ਪੀ. ਯੂ. ''ਚ ਹੋਵੇਗੀ ਸ੍ਰੀ ਗੁਰੂ ਗੋਬਿੰਦ ਸਿੰਘ ਐਡਵਾਂਸਡ ਸਟੱਡੀਜ਼ ਸੈਂਟਰ ਦੀ ਸਥਾਪਨਾ

12/24/2017 3:27:20 AM

ਪਟਿਆਲਾ/ਚੰਡੀਗੜ੍ਹ  (ਜੋਸਨ, ਕਮਲ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਲਈ ਆਪਣੇ ਪੂਰੇ ਪਰਿਵਾਰ ਦੀ ਕੁਰਬਾਨੀ ਦੇ ਦਿੱਤੀ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਇਕ ਅਜਿਹੇ ਸਮਾਜ ਦੀ ਉਸਾਰੀ ਕੀਤੀ, ਜਿਥੇ ਛੂਤ-ਛਾਤ ਤੋਂ ਦੂਰ ਹਰ ਕੋਈ ਇਕ ਸਮਾਨ ਅਧਿਕਾਰ ਰੱਖਦਾ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਚ 'ਸ੍ਰੀ ਗੁਰੂ ਗੋਬਿੰਦ ਸਿੰਘ ਸ਼ਾਂਤੀ ਤੇ ਆਜ਼ਾਦੀ ਦੇ ਰਾਖੇ' ਵਿਸ਼ੇ 'ਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸੈਮੀਨਾਰ ਵਿਚ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਅਨ ਵਿਭਾਗ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਐਡਵਾਂਸਡ ਸਟੱਡੀਜ਼ ਸੈਂਟਰ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ 7 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਸਮੇਂ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਪੰਜਾਬ ਭਰ ਵਿਚ ਵੱਖੋ-ਵੱਖਰੇ ਪ੍ਰੋਗਰਾਮ ਕਰਵਾ ਰਹੀ ਹੈ ਅਤੇ ਇਨ੍ਹਾਂ ਵਿਚ ਸੂਬਾ ਪੱਧਰੀ ਸਮਾਗਮ 24 ਦਸੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਚ ਰੱਖਿਆ ਗਿਆ ਹੈ, ਜਿਥੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣ ਜਾ ਰਹੇ ਹਨ । ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਯੂਨੀਵਰਸਿਟੀ ਦੀ ਆਰਥਿਕ ਹਾਲਤ ਦੇ ਸਬੰਧ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਉਹ ਸਵੀਕਾਰ ਕਰਦੇ ਹਨ ਕਿ ਆਰਥਿਕ ਹਾਲਤ ਚੰਗੀ ਨਹੀਂ ਹੈ ਅਤੇ ਅਸਲ ਵਿਚ ਰਾਜ ਸਰਕਾਰ ਦਾ ਹਰ ਵਿਭਾਗ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ ਜੋ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ ।
ਸੈਮੀਨਾਰ 'ਚ ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ ਅਤੇ ਅਨੁਸੂਚਿਤ ਜਾਤੀ ਮਾਮਲਿਆਂ ਦੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਦੁਨੀਆ ਵਿਚ ਆਪਣਾ ਰਾਜ ਬਚਾਉਣ ਲਈ ਕਈ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਪਰ ਸ੍ਰੀ ਗੁਰੂ ਗੋਬਿੰਦ ਜੀ ਨੇ ਮਨੁੱਖਤਾ ਦੇ ਭਲੇ ਲਈ ਹੀ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦੇ ਕੇ ਮਿਸਾਲ ਕਾਇਮ ਕੀਤੀ ਹੈ ।
ਇਸ ਦੌਰਾਨ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਪ੍ਰੋ. ਰਤਨ ਸਿੰਘ ਜੱਗੀ ਵੱਲੋਂ 'ਸ੍ਰੀ ਗੁਰੂ ਗ੍ਰੰਥ ਸਾਹਿਬ' ਦੇ ਹਿੰਦੀ ਭਾਸ਼ਾ ਵਿਚ ਕੀਤੇ ਟੀਕੇ ਦੀ ਪੁਸਤਕ ਨੂੰ ਵੀ ਜਾਰੀ ਕੀਤਾ ਜਦੋਂ ਕਿ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਇਸ ਸੈਮੀਨਾਰ ਨੇ ਮੁੱਖ ਬੁਲਾਰੇ ਸਨ । ਇਸ ਮੌਕੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ, ਡਾ. ਇੰਦਰਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ।


Related News