ਕਾਸ਼ ! ਲਛਮਣ ਦੀ ਬਜਾਏ ਮੈਨੂੰ ਮੌਤ ਆ ਜਾਂਦੀ, ਯਾਰ ਤੇ ਕਰੋੜਾ ਰੁਪਏ ਗੁਆ ਕੇ ਘਰ ਤੋਂ ਬੇਘਰ ਹੋ ਗਿਆ

Saturday, Nov 25, 2017 - 05:56 AM (IST)

ਕਾਸ਼ ! ਲਛਮਣ ਦੀ ਬਜਾਏ ਮੈਨੂੰ ਮੌਤ ਆ ਜਾਂਦੀ, ਯਾਰ ਤੇ ਕਰੋੜਾ ਰੁਪਏ ਗੁਆ ਕੇ ਘਰ ਤੋਂ ਬੇਘਰ ਹੋ ਗਿਆ

ਸਰਕਾਰ ਨੇ ਮੱਲ੍ਹਮ ਲਾਉਣ ਦੀ ਬਜਾਏ ਸੁੱਟ ਦਿੱਤਾ ਸਲਾਖਾਂ ਪਿੱਛ
ਲੁਧਿਆਣਾ(ਪਾਲੀ)- ਸੋਮਵਾਰ ਨੂੰ ਸੂਫੀਆਂ ਚੌਕ ਵਿਚ ਪੰਜ ਮੰਜ਼ਿਲਾ ਪਲਾਸਟਿਕ ਫੈਕਟਰੀ ਵਿਚ ਲੱਗੀ ਅੱਗ ਵਿਚ ਜਿੱਥੇ ਦਰਜਨਾਂ ਲੋਕਾਂ ਨੇ ਆਪਣੀ ਜਾਨ ਗੁਆਈ, ਉਥੇ ਪੁਲਸ ਨੇ ਇਸ ਪੂਰੇ ਮਾਮਲੇ ਲਈ ਸਿਰਫ ਫੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਕਸੂਰਵਾਰ ਠਹਿਰਾਉਂਦੇ ਹੋਏ ਉਸ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ, ਜਦਕਿ ਇਸ ਕਾਂਡ ਵਿਚ ਹਾਲੇ ਜਾਂਚ ਡਵੀਜ਼ਨਲ ਕਮਿਸ਼ਨਰ ਆਪ ਕਰ ਰਹੇ ਹਨ ਅਤੇ ਨਤੀਜਾ ਆਉਣਾ ਬਾਕੀ ਹੈ ਕਿ ਇਸ ਕਾਂਡ ਲਈ ਅਸਲ ਕਸੂਰਵਾਰ ਕੌਣ ਸੀ। ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਕਾਂਡ ਵਿਚ ਪੂਰੀ ਤਰ੍ਹਾਂ ਰਾਜਨੀਤੀ ਹੋ ਰਹੀ ਹੈ, ਇਹੀ ਕਾਰਨ ਹੈ ਕਿ ਫੈਕਟਰੀ ਮਾਲਕ ਨੂੰ ਬਲੀ ਦਾ ਬਕਰਾ ਬਣਾ ਕੇ ਸਾਰਾ ਕੁਝ ਇਕੱਠਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।  ਜੇਕਰ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਨੇਤਾ ਸ਼ਮਸ਼ਾਨ ਤੱਕ ਤਾਂ ਲੋਕ ਦਿਖਾਵੇ ਲਈ ਗਏ ਸਨ, ਜਦਕਿ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਕੋਈ ਵੀ ਨੇਤਾ ਬੇਸਹਾਰਾ ਹੋ ਚੁੱਕੇ ਪਰਿਵਾਰਾਂ ਦਾ ਸਾਥ ਦੇਣ ਉਨ੍ਹਾਂ ਦੇ ਘਰ ਤੱਕ ਨਹੀਂ ਪਹੁੰਚਿਆ ਅਤੇ ਨਾ ਹੀ ਕਿਸੇ ਨੇ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰ ਦੇ ਨਾਲ ਆਰਥਿਕ ਤੌਰ 'ਤੇ ਖੜ੍ਹੇ ਹਨ। ਇਸ ਕਾਂਡ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਖਰਚਾ ਦਾਨੀ ਪੁਰਸ਼ ਉਠਾ ਰਹੇ ਹਨ, ਜਿਨ੍ਹਾਂ ਦਾ ਮੀਡੀਆ ਵਿਚ ਨਾਂ ਤੱਕ ਨਹੀਂ ਅਤੇ ਨਾ ਹੀ ਉਹ ਇਸ ਨੂੰ ਜ਼ਰੂਰੀ ਸਮਝਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਕਾਂਡ ਵਿਚ ਫੈਕਟਰੀ ਮਾਲਕ ਨੇ ਆਪਣਾ ਸਭ ਕੁਝ ਗੁਆ ਦਿੱਤਾ ਅਤੇ ਕਰੋੜਾਂ ਦਾ ਬੈਂਕ ਕਰਜ਼ਾ ਸਿਰ 'ਤੇ ਚੜ੍ਹਾਉਣ ਤੋਂ ਬਾਅਦ ਆਪਣੇ ਬਚਪਨ ਦੇ ਦੋਸਤ ਨੂੰ ਵੀ ਗੁਆ ਬੈਠਾ। ਉਸ ਦੇ ਲਈ ਕਿਸੇ ਵੀ ਮੀਡੀਆ ਨੇ ਹੁਣ ਤੱਕ ਇਕ ਵੀ ਆਵਾਜ਼ ਨਹੀਂ ਉਠਾਈ।
ਥਾਣੇ 'ਚ ਫੁੱਟ-ਫੁੱਟ ਕੇ ਰੋਣ ਲੱਗਾ ਫੈਕਟਰੀ ਮਾਲਕ
'ਜਗ ਬਾਣੀ' ਨਾਲ ਪਹਿਲੀ ਵਾਰ ਗੱਲ ਕਰਦਿਆਂ ਇੰਦਰਜੀਤ ਸਿੰਘ ਗੋਲਾ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਵਿਚ ਇਕ ਅਜਿਹਾ ਸਮਾਂ ਆਇਆ, ਜੋ ਉਸ ਦਾ ਸਭ ਕੁਝ ਲੁੱਟ ਕੇ ਲੈ ਗਿਆ। ਉਸ ਦਾ ਕਹਿਣਾ ਹੈ ਕਿ ਪੈਸਾ ਚਲਾ ਜਾਵੇ ਤਾਂ ਦੋਬਾਰਾ ਕਮਾਇਆ ਜਾ ਸਕਦਾ ਸੀ ਪਰ ਉਸ ਨੇ ਆਪਣੇ ਬਚਪਨ ਦਾ ਦੋਸਤ ਵੀ ਗੁਆ ਲਿਆ, ਇਨ੍ਹਾਂ ਕਹਿੰਦੇ ਹੀ ਉਹ ਥਾਣੇ ਦੇ ਅੰਦਰ ਫੁੱਟ-ਫੁੱਟ ਕੇ ਰੋਣ ਲੱਗਾ। ਕਿਸੇ ਤਰ੍ਹਾਂ ਹੌਸਲਾ ਬਣਾ ਕੇ ਉਸ ਨੂੰ ਦੁਬਾਰਾ ਗੱਲ ਕਰਨ ਲਈ ਕਿਹਾ ਗਿਆ ਤਾਂ ਉਸ ਦਾ ਗਲ ਰੁਕਿਆ ਹੋਇਆ ਸੀ, ਬਸ ਇਹੀ ਕਹਿੰਦਾ ਰਿਹਾ ਕਿ ਯਾਰਾਂ ਦੀ ਬਜਾਏ ਉਸ ਨੂੰ ਮੌਤ ਆ ਜਾਂਦੀ। ਉਸ ਨੇ ਕਿਹਾ ਕਿ ਇਕ ਪਲ ਵਿਚ ਉਸ ਦੀ ਦੁਨੀਆ ਖਤਮ ਹੋ ਕੇ ਰਹਿ ਗਈ। ਉਸ ਦੇ ਕੋਲ 35 ਸਾਲਾਂ ਤੋਂ ਵਫਾਦਾਰ ਬਲਦੇਵ ਸਿੰਘ ਟੀਟੂ ਅਤੇ ਧੰਨ ਬਹਾਦੁਰ ਕੰਮ ਕਰਦੇ ਸਨ, ਉਹ ਵੀ ਵਿੱਛੜ ਗਏ। ਉਨ੍ਹਾਂ ਦੱਸਿਆ ਕਿ ਜੋ ਸਿਆਸੀ ਲੋਕ ਕੱਲ ਤੱਕ ਉਨ੍ਹਾਂ ਨੂੰ ਆਪਣਾ ਸਾਥੀ ਮੰਨਦੇ ਸਨ, ਅੱਜ ਉਹ ਵੀ ਉਨ੍ਹਾਂ ਨਾਲ ਬੇਗਾਨਿਆਂ ਦੀ ਤਰ੍ਹਾਂ ਪੇਸ਼ ਆ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ।
ਕਸੂਰਵਾਰ 'ਕੱਲਾ ਮਾਲਕ ਕਿਵੇਂ, ਅਧਿਕਾਰੀ ਕਿਉਂ ਨਹੀਂ : ਬੈਂਸ
ਇਸ ਸਬੰਧ ਵਿਚ ਜਦ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਫ ਕਿਹਾ ਕਿ ਸਿਰਫ ਮਾਲਕ ਹੀ ਕਸੂਰਵਾਰ ਕਿਉਂ, ਜਦਕਿ ਜਿਹੜੇ ਅਧਿਕਾਰੀਆਂ ਨੇ ਰਿਸ਼ਵਤ ਲੈ ਕੇ ਪੰਜ ਮੰਜ਼ਿਲਾ ਬਿਲਡਿੰਗ ਬਣਵਾਈ, ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੀ ਰਾਤੋ-ਰਾਤ ਪੰਜ ਮੰਜ਼ਿਲਾ ਬਿਲਡਿੰਗ ਬਣ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਇਸ ਮਾਮਲੇ ਨੂੰ ਵਿਧਾਨ ਸਭਾ ਸੈਸ਼ਨ ਵਿਚ ਉਠਾਉਣਗੇ ਤਾਂ ਕਿ ਭ੍ਰਿਸ਼ਟ ਅਧਿਕਾਰੀਆਂ ਨੂੰ ਜੇਲਾਂ ਵਿਚ ਸੁੱਟਿਆ ਜਾ ਸਕੇ। 
5000 ਫੈਕਟਰੀਆਂ ਵਿਚੋਂ ਕਿੰਨੀਆਂ ਦੀ ਕੀਤੀ ਜਾਂਚ : ਗੋਸ਼ਾ
ਅਕਾਲੀ ਨੇਤਾ ਗੁਰਦੀਪ ਸਿੰਘ ਗੋਸ਼ਾ ਦਾ ਕਹਿਣਾ ਹੈ ਕਿ ਇਹ ਇਕੱਲੀ ਅਜਿਹੀ ਫੈਕਟਰੀ ਨਹੀਂ ਜੋ ਪੰਜ ਮੰਜ਼ਿਲਾ ਬਣੀ ਹੋਈ ਹੈ। ਨਗਰ ਵਿਚ 5 ਹਜ਼ਾਰ ਤੋਂ ਵੀ ਜ਼ਿਆਦਾ ਅਜਿਹੀ ਫੈਕਟਰੀਆਂ ਹਨ, ਜੋ ਰਿਹਾਇਸ਼ੀ ਅਤੇ ਹੋਰ ਜਗ੍ਹਾ 'ਤੇ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਨਗਰ ਨਿਗਮ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਕਿੰਨੀਆਂ ਅਜਿਹੀ ਫੈਕਟਰੀਆਂ ਦੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਬੰਦ ਕਰਵਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਗੋਲਾ ਦੀ ਇਹ ਫੈਕਟਰੀ 9 ਸਾਲ ਪਹਿਲੇ ਬਣੀ ਸੀ, ਜਿਸ ਸਬੰਧੀ 2017 ਤੱਕ ਤੇ ਸਾਰੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਏ ਗਏ ਸੀ। ਕੀ ਨਗਰ ਨਿਗਮ ਨੂੰ ਟੈਕਸ ਨਾਲ ਹੀ ਮਤਲਬ ਹੈ, ਜਿਸ ਦੇ ਲਈ ਹੁਣ ਸਰਕਾਰ ਦਾ ਜਵਾਬ ਦੇਣਾ ਬਣਦਾ ਹੈ। 


Related News