਚ ਭਰਤੀ ਕਰਵਾਉਣ ਲਈ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲੀ ਜਾਂਦੀ ਸੀ।
ਤਿਵਾੜੀ ਨੂੰ ਵੀ ਲਿਆਂਦਾ ਜਾ ਸਕਦੈ ਪ੍ਰੋਡਕਸ਼ਨ ਵਾਰੰਟ 'ਤੇ
ਜੇਕਰ ਪੁਲਸ ਜਾਂਚ ਵਿਚ ਕਮਲਪਾਲ ਸਿੰਘ ਦਾ ਮਾਮਲਾ 2017 ਵਾਲੇ ਮਾਮਲੇ ਵਿਚ ਜੁੜੇ ਹੋਣ ਦਾ ਸ਼ੱਕ ਸਹੀ ਸਾਬਿਤ ਹੁੰਦਾ ਹੈ ਕਿ ਜੇਲ ਵਿਚ ਬੰਦ ਮਾਸਟਰ ਮਾਈਂਡ ਆਰ. ਸੀ. ਤਿਵਾੜੀ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾ ਸਕਦਾ ਹੈ ਤਾਂ ਜੋ ਉਸਨੂੰ ਵੀ ਪੁੱਛਗਿੱਛ ਵਿਚ ਸ਼ਾਮਲ ਕੀਤਾ ਜਾ ਸਕੇ। ਫਿਲਹਾਲ ਪੁਲਸ ਨੇ ਕਮਲਪਾਲ ਸਿੰਘ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।