ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

Thursday, Aug 04, 2022 - 01:04 PM (IST)

ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

ਜਲੰਧਰ (ਪੁਨੀਤ)–ਪੰਜਾਬ ਸਰਕਾਰ ਵੱਲੋਂ 31 ਦਸੰਬਰ 2021 ਤੱਕ ਦੇ ਬਿੱਲ ਮੁਆਫ਼ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਦਾ ਸਰਕੁਲਰ ਬੁੱਧਵਾਰ ਜਾਰੀ ਕਰ ਦਿੱਤਾ ਗਿਆ। ਇਸ ਵਿਚ ਕਈ ਤਰ੍ਹਾਂ ਦੇ ਨਿਯਮ ਦੱਸੇ ਗਏ ਹਨ, ਜਿਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਬਿੱਲ ਮੁਆਫ਼ੀ ਦਾ ਲਾਭ ਜ਼ਿਆਦਾਤਰ ਖ਼ਪਤਕਾਰਾਂ ਨੂੰ ਮਿਲਣਾ ਸੰਭਵ ਨਹੀਂ ਹੋਵੇਗਾ। ਇਸ ਦਾ ਮੁੱਖ ਕਾਰਨ ਇਹ ਹੈ ਕਿ 30 ਜੂਨ ਤੱਕ ਖ਼ਪਤਕਾਰਾਂ ਨੇ ਜਿੰਨਾ ਵੀ ਬਿੱਲ ਅਦਾ ਕੀਤਾ ਹੈ, ਉਸ ਦੀ 31 ਦਸੰਬਰ ਤੱਕ ਦੇ ਬਿੱਲਾਂ ਵਿਚੋਂ ਕਟੌਤੀ ਕੀਤੀ ਜਾਵੇਗੀ ਅਤੇ 1 ਜਨਵਰੀ ਤੋਂ ਜੋ ਬਿੱਲ ਬਣੇ ਹਨ, ਉਹ ਬਕਾਇਆ ਵਾਲੇ ਕਾਲਮ ਵਿਚ ਆ ਜਾਣਗੇ। ਇਸ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਇਸ ਦਾ ਲਾਭ ਸਿਰਫ਼ ਉਨ੍ਹਾਂ ਖ਼ਪਤਕਾਰਾਂ ਨੂੰ ਮਿਲ ਸਕੇਗਾ, ਜਿਨ੍ਹਾਂ ਨੇ 31 ਦਸੰਬਰ ਤੋਂ 30 ਜੂਨ ਤੱਕ ਬਿੱਲ ਦਾ ਕੋਈ ਵੀ ਭੁਗਤਾਨ ਨਹੀਂ ਕੀਤਾ ਕਿਉਂਕਿ ਇਸ ਸਮਾਂ-ਹੱਦ ਵਿਚ ਜੋ ਵੀ ਭੁਗਤਾਨ ਹੋਇਆ ਹੈ, ਉਹ ਪੁਰਾਣੇ ਬਿੱਲਾਂ ਵਿਚ ਕੱਟਿਆ ਜਾਵੇਗਾ।

ਸਰਕਾਰ ਨੇ ਬਿੱਲ ਮੁਆਫ਼ੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ, ਇਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ 31 ਦਸੰਬਰ ਤੱਕ ਦੇ ਬਿੱਲਾਂ ਦੀ ਮੁਆਫ਼ੀ ਦਾ ਲਾਭ ਵੱਡੇ ਪੱਧਰ ’ਤੇ ਖ਼ਪਤਕਾਰਾਂ ਨੂੰ ਮਿਲ ਸਕੇਗਾ। ਖ਼ਪਤਕਾਰ ਉਮੀਦਾਂ ਲਗਾਈ ਬੈਠੇ ਸਨ ਕਿ ਆਉਣ ਵਾਲੇ ਬਿੱਲ ਮਾਈਨਸ ਵਿਚ ਆਉਣਗੇ ਅਤੇ ਉਹ ਪਾਵਰਕਾਮ ਤੋਂ ਲੈਣਦਾਰ ਬਣ ਜਾਣਗੇ, ਜਦਕਿ ਅਜਿਹਾ ਕੁਝ ਨਹੀਂ ਹੋਇਆ। ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ 300 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਵੀ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਇਸ ਵਿਚ ਵੀ ਸ਼ਰਤਾਂ ਰੱਖੀਆਂ ਗਈਆਂ ਹਨ ਕਿ ਜਨਰਲ ਕੈਟਾਗਿਰੀ ਦੇ ਖ਼ਪਤਕਾਰਾਂ ਦਾ ਬਿੱਲ 300 ਯੂਨਿਟ ਤੋਂ ਉਪਰ ਬਣਨ ’ਤੇ ਉਸ ਨੂੰ ਪੂਰੇ ਬਿੱਲ ਦੀ ਅਦਾਇਗੀ ਕਰਨੀ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, MSP ’ਤੇ ਮੂੰਗੀ ਦੀ ਖ਼ਰੀਦ ਦੀ ਮਿਤੀ ਵਧਾਈ

ਇਸੇ ਤਰ੍ਹਾਂ ਜਾਰੀ ਕੀਤੇ ਗਏ ਸਰਕੁਲਰ ਵਿਚ ਵੀ ਸਰਕਾਰ ਨੇ ਅਜਬ-ਗਜ਼ਬ ਨਿਯਮ ਰੱਖ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ 30 ਜੂਨ 2022 ਤੱਕ ਜਿੰਨਾ ਬਿੱਲ ਅਦਾ ਕੀਤਾ ਗਿਆ ਹੈ, ਉਹ ਰਾਸ਼ੀ 31 ਦਸੰਬਰ 2021 ਤੱਕ ਦੀ ਬਕਾਇਆ ਰਾਸ਼ੀ ਵਿਚ ਕੱਟੀ ਜਾਵੇਗੀ। ਉਦਾਹਰਣ ਵਜੋਂ ਕਿਸੇ ਖ਼ਪਤਕਾਰ ਦਾ 31-12-2021 ਤੱਕ ਦਾ ਬਿੱਲ 10 ਹਜ਼ਾਰ ਰੁਪਏ ਬਣਿਆ ਪਰ ਉਸ ਨੇ ਬਿੱਲ ਅਦਾ ਨਹੀਂ ਕੀਤਾ। ਇਸ ਤੋਂ ਬਾਅਦ ਫਰਵਰੀ ਵਿਚ ਖ਼ਪਤਕਾਰ ਨੂੰ ਅਗਲਾ ਬਿੱਲ ਪ੍ਰਾਪਤ ਹੋਇਆ, ਜਿਸ ਵਿਚ ਉਸ ਦੀ ਖ਼ਪਤ 2000 ਰੁਪਏ ਦਰਸਾਈ ਗਈ ਅਤੇ ਬਕਾਇਆ ਰਾਸ਼ੀ ਮਿਲਾ ਕੇ ਕੁੱਲ ਬਿੱਲ 12 ਹਜ਼ਾਰ ਰੁਪਏ ਤੱਕ ਜਾ ਪਹੁੰਚਿਆ। ਇਸ ਉਪਰੰਤ ਖ਼ਪਤਕਾਰ ਵੱਲੋਂ 2 ਹਜ਼ਾਰ ਰੁਪਏ ਦੀ ਰਾਸ਼ੀ ਅਦਾ ਕਰ ਦਿੱਤੀ ਗਈ, ਜਦਕਿ 10 ਹਜ਼ਾਰ ਰੁਪਏ ਦਾ ਬਕਾਇਆ ਬਿੱਲ ਉਥੇ ਦਾ ਉਥੇ ਖੜ੍ਹਾ ਰਿਹਾ।

ਇਸ ਤੋਂ ਬਾਅਦ ਜੂਨ ਵਿਚ ਖ਼ਪਤਕਾਰ ਨੂੰ ਬਿੱਲ ਪ੍ਰਾਪਤ ਹੋਇਆ, ਜਿਸ ਵਿਚ ਉਸ ਦੀ ਖ਼ਪਤ 8 ਹਜ਼ਾਰ ਰੁਪਏ ਦਰਸਾਈ ਗਈ ਅਤੇ ਬਕਾਇਆ ਰਾਸ਼ੀ ਮਿਲਾ ਕੇ ਬਿੱਲ 18 ਹਜ਼ਾਰ ਰੁਪਏ ਬਣਾਇਆ ਗਿਆ। ਇਸ ਤੋਂ ਬਾਅਦ ਖ਼ਪਤਕਾਰ ਵੱਲੋਂ 30 ਜੂਨ 2022 ਤੋਂ ਪਹਿਲੇ 8 ਹਜ਼ਾਰ ਰੁਪਏ ਦੀ ਰਾਸ਼ੀ ਅਦਾ ਕਰ ਦਿੱਤੀ ਗਈ ਅਤੇ 10 ਹਜ਼ਾਰ ਰੁਪਏ ਏਰੀਅਰ ਵਾਲੇ ਕਾਲਮ ਵਿਚ ਬਕਾਇਆ ਵਜੋਂ ਖੜ੍ਹੇ ਰਹੇ। ਇਸ ਵਿਚੋਂ ਖ਼ਪਤਕਾਰ ਨੇ ਕੁੱਲ 10 ਹਜ਼ਾਰ ਰੁਪਏ ਦੀ ਰਾਸ਼ੀ 30 ਜੂਨ 2022 ਤੋਂ ਪਹਿਲਾਂ ਅਦਾ ਕਰ ਦਿੱਤੀ। ਹੁਣ ਜੋ ਨਿਯਮ ਸਾਹਮਣੇ ਆਇਆ ਹੈ, ਉਸ ਮੁਤਾਬਕ ਖ਼ਪਤਕਾਰ ਵੱਲੋਂ 30 ਜੂਨ 2022 ਤੱਕ ਅਦਾ ਕੀਤੀ ਗਈ ਰਾਸ਼ੀ ਨੂੰ 31 ਦਸੰਬਰ 2021 ਤੋਂ ਪਹਿਲਾਂ ਵਾਲੀ ਬਕਾਇਆ ਰਾਸ਼ੀ ਵਿਚੋਂ ਕੱਟ ਦਿੱਤਾ ਜਾਵੇਗਾ ਅਤੇ 1 ਜਨਵਰੀ ਤੋਂ ਬਾਅਦ ਵਾਲੇ ਬਿੱਲ ਅਦਾ ਕਰਨੇ ਪੈਣਗੇ। ਇਸ ਨਾਲ ਕਈ ਖ਼ਪਤਕਾਰਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ।

ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ

ਕਈ ਲੋਕ ਬਿੱਲਾਂ ’ਚ ਏਰੀਅਰ ਦਾ ਨਹੀਂ ਕਰ ਰਹੇ ਸਨ ਭੁਗਤਾਨ
ਪਾਵਰਕਾਮ ਵੱਲੋਂ ਬਿੱਲ ਮੁਆਫ਼ੀ ਨੂੰ ਲੈ ਕੇ ਜੋ ਸਰਕੁਲਰ ਜਾਰੀ ਕੀਤਾ ਗਿਆ ਹੈ, ਉਸ ਦਾ ਆਉਣ ਵਾਲੇ ਸਮੇਂ ਵਿਚ ਵਿਰੋਧ ਹੋਣਾ ਤੈਅ ਹੈ। ਮੁਫ਼ਤ 300 ਯੂਨਿਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਪਹਿਲਾਂ ਹੀ ਸਰਕਾਰ ਨੂੰ ਆੜੇ ਹੱਥੀਂ ਲਿਆ ਜਾ ਰਿਹਾ ਹੈ। ਆਮ ਜਨਤਾ ਬਿੱਲ ਮੁਆਫ਼ ਨੂੰ ਲੈ ਕੇ ਆਸ ਲਗਾਈ ਬੈਠੀ ਸੀ ਅਤੇ ਕਈ ਲੋਕ ਬਿੱਲਾਂ ਵਿਚ ਏਰੀਅਰ ਦਾ ਭੁਗਤਾਨ ਨਹੀਂ ਕਰ ਰਹੇ ਸਨ। ਆਉਣ ਵਾਲੇ ਸਮੇਂ ਵਿਚ ਕੀ ਵਿਰੋਧ ਹੁੰਦਾ ਹੈ, ਇਹ ਵੇਖਣਯੋਗ ਹੋਵੇਗਾ ਕਿਉਂਕਿ ਵਿਰੋਧੀ ਪਾਰਟੀਆਂ ਇਸ ’ਤੇ ਹੋ ਹੱਲਾ ਕਰਨ ਦਾ ਮੌਕਾ ਆਪਣੇ ਹੱਥੋਂ ਨਹੀਂ ਜਾਣ ਦੇਣਗੀਆਂ।

ਇਹ ਵੀ ਪੜ੍ਹੋ: ਮਹੀਨੇ ਦੀ ਖ਼ਪਤ ਨੂੰ ਦਿਨਾਂ ਨਾਲ ਵੰਡ ਕੇ ਲਾਗੂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ ਵਾਲੀ ਸਕੀਮ, ਜਾਣੋ ਕਿਉਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News