ਮਾਨ ਸਰਕਾਰ ਦਾ ਸ਼ਾਨਦਾਰ ਪ੍ਰਦਰਸ਼ਨ, 8 ਮਹੀਨਿਆਂ 'ਚ ਦਰਜ ਕੀਤਾ GST ਮਾਲੀਏ 'ਚ 24.5 ਫ਼ੀਸਦੀ ਵਾਧਾ

Thursday, Dec 29, 2022 - 05:49 PM (IST)

ਮਾਨ ਸਰਕਾਰ ਦਾ ਸ਼ਾਨਦਾਰ ਪ੍ਰਦਰਸ਼ਨ, 8 ਮਹੀਨਿਆਂ 'ਚ ਦਰਜ ਕੀਤਾ GST ਮਾਲੀਏ 'ਚ 24.5 ਫ਼ੀਸਦੀ ਵਾਧਾ

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਕਰ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਮਹੀਨਾ-ਦਰ-ਮਹੀਨਾ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਦੇ ਮਹੀਨਿਆਂ ਦੌਰਾਨ ਵਸਤੂਆਂ ਤੇ ਸੇਵਾਵਾਂ ਕਰ (ਜੀ. ਐੱਸ. ਟੀ.) ਤੋਂ ਮਾਲੀਆ ਵਿੱਤੀ ਸਾਲ 2021-22 ਦੀ ਇਸੇ ਮਿਆਦ ਦੇ ਮੁਕਾਬਲੇ 24.5 ਫ਼ੀਸਦੀ ਵਧਿਆ ਹੈ।

ਇਹ ਵੀ ਪੜ੍ਹੋ : ਸਿੱਖਾਂ ਦੀ ਧਾਰਮਿਕ ਮੈਨੇਜਮੈਂਟ ਵਿਚ ਸਰਕਾਰ ਦਾ ਦਖ਼ਲ ਨਹੀਂ, ਛੇਤੀ ਹੋਣਗੀਆਂ ਚੋਣਾਂ : ਵਿਜ

ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਸਾਲ 2021-22 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਜੀ. ਐੱਸ. ਟੀ. ਤੋਂ ਕੁੱਲ ਮਾਲੀਆ 9612.6 ਕਰੋੜ ਰੁਪਏ ਸੀ, ਜਦੋਂ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਮਹੀਨੇ ਤੱਕ ਕੁੱਲ ਜੀ. ਐੱਸ. ਟੀ. ਕੁਲੈਕਸ਼ਨ 11967.76 ਕਰੋੜ ਰੁਪਏ ਰਿਹਾ ਜਿਸ ਨਾਲ 2355.6 ਕਰੋੜ ਰੁਪਏ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਵਿਭਾਗ ਵੱਲੋਂ ਆਮ ਨਿਰੀਖਣਾਂ ਰਾਹੀਂ ਇਮਾਨਦਾਰ ਕਰਦਾਤਿਆਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਤਕਨਾਲੌਜੀ ਦੀ ਵਰਤੋਂ 'ਤੇ ਜ਼ੋਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : 27 ਲੱਖ 'ਚ ਕੈਨੇਡਾ ਭੇਜਣ ਦਾ ਹੋਇਆ ਸੀ ਇਕਰਾਰ, ਬਦਲ ਗਈ ਸਾਰੀ ਖੇਡ, ਮਾਮਲਾ ਪਹੁੰਚਿਆ ਥਾਣੇ

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐੱਨ. ਆਈ. ਸੀ. ਦੁਆਰਾ ਬਣਾਏ ਗਏ ਨਵੀਨਤਮ ਡੇਟਾ ਵਿਸ਼ਲੇਸ਼ਣ ਟੂਲ, ਜੀ. ਐੱਸ. ਟੀ. ਪ੍ਰਾਈਮ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਪ੍ਰਾਈਮ ਵੱਖ-ਵੱਖ ਮਾਪਦੰਡਾਂ 'ਤੇ ਵਿਸ਼ੇਸ਼ ਡੇਟਾ ਵਿਸ਼ਲੇਸ਼ਣ ਰਿਪੋਰਟਾਂ ਬਣਾਉਣ ਵਿੱਚ ਮਦਦ ਕਰੇਗਾ ਅਤੇ ਇਨ੍ਹਾਂ ਰਿਪੋਰਟਾਂ ਦੇ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਨੇ ਕਰਦਾਤਿਆਂ ਦੇ ਮਾਰਗਦਰਸ਼ਨ ਅਤੇ ਸਹੂਲਤ ਦੇਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਵੀ ਕੀਤੀਆਂ ਹਨ ਤਾਂ ਜੋ ਉਹ ਆਪਣਾ ਕਾਰੋਬਾਰ ਵਧੀਆ ਤਰੀਕੇ ਨਾਲ ਕਰ ਸਕਣ।

ਇਹ ਵੀ ਪੜ੍ਹੋ : ਹੁਣ ਬਸਪਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਡਰਦਿਆਂ ਟਰਾਂਸਫਰ ਵੀ ਕਰ ਦਿੱਤੇ ਪੈਸੇ

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੀ. ਐੱਸ. ਟੀ. ਐਨ ਪਲੇਟਫਾਰਮ ‘ਤੇ ਉਪਲਬਧ ਡਾਟਾ ਦੀ ਨਿਗਰਾਨੀ ਲਈ ਸਟੇਟ ਜੀ. ਐੱਸ. ਟੀ. ਕਮਿਸ਼ਨਰੇਟ ਵਿੱਚ ਇੱਕ ਨਵਾਂ ਟੈਕਸ ਇੰਟੈਲੀਜੈਂਸ ਯੂਨਿਟ (ਟੀ.ਆਈ.ਯੂ.) ਵੀ ਸਥਾਪਤ ਕਰਨ ਦਾ ਫ਼ੈਸਲਾ ਵੀ ਇਸੇ ਲਈ ਕੀਤਾ ਹੈ ਕਿਉਂਕਿ ਰਜਿਸਟਰਡ ਕਰਦਾਤਿਆਂ ਦੀਆਂ ਸਾਰੀਆਂ ਸੇਵਾਵਾਂ ਅਤੇ ਰਿਟਰਨ ਜੀ. ਐੱਸ. ਟੀ. ਐਨ ਪਲੇਟਫਾਰਮ 'ਤੇ ਡਿਜੀਟਲ ਮੋਡ ਵਿੱਚ ਉਪਲਬਧ ਹਨ ਅਤੇ ਇਹ ਬਹੁਤ ਸਾਰਾ ਡਾਟਾ ਤਿਆਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਵਾਲੇ ਸਾਬਕਾ ਮੰਤਰੀਆਂ ਖ਼ਿਲਾਫ਼ ਜਾਂਚ ਤੇਜ਼, CM ਨੇ ਵਿਜੀਲੈਂਸ ਨੂੰ ਦਿੱਤਾ ਫ੍ਰੀ ਹੈਂਡ

ਨਵੇਂ ਸਾਲ 2023 ਦੌਰਾਨ ਇਮਾਨਦਾਰ ਕਰਦਾਤਿਆਂ ਦੀ ਸਹੂਲਤ ਲਈ ਕਰ ਵਿਭਾਗ ਵੱਲੋਂ ਹੋਰ ਦੋਸਤਾਨਾ ਪਹਿਲਕਦਮੀਆਂ ਨੂੰ ਅਪਣਾਉਣ ਦਾ ਵਾਅਦਾ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕਰ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਜੀ. ਐੱਸ. ਟੀ. ਸਬੰਧੀ ਕਰਦਾਤਿਆਂ ਦੇ ਸਵਾਲਾਂ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਦੋਭਾਸ਼ੀ ਵਟਸਐਪ ਚੈਟਬੋਟ-ਕਮ-ਹੈਲਪਲਾਈਨ ਨੰਬਰ ਲਾਂਚ ਕੀਤਾ ਜਾ ਚੁੱਕਾ ਹੈ। 

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News