ਪਿੰਡ ਸੋਹਲ ਵਿਖੇ ਐਕਸਾਈਜ਼ ਵਿਭਾਗ ਅਤੇ ਪੁਲਸ ਵੱਲੋਂ ਘਰ ''ਚ ਛਾਪੇਮਾਰੀ
Thursday, Nov 09, 2017 - 04:19 PM (IST)
ਝਬਾਲ (ਨਰਿੰਦਰ) - ਥਾਣਾ ਝਬਾਲ ਅਧੀਨ ਆਉਂਦੇ ਪਿੰਡ ਸੋਹਲ ਵਿਖੇ ਮੌਜੂਦਾ ਕਾਂਗਰਸ ਪਾਰਟੀ ਨਾਲ ਸਬੰਧਤ ਮੈਂਬਰ ਪੰਚਾਇਤ ਮੁਖਤਾਰ ਸਿੰਘ ਦੇ ਘਰ ਐਕਸਾਈਜ਼ ਵਿਭਾਗ ਅਤੇ ਪੁਲਸ ਵੱਲੋਂ ਕੀਤੀ ਛਾਪੇਮਾਰੀ ਸਬੰਧੀ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਛਾਪੇਮਾਰੀ ਦੌਰਾਨ ਆਏ ਕਰਮਚਾਰੀਆਂ ਨੇ ਘਰ 'ਚੋਂ ਕੁਝ ਨਕਦੀ ਚੁੱਕ ਲਈ ਅਤੇ ਹੋਰ ਕੀਮਤੀ ਸਾਮਾਨ ਦੀ ਭੰਨਤੋੜ ਕਰ ਦਿੱਤੀ।
ਸਾਬਕਾ ਸਰਪੰਚ ਸਰਵਣ ਸਿੰਘ ਸੋਹਲ ਦੀ ਹਾਜ਼ਰੀ 'ਚ ਕਾਂਗਰਸੀ ਮੈਂਬਰ ਪੰਚਾਇਤ ਮੁਖਤਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸੋਹਲ ਤੇ ਉਸਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਤਕਰੀਬਨ 4 ਵਜੇ ਐਕਸਾਈਜ਼ ਵਿਭਾਗ ਦੀਆਂ 3 ਗੱਡੀਆਂ, ਜਿਸ 'ਚ ਐਕਸਾਈਜ਼ ਇੰਸਪੈਕਟਰ ਦੀ ਅਗਵਾਈ 'ਚ 20-25 ਮੁਲਾਜ਼ਮ ਸਵਾਰ ਹੋ ਕੇ ਸਾਡੇ ਘਰ ਆ ਗਏ। ਉਸ ਵਕਤ ਮੇਰੀ ਪਤਨੀ ਕੁਲਦੀਪ ਕੌਰ ਘਰ 'ਚ ਮੌਜੂਦ ਸੀ। ਮੈਂ ਘਰ ਦੇ ਲਾਗੇ ਹੀ ਬਾਸਮਤੀ ਝਾੜ ਰਿਹਾ ਸੀ। ਐਕਸਾਈਜ਼ ਵਿਭਾਗ ਦੀ ਟੀਮ ਨੇ ਆਉਂਦਿਆਂ ਹੀ ਸਾਡੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਸਾਡੇ ਸਾਰੇ ਕੱਪੜੇ ਅਲਮਾਰੀਆਂ ਤੇ ਟਰੰਕਾਂ 'ਚੋਂ ਬਾਹਰ ਕੱਢ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਸਾਡੇ ਕੀਮਤੀ ਸਾਮਾਨ ਦੀ ਵੀ ਭੰਨਤੋੜ ਕਰ ਦਿੱਤੀ। ਐਕਸਾਈਜ਼ ਇੰਸਪੈਕਟਰ ਨੇ ਮੇਰੇ ਕੋਲੋਂ ਅਲਮਾਰੀ ਦੀਆਂ ਚਾਬੀਆਂ ਲੈ ਕੇ ਉਸ ਦੀ ਵੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਪਰ ਸਾਡੇ ਘਰ 'ਚੋਂ ਕੋਈ ਵੀ ਚੀਜ਼ ਉਨ੍ਹਾਂ ਨੂੰ ਬਰਾਮਦ ਨਹੀਂ ਹੋਈ। ਜਦੋਂ ਉਹ ਤਲਾਸ਼ੀ ਲੈ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕਰਦੇ ਪਰ ਉਨ੍ਹਾਂ ਨੇ ਸਾਡੀ ਇਕ ਨਾ ਸੁਣੀ। ਬਾਅਦ 'ਚ ਅਸੀਂ ਦੇਖਿਆ ਕਿ ਸਾਡੀ ਅਲਮਾਰੀ 'ਚੋਂ 20 ਹਜ਼ਾਰ ਰੁਪਏ ਗਾਇਬ ਸਨ। ਉਕਤ ਪਰਿਵਾਰ ਨੇ ਜ਼ਿਲੇ ਦੇ ਐੱਸ. ਐੱਸ. ਪੀ. ਕੋਲੋਂ ਮੰਗ ਕੀਤੀ ਹੈ ਕਿ ਸਾਡੇ ਘਰ ਬਿਨਾਂ ਵਜ੍ਹਾ ਦਾਖਲ ਹੋ ਕੇ ਸਾਮਾਨ ਦੀ ਭੰਨਤੋੜ ਕਰਨ, ਕੀਮਤੀ ਸਾਮਾਨ ਤੇ ਨਕਦੀ ਗਾਇਬ ਕਰਨ ਵਾਲੇ ਉਕਤ ਮੁਲਾਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਭਰਾਤਰੀ ਜਥੇਬੰਦੀਆਂ ਨੂੰ ਲੈ ਕੇ ਝਬਾਲ ਵਿਖੇ ਰੋਸ ਧਰਨਾ ਦੇਵਾਂਗੇ। ਐਕਸਾਈਜ਼ ਇੰਸਪੈਕਟਰ ਬਲਜਿੰਦਰ ਕੌਰ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ : ਇੰਸਪੈਕਟਰ ਬਲਜਿੰਦਰ ਕੌਰ ਨਾਲ ਜਦੋਂ ਇਸ ਸਬੰਧੀ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਗੁਪਤ ਇਤਲਾਹ ਮਿਲੀ ਸੀ ਕਿ ਇਹ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹਨ ਪਰ ਸਾਨੂੰ ਇਨ੍ਹਾਂ ਦੇ ਘਰੋਂ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ, ਜਿਹੜੇ ਇਹ ਪੈਸੇ ਚੁੱਕਣ ਅਤੇ ਚੀਜ਼ਾਂ ਦੇ ਭੰਨਤੋੜ ਦੋਸ਼ ਲਾ ਰਹੇ ਹਨ, ਉਹ ਬਿਲਕੁਲ ਝੂਠੇ ਹਨ।
ਇਸ ਸਬੰਧੀ ਟੀਮ ਨਾਲ ਗਏ ਇੰਸਪੈਕਟਰ ਮਨਜਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਅਸੀਂ ਤਾਂ ਸਿਰਫ ਐਕਸਾਈਜ਼ ਵਿਭਾਗ ਨਾਲ ਸੁਰੱਖਿਆ ਦੇਣ ਲਈ ਗਏ ਸੀ ਪਰ ਟੀਮ ਨੂੰ ਉਸ ਪਰਿਵਾਰ ਕੋਲੋਂ ਕੁਝ ਨਹੀਂ ਮਿਲਿਆ। ਬਾਕੀ ਪੈਸੇ ਚੁੱਕਣ ਵਾਲੇ ਦੋਸ਼ ਗਲਤ ਹਨ।
