ਕਿਸੇ ਖਾਸ ਠੇਕੇ ਤੋਂ ਸ਼ਰਾਬ ਲੈਣ ਲਈ ਮਜਬੂਰ ਕਰਨ ’ਤੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨੂੰ ਜੁਰਮਾਨਾ
Tuesday, Nov 22, 2022 - 12:56 PM (IST)
*ਖਪਤਕਾਰ ਫੋਰਮ ਨੇ ਜਲੰਧਰ ਵਾਈਨ ’ਤੇ ਵੀ ਬਿਨਾਂ ਟੈਕਸ ਬਿੱਲ ਦੇਣ ਲਈ ਲਗਾਈ ਪੈਨਲਟੀ
ਜਲੰਧਰ (ਅਨਿਲ ਪਾਹਵਾ) : ਜ਼ਿਲ੍ਹਾ ਜਲੰਧਰ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਦੀ ਤਰਫ਼ੋਂ ਜਲੰਧਰ ਦੇ ਸ਼ਰਾਬ ਠੇਕੇਦਾਰ ਦੇ ਨਾਲ-ਨਾਲ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨੂੰ 20 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ | ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਜੋ ਸ਼ਰਾਬ ਦੇ ਠੇਕੇਦਾਰਾਂ ਅਤੇ ਐਕਸਾਈਜ਼ ਵਿਭਾਗ ਵਿਚਾਲੇ ਫੁੱਟਬਾਲ ਦੀ ਤਰ੍ਹਾਂ ਇਧਰ-ਉਧਰ ਪਟਕੇ ਜਾਂਦੇ ਹਨ। ਜਾਣਕਾਰੀ ਮੁਤਾਬਕ ਅਵਨੀਤ ਸਿੰਘ ਵਾਸੀ ਨਿਊ ਜਵਾਲਾ ਨਗਰ ਬਸਤੀ ਸ਼ੇਖ ਨੇ ਖਪਤਕਾਰ ਅਦਾਲਤ ’ਚ ਆਪਣੇ ਵਕੀਲ ਮਨਿਤ ਮਲਹੋਤਰਾ ਰਾਹੀਂ ਅਪੀਲ ਕੀਤੀ ਸੀ ਕਿ ਆਬਕਾਰੀ ਵਿਭਾਗ ਅਤੇ ਸ਼ਰਾਬ ਠੇਕੇਦਾਰ ਕੰਪਨੀ ਜਲੰਧਰ ਵਾਈਨਜ਼ ਦੇ ਰਵੱਈਏ ਕਾਰਨ ਨਾ ਸਿਰਫ਼ ਉਸ ਦਾ ਘਰੇਲੂ ਪ੍ਰੋਗਰਾਮ ’ਚ ਵਿਘਨ ਪਿਆ ਸਗੋਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। ਅਵਨੀਤ ਸਿੰਘ ਨੇ ਖਪਤਕਾਰ ਅਦਾਲਤ ’ਚ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਨੇ 11 ਜਨਵਰੀ 2020 ਨੂੰ ਜਲੰਧਰ ਦੇ ਸ਼ਹਿਨਾਈ ਪੈਲੇਸ ’ਚ ਇਕ ਪ੍ਰੋਗਰਾਮ ਰੱਖਿਆ ਸੀ।
ਇਹ ਵੀ ਪੜ੍ਹੋ : ਜ਼ੋਰ-ਸ਼ੋਰ ਨਾਲ ਚੱਲ ਰਹੇ ਵਿਆਹ ’ਚ ਅਚਾਨਕ ਪਿਆ ਭੜਥੂ, ਲਾੜੇ ਪਿੱਛੇ ਆਈ ਕੁੜੀ ਦੇ ਬੋਲ ਸੁਣ ਲਾੜੀ ਦੇ ਉੱਡੇ ਹੋਸ਼
ਬਿਨਾਂ ਟੈਕਸ ਦੇ ਜਾਰੀ ਕਰ ਦਿੱਤਾ ਗਿਆ ਬਿੱਲ
ਇਹ ਪ੍ਰੋਗਰਾਮ ਉਨ੍ਹਾਂ ਦੇ ਪੁੱਤਰ ਦੀ ਲੋਹੜੀ ਦੇ ਸਬੰਧ ’ਚ ਸੀ। ਅਵਨੀਤ ਸਿੰਘ ਨੇ ਸ਼ਿਕਾਇਤ ’ਚ ਲਿਖਿਆ ਕਿ 7 ਤਰੀਕ ਨੂੰ ਉਨ੍ਹਾਂ ਨੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ’ਚ ਪਰਮਿਟ ਲਈ 5000 ਰੁਪਏ ਜਮ੍ਹਾਂ ਕਰਵਾਏ, ਜਿਸ ਦੇ ਬਦਲੇ ’ਚ ਉਸ ਨੂੰ ਐਲ-50 ਲਾਇਸੈਂਸ ਜਾਰੀ ਕਰ ਦਿੱਤਾ ਗਿਆ। ਸ਼ਿਕਾਇਤ ’ਚ ਅਵਨੀਤ ਸਿੰਘ ਨੇ ਲਿਖਿਆ ਕਿ ਉਨ੍ਹਾਂ ਲਾਇਸੈਂਸ ’ਤੇ ਪੂਰੀ ਜਾਣਕਾਰੀ ਨਹੀਂ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਜਲੰਧਰ ਵਾਈਨਜ਼ ਤੋਂ ਸ਼ਰਾਬ ਖਰੀਦਣ ਲਈ ਮਜਬੂਰ ਕੀਤਾ ਗਿਆ। ਸ਼ਰਾਬ ਖਰੀਦਣ ਦੇ ਬਦਲੇ ’ਚ ਜਲੰਧਰ ਵਾਈਨਜ਼ ਨੇ ਉਨ੍ਹਾਂ ਨੂੰ ਬਿੱਲ ਵੀ ਜਾਰੀ ਕੀਤਾ, ਜਦੋਂ ਕਿ ਬਿੱਲ ’ਚ ਨਾ ਤਾਂ ਵੈਟ ਅਤੇ ਨਾ ਹੀ ਹੋਰ ਤਰ੍ਹਾਂ ਦੇ ਕਿਸੇ ਟੈਕਸ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸ ਮਾਮਲੇ ’ਚ ਸਰਕਾਰ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਦੇਰੀ ਨਾਲ ਉਪਲਬਧ ਕਰਵਾਈ ਗਈ ਸ਼ਰਾਬ
ਜਲੰਧਰ ਵਾਈਨ ਨੇ ਵੀ ਨੈਸ਼ਨਲ ਢਾਬਾ ਨਾਮਕ ਦੁਕਾਨ ਤੋਂ ਸ਼ਰਾਬ ਖਰੀਦਣ ਲਈ ਮਜ਼ਬੂਰ ਕੀਤਾ। 11 ਜਨਵਰੀ ਨੂੰ ਜਿਸ ਦਿਨ ਪੈਲੇਸ ’ਚ ਪ੍ਰੋਗਰਾਮ ਸੀ, ਉਸ ਦਿਨ ਸ਼ਰਾਬ ਦੀ ਡਿਲੀਵਰੀ ਨਾ ਹੋਣ ਦੀ ਗੱਲ ਕਹੀ ਗਈ, ਜਿਸ ਕਾਰਨ ਅਵਨੀਤ ਸਿੰਘ ਨੂੰ ਸ਼ਰਾਬ ਖਰੀਦਣ ਲਈ ਇਧਰ-ਉਧਰ ਭਟਕਣਾ ਪਿਆ। ਅਵਨੀਤ ਸਿੰਘ ਨੇ ਸ਼ਿਕਾਇਤ ’ਚ ਇਹ ਵੀ ਕਿਹਾ ਹੈ ਕਿ 11 ਜਨਵਰੀ ਦੀ ਰਾਤ ਨੂੰ ਉਸ ਨੂੰ ਬਹੁਤ ਦੇਰ ਨਾਲ ਸ਼ਰਾਬ ਮੁਹੱਈਆ ਕਰਵਾਈ ਗਈ, ਜਿਸ ਕਾਰਨ ਉਨ੍ਹਾਂ ਦੇ ਕਈ ਮਹਿਮਾਨ ਨਾਰਾਜ਼ ਹੋ ਗਏ। ਉਨ੍ਹਾਂ ਨੂੰ ਮਹਿਮਾਨਾਂ ਦੇ ਸਾਹਮਣੇ ਨਮੋਸ਼ੀ ਚੱਲਣੀ ਪਈ।
ਇਹ ਵੀ ਪੜ੍ਹੋ : ਖੰਨਾ ਦੇ ਪ੍ਰਾਈਵੇਟ ਸਕੂਲ ਦੇ ਅਨੋਖੇ ਫਰਮਾਨ ਨੇ ਖੜ੍ਹਾ ਕੀਤਾ ਵੱਡਾ ਵਿਵਾਦ, ਸਿੱਖਿਆ ਮੰਤਰੀ ਬੋਲ਼ੇ ਲਵਾਂਗੇ ਐਕਸ਼ਨ
45 ਦਿਨਾਂ ’ਚ ਜੁਰਮਾਨਾ ਭਰਪਾਈ ਕਰਨ ਦੇ ਨਿਰਦੇਸ਼
ਖਪਤਕਾਰ ਫੋਰਮ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਮੰਨਿਆ ਹੈ ਕਿ ਜਲੰਧਰ ਵਾਈਨ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੀ ਲਾਪ੍ਰਵਾਹੀ ਕਾਰਨ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਸ ਲਈ ਫੋਰਮ ਵਲੋਂ 20,000 ਰੁਪਏ ਦਾ ਜੁਰਮਾਨਾ ਭਰਪਾਈ ਦੇ ਤੌਰ ’ਤੇ ਜਲੰਧਰ ਵਾਈਨ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨੂੰ ਲਗਾਇਆ ਗਿਆ ਹੈ। ਇਹ ਭਰਪਾਈ 45 ਦਿਨਾਂ ਦੇ ਅੰਦਰ ਦੇਣ ਲਈ ਕਿਹਾ ਗਿਆ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।