ਪੰਜਾਬ ਪੁਲਸ ਦਾ ਨਕਲੀ DSP ਬਣ ਕੇ ਲੋਕਾਂ ਨੂੰ ਠੱਗਣ ਵਾਲਾ ਗ੍ਰਿਫ਼ਤਾਰ, ਸਾਥੀ ਫਰਾਰ
Wednesday, Oct 19, 2022 - 05:06 AM (IST)
ਲੁਧਿਆਣਾ (ਰਾਜ, ਬੇਰੀ) : ਖੁਦ ਨੂੰ ਪੰਜਾਬ ਪੁਲਸ ਦਾ ਡੀ. ਐੱਸ. ਪੀ. ਜਾਂ ਇੰਸਪੈਕਟਰ ਬਣ ਕੇ ਥਾਣਿਆਂ ’ਚ ਆਉਣ ਵਾਲੇ ਲੋਕਾਂ ਨੂੰ ਕੰਮ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਨਕਲੀ ਪੁਲਸ ਵਾਲੇ ਨੂੰ ਕਮਿਸ਼ਨਰੇਟ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਤੋਂ ਪੁਲਸ ਦੀ ਵਰਦੀ, ਠੱਗੀ ’ਚ ਵਰਤੀ ਐਕਟਿਵਾ ਤੇ ਜਾਅਲੀ ਆਈ. ਡੀ. ਕਾਰਡ ਬਰਾਮਦ ਹੋਇਆ ਹੈ। ਮੁਲਜ਼ਮ ਮੁਹੱਲਾ ਮਨੋਹਰ ਨਗਰ ਦਾ ਸੁਖਮਨਜੀਤ ਸਿੰਘ ਹੈ, ਜਦੋਂਕਿ ਉਸ ਦਾ ਸਾਥੀ ਮੱਖਣ ਅਜੇ ਫਰਾਰ ਹੈ। ਥਾਣਾ ਡਵੀਜ਼ਨ ਨੰ. 7 'ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : 23 ਸਾਲਾ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲ਼ੀ, ਹਾਲਤ ਗੰਭੀਰ
ਏ. ਸੀ. ਪੀ. (ਪੂਰਬੀ) ਗੁਰਦੇਵ ਸਿੰਘ ਤੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਵਿਚ ਇਕ ਵਿਅਕਤੀ ਬੰਦ ਸੀ। ਥਾਣੇ ਦੇ ਮੁਨਸ਼ੀ ਨੂੰ ਇਕ ਵਿਅਕਤੀ ਦੀ ਕਾਲ ਆਈ ਤੇ ਉਸ ਨੇ ਆਪਣੇ-ਆਪ ਨੂੰ ਡੀ. ਐੱਸ. ਪੀ. ਦੱਸਿਆ ਅਤੇ ਬੰਦ ਨੌਜਵਾਨ ਨੂੰ ਛੱਡਣ ਲਈ ਕਿਹਾ। ਜਦੋਂ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਆਇਆ ਤਾਂ ਉਨ੍ਹਾਂ ਨੇ ਆਪਣੇ ਤੌਰ ’ਤੇ ਪਤਾ ਕੀਤਾ ਕਿ ਇਸ ਨਾਂ ਦਾ ਕੋਈ ਅਧਿਕਾਰੀ ਹੈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ’ਤੇ ਸੀ ਤਾਂ ਉਕਤ ਮੁਲਜ਼ਮ ਸਬੰਧੀ ਸੂਚਨਾ ਮਿਲੀ ਕਿ ਮੁਲਜ਼ਮ ਤਾਜਪੁਰ ਰੋਡ ਸਥਿਤ ਅੰਮ੍ਰਿਤ ਧਰਮਕੰਡੇ ਕੋਲ ਪੰਜਾਬ ਪੁਲਸ ਦਾ ਇੰਸਪੈਕਟਰ ਬਣ ਕੇ ਖੜ੍ਹਾ ਹੈ।
ਇਹ ਵੀ ਪੜ੍ਹੋ : ਬਿਜਲੀ ਘਰ ਦੇ ਕੈਸ਼ ਰੂਮ ’ਚੋਂ ਲੱਖਾਂ ਰੁਪਏ ਸ਼ੱਕੀ ਹਾਲਾਤ ’ਚ ਗਾਇਬ, ਵਿਭਾਗ 'ਚ ਮਚੀ ਤਰਥੱਲੀ
ਸੂਚਨਾ ਮਿਲਣ ਤੋਂ ਬਾਅਦ ਉੱਥੇ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਸੁਖਮਨਜੀਤ ਸਿੰਘ ਨੂੰ ਫੜ ਲਿਆ ਗਿਆ, ਜਦੋਂਕਿ ਉਸ ਦਾ ਸਾਥੀ ਮੱਖਣ ਫਰਾਰ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਮੱਖਣ ਥਾਣੇ ਦੇ ਅੰਦਰ ਜਾਂਦਾ ਸੀ ਅਤੇ ਰੇਕੀ ਕਰਦਾ ਸੀ ਕਿ ਕਿਸ ਵਿਅਕਤੀ ਦਾ ਕੀ ਕੇਸ ਚੱਲ ਰਿਹਾ ਹੈ ਤੇ ਸਾਰੀ ਕਹਾਣੀ ਬਾਹਰ ਆ ਕੇ ਸੁਖਮਨਜੀਤ ਸਿੰਘ ਨੂੰ ਦੱਸਦਾ ਸੀ। ਜਦੋਂ ਲੋਕ ਬਾਹਰ ਆਉਂਦੇ ਤਾਂ ਮੁਲਜ਼ਮ ਉਨ੍ਹਾਂ ਨੂੰ ਝਾਂਸਾ ਦਿੰਦੇ ਸਨ ਕਿ ਉਹ ਉਨ੍ਹਾਂ ਦੀ ਸੈਟਿੰਗ ਕਰਵਾ ਕੇ ਮਾਮਲਾ ਪੂਰੀ ਤਰ੍ਹਾਂ ਰਫਾ-ਦਫਾ ਕਰਵਾ ਸਕਦੇ ਹਨ, ਜਿਸ ਤੋਂ ਬਾਅਦ ਮੁਲਜ਼ਮ ਪੁਲਸ ਦੇ ਨਾਂ ’ਤੇ ਪੈਸੇ ਲੈ ਕੇ ਫਰਾਰ ਹੋ ਜਾਂਦੇ ਸਨ।
ਇਹ ਵੀ ਪੜ੍ਹੋ : ਨਸ਼ਿਆਂ ਦੀ ਵਰਤੋਂ ਨਾਲ ਕਰ ਰਹੇ ਨੌਜਵਾਨ ਖੂਨ-ਖਰਾਬਾ, ਕੁੱਟਮਾਰ ਤੇ ਹੋਰ ਅਪਰਾਧ
ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਪੁਲਸ ਦੇ ਨਾਂ ’ਤੇ ਮਾਰ ਚੁੱਕੇ ਹਨ ਠੱਗੀ
ਇੰਸਪੈਕਟਰ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਕਈ ਲੋਕਾਂ ਨਾਲ ਠੱਗੀ ਮਾਰ ਚੁੱਕਾ ਹੈ। ਮੁਲਜ਼ਮ ਖਿਲਾਫ਼ ਪਹਿਲਾਂ ਵੀ ਥਾਣਾ ਹਠੂਰ ’ਚ ਜਾਅਲੀ ਪੁਲਸ ਮੁਲਾਜ਼ਮ ਬਣਨ ਦਾ ਕੇਸ ਦਰਜ ਹੈ। ਕੁਝ ਸਮਾਂ ਪਹਿਲਾਂ ਉਹ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਬਾਹਰ ਆਉਣ ਤੋਂ ਬਾਅਦ ਫਿਰ ਉਸ ਨੇ ਮੱਖਣ ਅਤੇ ਹੋਰ 2 ਸਾਥੀਆਂ ਨਾਲ ਮਿਲ ਕੇ ਠੱਗੀ ਦਾ ਧੰਦਾ ਸ਼ੁਰੂ ਕਰ ਦਿੱਤਾ। ਮੁਲਜ਼ਮ ਸੁਖਮਨਜੀਤ ਸਿੰਘ ਨੇ ਸਿਰਫ ਲੁਧਿਆਣਾ ਵਿਚ ਹੀ ਨਹੀਂ, ਸਗੋਂ ਜਲੰਧਰ, ਫਗਵਾੜਾ, ਨਵਾਂਸ਼ਹਿਰ, ਜਗਰਾਓਂ ਸਮੇਤ ਕਈ ਜ਼ਿਲ੍ਹਿਆਂ ’ਚ ਨਕਲੀ ਪੁਲਸ ਵਾਲਾ ਬਣ ਕੇ ਲੋਕਾਂ ਨੂੰ ਠੱਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਨਾਕਾਬੰਦੀ ਕਰਕੇ ਚਲਾਨ ਕੱਟਣ ਦੇ ਨਾਂ ’ਤੇ ਵੀ ਠੱਗੀ ਮਾਰਦੇ ਰਹੇ ਹਨ।
ਇਹ ਵੀ ਪੜ੍ਹੋ : UK ਹਾਈ ਕਮਿਸ਼ਨਰ ਦਾ ਭਾਰਤੀਆਂ ਦੇ ਲਈ ਵੀਜ਼ਾ ਸਬੰਧੀ 'ਜ਼ਰੂਰੀ ਅਪਡੇਟ'
ਮੁਲਜ਼ਮ ਦੇ ਸਾਥੀ ਖਰੀਦ ਕੇ ਲਿਆਏ ਸਨ ਨਕਲੀ ਵਰਦੀ
ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪਤਾ ਲੱਗਾ ਹੈ ਕਿ ਪੁਲਸ ਦੀ ਵਰਦੀ ਉਸ ਦੇ ਸਾਥੀ ਲੈ ਕੇ ਆਏ ਸਨ। ਉਸ ਦੇ ਨਾਲ ਮੱਖਣ ਸਮੇਤ 2 ਹੋਰ ਵੀ ਸ਼ਾਮਲ ਹਨ, ਜੋ ਅਜੇ ਫਰਾਰ ਹਨ। ਉਸ ਦੇ ਕੋਲ ਡੀ. ਐੱਸ. ਪੀ., ਇੰਸਪੈਕਟਰ ਅਤੇ ਕਾਂਸਟੇਬਲ ਰੈਂਕ ਦੀ ਵਰਦੀ ਸੀ। ਪੁਲਸ ਨੂੰ ਉਸ ਕੋਲੋਂ ਇਕ ਵਰਦੀ, ਸਟਾਰ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮੁਲਜ਼ਮਾਂ ਨੇ ਵਰਦੀ ਕਿੱਥੋਂ ਬਣਵਾਈ ਸੀ ਅਤੇ ਸਾਮਾਨ ਕਿੱਥੋਂ ਖਰੀਦਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।