2 ਲੜਕੀਆਂ ਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਵਾਲਾ ਨਕਲੀ ਪੁਲਸ ਮੁਲਾਜ਼ਮ ਕਾਬੂ

Monday, Feb 05, 2018 - 06:34 AM (IST)

2 ਲੜਕੀਆਂ ਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਵਾਲਾ ਨਕਲੀ ਪੁਲਸ ਮੁਲਾਜ਼ਮ ਕਾਬੂ

ਲੁਧਿਆਣਾ  (ਰਿਸ਼ੀ) - ਰੱਖ ਬਾਗ 'ਚ ਆਉਣ ਵਾਲੇ ਦੋ ਪ੍ਰੇਮੀ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਫੜਨ ਤੋਂ ਬਾਅਦ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਕੇ ਨੌਜਵਾਨਾਂ ਨੂੰ ਭਜਾ ਕੇ ਲੜਕੀਆਂ ਨੂੰ ਪੁਲਸ ਸਟੇਸ਼ਨ ਲਿਜਾਣ ਦੇ ਬਹਾਨੇ ਪਿੰਡ ਗਿੱਲ ਦੇ ਨੇੜੇ ਮੋਟਰ 'ਤੇ ਲਿਜਾ ਕੇ ਜਬਰ-ਜ਼ਨਾਹ ਕਰਨ ਦੇ ਦੋਨੋਂ ਮਾਮਲਿਆਂ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਹੱਲ ਕਰ ਲਿਆ ਹੈ। ਫੜੇ ਗਏ 23 ਸਾਲਾ ਦੋਸ਼ੀ ਦੀ 7 ਮਹੀਨਿਆਂ ਦੀ ਬੱਚੀ ਹੈ ਪਰ ਉਸ ਨੂੰ ਫਿਰ ਇਸ ਤਰ੍ਹਾਂ ਦੀ ਹਰਕਤ ਕਰਦਿਆਂ ਸ਼ਰਮ ਨਹੀਂ ਆਈ। ਉਪਰੋਕਤ ਜਾਣਕਾਰੀ ਐਤਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਏ. ਡੀ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ ਤੇ ਏ. ਸੀ. ਪੀ. ਗੁਰਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਬਲਵਿੰਦਰ ਸਿੰਘ ਨਿਵਾਸੀ ਮਾਣਕਵਾਲ ਦੇ ਰੂਪ 'ਚ ਹੋਈ ਹੈ। ਜੋ 10ਵੀਂ ਫੇਲ ਹੈ ਅਤੇ ਕੱਪੜਿਆਂ ਦੀ ਦੁਕਾਨ 'ਤੇ ਨੌਕਰੀ ਕਰਦਾ ਸੀ। ਦੋਵਾਂ ਲੜਕੀਆਂ ਵਲੋਂ ਹੱਥ 'ਤੇ ਲਿਖੇ ਨਾਂ ਅਤੇ ਬੁਲਟ ਦਾ ਨੰਬਰ ਦੱਸਣਾ ਪੁਲਸ ਲਈ ਵਰਦਾਨ ਸਾਬਿਤ ਹੋਇਆ, ਜਿਸ ਦੇ ਆਧਾਰ 'ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬਰਾਮਦ ਮੋਟਰਸਾਈਕਲ ਦੋਸ਼ੀ ਦੇ ਪਿਤਾ ਦੇ ਨਾਂ 'ਤੇ ਹੈ। ਪੁਲਸ ਸੋਮਵਾਰ ਨੂੰ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।


Related News