ਹਥਿਆਰਾਂ ਦੀ ਨੋਕ ''ਤੇ ਸ਼ਰੇਆਮ ਗੁੰਡਾਗਰਦੀ, ਘਟਨਾ ਸੀ. ਸੀ. ਟੀ. ਵੀ ''ਚ ਕੈਦ (ਵੀਡੀਓ)
Wednesday, Apr 17, 2019 - 02:08 PM (IST)
ਫਿਰੋਜ਼ਪੁਰ (ਕੁਮਾਰ, ਸੰਨੀ) : ਸ਼ਹਿਰ ਦੇ ਮੁਲਤਾਨੀ ਗੇਟ ਇਲਾਕੇ 'ਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾਂਦਾ ਹੈ ਕਿ ਲੁਟੇਰਿਆਂ ਨੇ ਕੈਸ਼ ਖੋਹਦੇ-ਖੋਹਦੇ ਗੁਰਪ੍ਰੀਤ ਸਿੰਘ ਉਰਫ ਕਾਲਾ ਪੁੱਤਰ ਸੁਰਜੀਤ ਸਿੰਘ ਵਾਸੀ ਅਬੋਹਰ ਦੇ ਹੱਥ 'ਤੇ ਕਾਪਾ ਮਾਰਿਆ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਕਾਲਾ, ਅਬੋਹਰ ਦੇ ਇਕ ਬਰਤਨ ਸਟੋਰ ਦੀ ਫੈਕਟਰੀ ਦਾ ਸੇਲਜ਼ਮੈਨ ਹੈ, ਜੋ ਫਿਰੋਜ਼ਪੁਰ ਸ਼ਹਿਰ 'ਚ ਪਾਰਟੀਆਂ ਤੋਂ ਉਗਰਾਹੀ ਕਰਨ ਲਈ ਆਉਂਦਾ ਹੈ।
ਉਹ ਜਿਵੇਂ ਹੀ ਕਰੀਬ 3 ਲੱਖ ਰੁਪਏ ਦੀ ਉਗਰਾਹੀ ਕਰ ਕੇ ਮੁਲਤਾਨੀ ਗੇਟ ਫਿਰੋਜ਼ਪੁਰ ਸ਼ਹਿਰ ਦੇ ਕੋਲ ਪਹੁੰਚਿਆ ਤਾਂ ਭੀੜ-ਭੜਕੇ ਵਾਲੇ ਇਸ ਇਲਾਕੇ 'ਚ ਕਾਪਿਆਂ ਨਾਲ ਲੈਸ 3 ਲੁਟੇਰੇ ਮੋਟਰਸਾਈਕਲ 'ਤੇ ਆਏ ਅਤੇ ਉਸ ਤੋਂ ਕੈਸ਼ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਿਟੀ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਜ਼ਖਮੀ ਲੜਕੇ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ। ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਫਿਰੋਜ਼ਪੁਰ 'ਚ ਲੁਟੇਰਿਆਂ ਵਲੋਂ ਬੇਖੌਫ ਹੋ ਕੇ ਹਥਿਆਰਾਂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਸਵਾਲ ਦੇ ਘੇਰੇ 'ਚ ਖੜ੍ਹਾ ਕਰਦਾ ਹੈ। ਦੂਜੇ ਪਾਸੇ ਇਸ ਮਾਮਲੇ 'ਤੇ ਕਿਸੇ ਵੀ ਪੁਲਸ ਅਧਿਕਾਰੀ ਵਲੋਂ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਗਈ।