2 ਕੁਇੰਟਲ 70 ਕਿਲੋਗ੍ਰਾਮ ਨਕਲੀ ਦੁੱਧ ਸਮੇਤ 1 ਕਾਬੂ, 1 ਫਰਾਰ
Thursday, Jun 28, 2018 - 08:05 AM (IST)
ਬਰਨਾਲਾ (ਰਵੀ) - ਸੀ. ਆਈ. ਸਟਾਫ ਨੇ ਨਕਲੀ ਦੁੱਧ ਤੇ ਨਕਲੀ ਦੁੱਧ ਬਣਾਉਣ ਦੇ ਸਾਮਾਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਦੋਂਕਿ ਦੂਜਾ ਵਿਅਕਤੀ ਪੁਲਸ ਦੀ ਪਹੁੰਚ ਤੋਂ ਦੂਰ ਹੈ। ਪ੍ਰੈੱਸਕਾਨਫਰੰਸ ’ਚੋ ਮਿਲੀ ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮੰਤਵ ਲੋਕਾਂ ਨੂੰ ਸਾਫ-ਸੁਥਰੀਅਾਂ ਖਾਣ-ਪੀਣ ਦੀਆਂ ਚੀਜ਼ਾਂ ਉਪਲੱਬਧ ਕਰਵਾਉਣਾ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਂ ਵਿਅਕਤੀਅਾਂ ਵੱਲੋਂ ਮਿਲ ਕੇ ਨਕਲੀ ਦੁੱਧ ਤਿਆਰ ਕਰ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ। ਸੂਚਨਾ ਅਨੁਸਾਰ ਰਘਬੀਰ ਸਿੰਘ ਉਰਫ ਰਾਮੂ ਬੰਤ ਸਿੰਘ ਵਾਸੀ ਜੰਡਾ ਵਾਲਾ ਰੋਡ ਨਜ਼ਦੀਕ ਮੌਡ਼ਾਂ ਵਾਲੀ ਕੁਟੀਆ ਆਪਣੀ ਰਿਹਾਇਸ਼ੀ ਮਕਾਨ ’ਚ ਨਕਲੀ ਦੁੱਧ ਤਿਆਰ ਕਰ ਕੇ ਉਸ ਨੂੰ ਵੇਚਣ ਦਾ ਧੰਦਾ ਕਰਦਾ ਹੈ। ਉਸ ਨੂੰ ਅਚਲ ਕੁਮਾਰ ਉਰਫ ਰਾਜੂ ਪੁੱਤਰ ਰਾਕੇਸ਼ ਕੁਮਾਰ ਵਾਸੀ ਸੇਖਾਂ ਰੋਡ ਨਕਲੀ ਦੁੱਧ ਤਿਆਰ ਕਰਨ ਲਈ ਸਾਮਾਨ ਦਿੰਦਾ ਹੈ। ਇਹ ਦੋਵੇਂ ਮਿਲ ਕੇ ਗੈਰ-ਕਾਨੂੰਨੀ ਧੰਦਾ ਕਰਦੇ ਹਨ। ਪੁਲਸ ਟੀਮ ਵੱਲੋਂ ਰਘਬੀਰ ਸਿੰਘ ਦੇ ਘਰ ਰੇਡ ਕੀਤੀ ਗਈ ਤਾਂ ਉਥੋਂ ਦੋ ਕੁਇੰਟਲ 70 ਕਿਲੋਗ੍ਰਾਮ ਮਿਲਾਵਟੀ ਦੁੱਧ, 25 ਕਿਲੋ ਗੁਲੂਕੋਜ਼ ਪਾਊਡਰ, 23 ਕਿਲੋ ਸੁਕਾ ਮਿਲਕ ਪਾਊਡਰ, ਚਾਰ ਪੈਕੇਟ ਸੋਆਬਿਨ ਤੇਲ ਬਰਾਮਦ ਕੀਤਾ ਗਿਅਾ। ਪੁਲਸ ਨੇ ਰਘਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦੋਂਕਿ ਅਚਲ ਕੁਮਾਰ ਦੀ ਗ੍ਰਿਫਤਾਰੀ ਬਾਕੀ ਹੈ। ਬਲਜੀਤ ਸਿੰਘ ਨੇ ਕਿਹਾ ਕਿ ਤਫਤੀਸ਼ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
