ਵਿਸ਼ੇਸ਼ ਇੰਟਰਵਿਊ 'ਚ ਬੋਲੇ ਸੁਸ਼ੀਲ ਰਿੰਕੂ, 8-9 ਮਹੀਨਿਆਂ ਦਾ ਨਹੀਂ, 6 ਸਾਲ ਦਾ ਰੋਡਮੈਪ ਤੇ ਵਿਜ਼ਨ ਲੈ ਕੇ ਆਇਆ ਹਾਂ

05/14/2023 7:03:24 PM

ਜਲੰਧਰ (ਅਨਿਲ ਪਾਹਵਾ): ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ’ਚ ਇਸ ਵਾਰ ਜਲੰਧਰ ਤੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀਆਂ ਅਗਲੀਆਂ ਨੀਤੀਆਂ ਦਾ ਸ਼੍ਰੀਗਣੇਸ਼ ਹੋਇਆ ਹੈ। ਪਾਰਟੀ ਕੋਲ ਹੁਣ ਜੋ ਇਕੋ-ਇਕ ਸੰਸਦ ਮੈਂਬਰ ਹੈ, ਉਹ ਜਲੰਧਰ ਤੋਂ ਹੈ। ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਤੋਂ ਅਸਤੀਫ਼ੇ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਆਮ ਆਦਮੀ ਪਾਰਟੀ ਦਾ ਸੰਸਦ ਮੈਂਬਰ ਲੋਕ ਸਭਾ ਵਿਚ ਬੈਠੇਗਾ ਅਤੇ ਆਪਣੇ ਮੁੱਦੇ ਰੱਖੇਗਾ। ਸੁਸ਼ੀਲ ਰਿੰਕੂ ਦੇ ਰੂਪ ’ਚ ਪੰਜਾਬ ਨੂੰ ਸੰਸਦ ਮੈਂਬਰ ਮਿਲਿਆ ਹੈ, ਜਿਸ ਤੋਂ ਕਈ ਤਰ੍ਹਾਂ ਦੀਆਂ ਉਮੀਦਾਂ ਹਨ। ਜਲੰਧਰ ਸੀਟ ’ਤੇ ਜਿੱਤ ਤੋਂ ਬਾਅਦ ਸਰਟੀਫਿਕੇਟ ਹਾਸਲ ਕਰਕੇ ‘ਪੰਜਾਬ ਕੇਸਰੀ’ ਦਫ਼ਤਰ ’ਚ ਪਹੁੰਚੇ ਸੁਸ਼ੀਲ ਰਿੰਕੂ ਨੇ ਵਿਸ਼ੇਸ਼ ਗੱਲਬਾਤ ’ਚ ਪੰਜਾਬ ਅਤੇ ਜਲੰਧਰ ਨੂੰ ਪਹਿਲ ਦੇਣ ’ਤੇ ਤਾਂ ਜ਼ੋਰ ਦਿੱਤਾ ਹੀ, ਨਾਲ ਹੀ ਉਨ੍ਹਾਂ 8 ਮਹੀਨੇ ਨਹੀਂ, ਸਗੋਂ 6 ਸਾਲ ਦਾ ਰੋਡਮੈਪ ਬਣਾਉਣ ਦੀ ਗੱਲ ਕਹੀ। ਪੇਸ਼ ਹੈ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼ :

ਸਵਾਲ–ਸੰਸਦ ਮੈਂਬਰ ਬਣਨ ਤੋਂ ਬਾਅਦ ਪਹਿਲਾ ਕੰਮ ਕੀ ਹੋਵੇਗਾ?
ਜਵਾਬ–
ਜਲੰਧਰ ਵਾਸੀਆਂ ਨੇ ਜਿਸ ਤਰ੍ਹਾਂ ਆਪਣਾ ਪਿਆਰ ਮੇਰੇ ਉੱਪਰ ਵਰਸਾਇਆ ਹੈ, ਮੈਂ ਉਸ ਦੇ ਲਈ ਹਰੇਕ ਵੋਟਰ ਦਾ ਧੰਨਵਾਦੀ ਹਾਂ। ਚੋਣ ਪ੍ਰਚਾਰ ਦੌਰਾਨ ਮੈਂ ਜੋ ਵਾਅਦੇ ਲੋਕਾਂ ਦੇ ਨਾਲ ਕੀਤੇ ਹਨ, ਉਨ੍ਹਾਂ ਨੂੰ ਨਿਭਾਉਣਾ ਮੇਰੀ ਪਹਿਲ ਹੈ, ਇਸ ਦੇ ਲਈ ਭਾਵੇਂ ਮੈਨੂੰ ਦਿਨ-ਰਾਤ ਇਕ ਕਰਨਾ ਪਵੇ, ਮੈਂ ਕਰਾਂਗਾ। ਕੇਂਦਰ ਤੋਂ ਫੰਡ ਲਿਆਉਣਾ ਹੋਵੇ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਾਜੈਕਟ ਪਾਸ ਕਰਵਾਉਣਾ ਹੋਵੇ, ਮੈਂ ਪਿੱਛੇ ਨਹੀਂ ਹਟਾਂਗਾ ਕਿਉਂਕਿ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਹੈ, ਉਸ ਨੂੰ ਹਰ ਤਰ੍ਹਾਂ ਕਾਇਮ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ

PunjabKesari

ਸਵਾਲ–ਜਲੰਧਰ ਲਈ ਪਹਿਲੀ ਸੂਚੀ ਵਿਚ ਕਿਹੜੇ-ਕਿਹੜੇ ਕੰਮ ਹਨ?
ਜਵਾਬ–
ਜਲੰਧਰ ਵਿਚ ਬਹੁਤ ਸਾਰੇ ਕੰਮ ਹਨ, ਜੋ ਆਮ ਜਨਤਾ ਲਈ ਕਰਵਾਏ ਜਾਣੇ ਸਮੇਂ ਦੀ ਮੰਗ ਹੈ। ਖਾਸ ਤੌਰ ’ਤੇ ਸਮਾਰਟ ਸਿਟੀ ਦੇ ਤੌਰ ’ਤੇ ਜਲੰਧਰ ਕਾਫ਼ੀ ਪੱਛੜ ਰਿਹਾ ਹੈ, ਜਿਸ ਉੱਤੇ ਕੰਮ ਕਰਨ ਦੀ ਲੋੜ ਹੈ। ਸੜਕਾਂ ਦੀ ਹਾਲਤ ਨੂੰ ਸੁਧਾਰਨਾ ਜਿੱਥੇ ਮੇਰੀ ਪਹਿਲ ਹੋਵੇਗਾ, ਉੱਥੇ ਹੀ ਸਪੋਰਟ ਹੱਬ ਦੇ ਤੌਰ ’ਤੇ ਜਾਣੇ ਜਾਂਦੇ ਜਲੰਧਰ ਨੂੰ ਮੁੜ ਇਸ ਖੇਤਰ ਵਿਚ ਵਿਕਸਿਤ ਕਰ ਕੇ ਉਸ ਦੇ ਲਈ ਕੰਮ ਕਰਨਾ ਸਮੇਂ ਦੀ ਲੋੜ ਹੈ। ਇਨ੍ਹਾਂ ਚੀਜ਼ਾਂ ਤੋਂ ਇਲਾਵਾ ਮੇਰੀ ਤਰਜੀਹ ਵਾਲੀ ਸੂਚੀ ਵਿਚ ਆਦਮਪੁਰ ਏਅਰਪੋਰਟ, ਰੇਲਵੇ ਟ੍ਰੈਕ ’ਤੇ ਜ਼ਰੂਰੀ ਫਲਾਈਓਵਰ ਜਾਂ ਅੰਡਰਬ੍ਰਿਜ ਅਤੇ ਪੀ. ਏ. ਪੀ. ਚੌਕ ਦੇ ਨਕਸ਼ੇ ਦਾ ਸੁਧਾਰ ਕਰਨਾ ਸ਼ਾਮਲ ਹੈ, ਜਿਸ ਨੂੰ ਹਰ ਹਾਲਤ ਵਿਚ ਪੂਰਾ ਕਰਾਂਗਾ।

ਸਵਾਲ–ਇੰਨਾ ਸਾਰਾ ਕੰਮ ਅਤੇ ਸਮਾਂ ਹੈ ਘੱਟ, ਕਿਵੇਂ ਮੈਨੇਜ ਕਰੋਗੇ?
ਜਵਾਬ–
ਬੇਸ਼ੱਕ ਕਿਹਾ ਜਾ ਰਿਹਾ ਹੈ ਕਿ 8-9 ਮਹੀਨਿਆਂ ਦਾ ਸਮਾਂ ਬਚਿਆ ਹੈ। ਉਸ ਤੋਂ ਬਾਅਦ 2024 ਦੀ ਚੋਣ ਆ ਜਾਵੇਗੀ ਪਰ ਮੈਂ ਇਸ ਸਭ ਨੂੰ ਵੱਖਰੇ ਨਜ਼ਰੀਏ ਨਾਲ ਵੇਖਦਾ ਹਾਂ। ਮੇਰੇ ਲਈ 8-9 ਮਹੀਨਿਆਂ ਦਾ ਸਮਾਂ ਨਹੀਂ, ਸਗੋਂ 6 ਸਾਲ ਦਾ ਸਮਾਂ ਹੈ, ਜਿਸ ਦੇ ਲਈ ਮੈਂ ਆਪਣਾ ਰੋਡਮੈਪ ਤਿਆਰ ਕੀਤਾ ਹੋਇਆ ਹੈ। ਇਸ ਦੇ ਲਈ ਮੈਂ ਅੱਜ ਤੋਂ ਹੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਮੈਨੂੰ ਤਾਂ ਇਸ ਗੱਲ ਦਾ ਫਾਇਦਾ ਮਿਲਿਆ ਹੈ ਕਿ ਜਨਤਾ ਦਾ ਭਰਪੂਰ ਸਮਰਥਨ ਹੈ ਅਤੇ ਮੇਰੇ ਕੋਲ ਯੋਜਨਾਵਾਂ ਲਈ ਰੋਡਮੈਪ ਤਿਆਰ ਹੈ।

ਸਵਾਲ–ਵਿਰੋਧੀ ਪਾਰਟੀਆਂ ਦੀ ਹਾਰ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਜਵਾਬ–
ਪੰਜਾਬ ’ਚ ਹੁਣ ਸਿਆਸਤ ਦਾ ਟਰੈਂਡ ਬਦਲ ਗਿਆ ਹੈ। ਹੁਣ ਤੁਸੀਂ ਜੋ ਕਹੋਗੇ, ਤੁਹਾਨੂੰ ਉਹ ਕਰਨਾ ਪਵੇਗਾ। ਹੁਣ ਲੋਕ ਲੀਡਰਾਂ ਦੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ ਰਹੇ ਅਤੇ ਇਹ ਬਦਲਾਅ ਕੀਤਾ ਹੈ ਆਮ ਆਦਮੀ ਪਾਰਟੀ ਨੇ। ਇਸ ਕਾਰਨ ਲੋਕਾਂ ਨੇ ‘ਆਪ’ ਦੇ 13 ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਮੈਨੂੰ ਭਾਰੀ ਸਮਰਥਨ ਦਿੱਤਾ ਹੈ। ਜਿੱਥੋਂ ਤਕ ਵਿਰੋਧੀ ਪਾਰਟੀਆਂ ਦੀ ਗੱਲ ਹੈ ਤਾਂ ਕਾਂਗਰਸ ਦੀ ਸਿਆਸਤ ਹੁਣ ਪੁਰਾਣੀ ਗੱਲ ਹੋ ਗਈ ਹੈ। ਜਲੰਧਰ ਦੀ ਸੀਟ ’ਤੇ ਲਗਭਗ 24 ਸਾਲਾਂ ਤੋਂ ਕਾਂਗਰਸ ਦਾ ਸੰਸਦ ਮੈਂਬਰ ਹੈ ਪਰ ਉਸ ਹਿਸਾਬ ਨਾਲ ਜਲੰਧਰ ਦੀ ਤਰੱਕੀ ਨਹੀਂ ਹੋਈ। ਜਿੱਥੋਂ ਤਕ ਅਕਾਲੀ ਦਲ ਤੇ ਭਾਜਪਾ ਦੀ ਗੱਲ ਹੈ ਤਾਂ ਇਨ੍ਹਾਂ ਪਾਰਟੀਆਂ ਤੋਂ ਲੋਕਾਂ ਦਾ ਮਨ ਭਰ ਚੁੱਕਾ ਹੈ ਕਿਉਂਕਿ ਭਾਜਪਾ ਵਰਗੀਆਂ ਪਾਰਟੀਆਂ ਸੌੜੀ ਸਿਆਸਤ ਕਰਦੀਆਂ ਹਨ, ਜੋ ਲੋਕਾਂ ਨੂੰ ਹੁਣ ਬਰਦਾਸ਼ਤ ਨਹੀਂ ਹੈ।

ਇਹ ਵੀ ਪੜ੍ਹੋ - ਜਲੰਧਰ ਲੋਕ ਸਭਾ ਸੀਟ ਦੇ ਸਿਆਸੀ ਸਮੀਕਰਨ ਬਦਲਣ ਵਾਲੇ ਸੁਸ਼ੀਲ ਰਿੰਕੂ ਦੇ ਸਿਆਸੀ ਸਫ਼ਰ 'ਤੇ ਇਕ ਝਾਤ

ਸਵਾਲ–ਜਲੰਧਰ ’ਚ ਆਪਣੀ ਜਿੱਤ ਲਈ ਤੁਸੀਂ ਕਿਸ ਨੂੰ ਕਾਰਨ ਮੰਨਦੇ ਹੋ?
ਜਵਾਬ–
ਵੇਖੋ, ਪੰਜਾਬ ਵਿਚ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸੀ. ਐੱਮ. ਦੇ ਤੌਰ ’ਤੇ ਭਗਵੰਤ ਮਾਨ ਦਾ ਕੰਮ ਲੋਕਾਂ ਨੇ 13 ਮਹੀਨਿਆਂ ਦੌਰਾਨ ਵੇਖਿਆ ਹੈ। ਲੋਕਾਂ ਅੰਦਰ ਆਮ ਆਦਮੀ ਪਾਰਟੀ ਨੂੰ ਲੈ ਕੇ ਇਕ ਵਿਸ਼ਵਾਸ ਬਣ ਗਿਆ ਹੈ। ਜਲੰਧਰ ਵਿਚ ਮੈਨੂੰ ਜਿਤਾਉਣ ਲਈ ਸੀ. ਐੱਮ. ਮਾਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਇਸ ਦੇ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਇਸ ਤੋਂ ਇਲਾਵਾ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਪੂਰਾ ਯੋਗਦਾਨ ਪਾਇਆ।

PunjabKesari

ਸਵਾਲ–‘ਆਪ’ ਅਤੇ ਪਹਿਲੀਆਂ ਸਰਕਾਰਾਂ ਵਿਚਕਾਰ ਕੀ ਫਰਕ ਹੈ?
ਜਵਾਬ–
ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਵਿਚ ਸਿਆਸਤ ਦਾ ਟਰੈਂਡ ਬਦਲ ਗਿਆ ਹੈ। ਆਮ ਆਦਮੀ ਪਾਰਟੀ ਨੇ 13 ਮਹੀਨਿਆਂ ਦੇ ਕਾਰਜਕਾਲ ਵਿਚ ਮੁਫਤ ਬਿਜਲੀ, ਲੋਕਾਂ ਨੂੰ ਨੌਕਰੀਆਂ, 580 ਮੁਹੱਲਾ ਕਲੀਨਿਕ ਸ਼ੁਰੂ ਕਰ ਕੇ ਲੋਕਾਂ ਵਿਚ ਆਪਣੇ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਹੈ। ਬਾਕੀ ਸਿਆਸੀ ਪਾਰਟੀਆਂ ਅਕਸਰ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿਚ ਕੰਮ ਸ਼ੁਰੂ ਕਰਦੀਆਂ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ।

ਸਵਾਲ–ਬਸਪਾ-ਅਕਾਲੀ ਦਲ ਗਠਜੋੜ ਨੂੰ ਕਿਉਂ ਨਹੀਂ ਮਿਲੀ ਸਫਲਤਾ?
ਜਵਾਬ–
ਮੇਰੇ ਖਿਆਲ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਭਾਲਣ ’ਚ ਵੱਡੇ ਬਾਦਲ ਸਾਹਿਬ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਦੇ ਜਾਣ ਤੋਂ ਬਾਅਦ ਪਾਰਟੀ ਨੂੰ ਸੰਭਾਲਣਾ ਸੌਖਾ ਕੰਮ ਨਹੀਂ। ਪਾਰਟੀ ਦਾ ਗ੍ਰਾਫ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਹੇਠਾਂ ਜਾ ਰਿਹਾ ਹੈ। ਸੂਬੇ ਵਿਚ ਸੱਤਾ ਚਲਾਉਣ ਵਾਲੀ ਪਾਰਟੀ ਪੰਜਾਬ ਵਿਚ 3 ਸੀਟਾਂ ’ਤੇ ਸਿਮਟ ਗਈ। ਜਿੱਥੋਂ ਤੱਕ ਬਸਪਾ ਦੀ ਗੱਲ ਹੈ ਤਾਂ ਪੰਜਾਬ ਖਾਸ ਤੌਰ ’ਤੇ ਜਲੰਧਰ ਦਾ ਵੋਟਰ ਉਸ ਨਾਲ ਨਾਰਾਜ਼ ਹੈ। ਇਹੀ ਕਾਰਨ ਹੈ ਕਿ ਇਸ ਗਠਜੋੜ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ।

PunjabKesari

ਸਵਾਲ–ਸੰਸਦ ਵਿਚ ਜਾ ਕੇ ਕਿਹੜੇ ਮੁੱਦੇ ਉਠਾਉਣ ਨੂੰ ਦਿਓਗੇ ਪਹਿਲ?
ਜਵਾਬ–
ਪੰਜਾਬ ਇਕ ਬਾਰਡਰ ਸਟੇਟ ਹੈ। ਪਾਕਿਸਤਾਨ ਦਾ ਬਾਰਡਰ ਪੰਜਾਬ ਦੇ ਕਈ ਪ੍ਰਮੁੱਖ ਜ਼ਿਲਿਆਂ ਦੇ ਨਾਲ ਲੱਗਦਾ ਹੈ ਪਰ ਪੰਜਾਬ ਨੂੰ ਉਸ ਹਿਸਾਬ ਨਾਲ ਫੰਡ ਨਹੀਂ ਮਿਲਦਾ। ਗੁਆਂਢੀ ਦੇਸ਼ ਸੂਬੇ ਵਿਚ ਅਰਾਜਕਤਾ ਫੈਲਾਉਣ ’ਚ ਕੋਈ ਕਮੀ ਨਹੀਂ ਛੱਡਦਾ। ਅਜਿਹੀ ਹਾਲਤ ’ਚ ਸੂਬੇ ਦੇ ਵਿਕਾਸ ਲਈ ਕਈ ਤਰ੍ਹਾਂ ਦੀਆਂ ਲੋੜਾਂ ਹਨ ਜਿਨ੍ਹਾਂ ਲਈ ਫੰਡ ਚਾਹੀਦਾ ਹੈ। ਪੰਜਾਬ ਨੂੰ ਵੱਧ ਤੋਂ ਵੱਧ ਫੰਡ ਮਿਲੇ, ਇਸ ਦੇ ਲਈ ਮੇਰੀ ਕੋਸ਼ਿਸ਼ ਰਹੇਗੀ। ਇਸ ਤੋਂ ਇਲਾਵਾ ਮਹਿੰਗਾਈ ਇਕ ਵੱਡਾ ਮੁੱਦਾ ਹੈ, ਜਿਸ ’ਤੇ ਕੋਈ ਗੱਲ ਨਹੀਂ ਕਰਦਾ। ਹਰ ਆਮ ਵਿਅਕਤੀ ਨੂੰ ਮਹਿੰਗਾਈ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦੀ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਦੇ ਤੌਰ ’ਤੇ ਮੈਂ ਇਸ ਮੁੱਦੇ ਨੂੰ ਸੰਸਦ ਵਿਚ ਉਠਾ ਕੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਾਹਤ ਦਿਵਾਉਣ ਦੀ ਕੋਸ਼ਿਸ਼ ਕਰਾਂਗਾ।

ਇਹ ਵੀ ਪੜ੍ਹੋ -ਕਾਂਗਰਸ ਦੇ ਗੜ੍ਹ 'ਤੇ 'ਆਪ' ਦਾ ਕਬਜ਼ਾ, ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਦਰਜ ਕਰਕੇ ਰਚਿਆ ਇਤਿਹਾਸ 

ਸਵਾਲ–ਕਾਂਗਰਸ ਦੇ ਗੜ੍ਹ ਵਿਚ ਸੰਨ੍ਹ ਲਾਈ ਹੈ, ਇਸ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
ਜਵਾਬ–
ਆਮ ਆਦਮੀ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਅਤੇ ਪਾਰਟੀ ਦੇ ਹਰ ਵਰਕਰ ਤੋਂ ਲੈ ਕੇ ਸੀ. ਐੱਮ. ਭਗਵੰਤ ਮਾਨ ਤਕ ਨੇ ਕੋਈ ਕਮੀ ਨਹੀਂ ਛੱਡੀ। ਮੈਨੂੰ ਸਫਲਤਾ ਮਿਲੀ, ਇਹ ਇਕ ਟੀਮ ਵਾਂਗ ਕੰਮ ਹੋਇਆ, ਜਿਸ ਦਾ ਨਤੀਜਾ ਹੈ ਕਿ ਪਾਰਟੀ ਨੂੰ ਸਫਲਤਾ ਮਿਲੀ ਪਰ ਕਾਂਗਰਸ ਵਿਚ ਪਰਿਵਾਰਵਾਦ ਦਾ ਹੀ ਬੋਲਬਾਲਾ ਰਿਹਾ ਹੈ, ਜਿਸ ਕਾਰਨ ਪਾਰਟੀ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ ਅਤੇ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਹੇਠਾਂ ਆ ਰਿਹਾ ਹੈ।

PunjabKesari

ਸਵਾਲ–‘ਆਪ’ ਦੀ ਬਦਲਾਅ ਦੀ ਨੀਤੀ ਕਿੰਨੀ ਕਾਰਗਰ ਹੈ?
ਜਵਾਬ–
ਇਹ ਤਾਂ ਤੁਹਾਡੇ ਸਾਹਮਣੇ ਹੈ। ਇਕ ਤੋਂ ਬਾਅਦ ਇਕ ਪਾਰਟੀ ਨੂੰ ਸਫਲਤਾ ਮਿਲ ਰਹੀ ਹੈ ਕਿਉਂਕਿ ਪਾਰਟੀ ਨੇ ਉਸ ਪੁਰਾਣੀ ਰਵਾਇਤੀ ਸਿਆਸਤ ਨੂੰ ‘ਗੁੱਡ ਬਾਏ’ ਬੋਲ ਦਿੱਤਾ ਅਤੇ ਇਕ ਬਦਲਾਅ ਦੇ ਨਾਲ ਸਿਆਸਤ ਵਿਚ ਕੰਮ ਕਰਨਾ ਸ਼ੁਰੂ ਕੀਤਾ। ਪੰਜਾਬ ਵਿਚ ਹੁਣ ਲੋਕ ਮੁਫਤ ਬਿਜਲੀ ਵੀ ਲੈ ਰਹੇ ਹਨ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਲੋਕਾਂ ’ਤੇ ਚੜ੍ਹੇ ਕਰਜ਼ੇ ਨੂੰ ਵੀ ਉਤਾਰ ਰਹੀ ਹੈ। ਭ੍ਰਿਸ਼ਟਾਚਾਰ ’ਤੇ ਰੋਕ ਲਾ ਕੇ ਪੰਜਾਬ ਨੂੰ ਮੁੜ ਟ੍ਰੈਕ ’ਤੇ ਲਿਆਉਣ ਦੀ ਕੋਸ਼ਿਸ਼ ਵਿਚ ਸਫਲਤਾ ਮਿਲ ਰਹੀ ਹੈ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਬਦਲਾਅ ਦੀ ਨੀਤੀ ਸਫਲ ਹੋ ਰਹੀ ਹੈ। ਦੂਜੀਆਂ ਪਾਰਟੀਆਂ ਨੂੰ ਹੁਣ ਜਾਂ ਤਾਂ ਸਿਆਸਤ ਛੱਡਣੀ ਪਵੇਗੀ ਜਾਂ ਫਿਰ ਲੋਕਾਂ ਵਿਚਕਾਰ ਜਾ ਕੇ ਉਨ੍ਹਾਂ ਦੇ ਕੰਮ ਕਰ ਕੇ ਵੋਟ ਲੈਣ ਦੀ ਜੋ ਨੀਤੀ ਹੈ, ਉਸ ’ਤੇ ਚੱਲਣਾ ਪਵੇਗਾ ਅਤੇ ਇਸ ਨੀਤੀ ਤੋਂ ‘ਆਪ’ ਨੇ ਹੀ ਪੰਜਾਬ ਵਿਚ ਲੋਕਾਂ ਨੂੰ ਜਾਣੂ ਕਰਵਾਇਆ ਹੈ ।

ਪਿਤਾ ਤੋਂ ਵਿਰਾਸਤ ਵਿਚ ਮਿਲੀ ਸਿਆਸਤ
ਜਲੰਧਰ ਦੇ ਨਵੇਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਸਿਆਸਤ ਵਿਚ ਨਵੇਂ ਨਹੀਂ ਹਨ, ਸਗੋਂ ਉਨ੍ਹਾਂ ਨੂੰ ਵਿਰਾਸਤ ਵਿਚ ਪਿਤਾ ਤੋਂ ਸਿਆਸਤ ਮਿਲੀ ਹੈ। ਉਨ੍ਹਾਂ ਦੇ ਪਿਤਾ ਸ਼੍ਰੀ ਰਾਮ ਲਾਲ ਜਲੰਧਰ ਨਗਰ ਨਿਗਮ ਵਿਚ ਕੌਂਸਲਰ ਰਹੇ। ਉਨ੍ਹਾਂ ਤੋਂ ਬਾਅਦ ਸੁਸ਼ੀਲ ਰਿੰਕੂ ਵੀ ਸਿਆਸਤ ਵਿਚ ਆ ਗਏ। ਉਹ 2006 ਵਿਚ ਪਹਿਲੀ ਵਾਰ ਕੌਂਸਲਰ ਬਣੇ। 2007 ਵਿਚ ਉਨ੍ਹਾਂ ਦੀ ਪਤਨੀ ਸੁਨੀਤਾ ਰਿੰਕੂ ਵੀ ਕੌਂਸਲਰ ਬਣੀ। 2012 ’ਚ ਉਹ ਫਿਰ ਕੌਂਸਲਰ ਬਣੇ ਅਤੇ 2017 ਵਿਚ ਉਹ ਪਹਿਲੀ ਵਾਰ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ।

ਇਹ ਵੀ ਪੜ੍ਹੋ - ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਦੋ ਧਿਰਾਂ ਵਿਚਾਲੇ ਗੈਂਗਵਾਰ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News