ਜੂਨੀਅਰ ਇੰਜੀਨੀਅਰਾਂ ਵੱਲੋਂ ਤਨਖ਼ਾਹ ''ਚ ਭੇਦਭਾਵ ਨੂੰ ਲੈ ਕੇ ਰੋਸ ਧਰਨਾ

Wednesday, Dec 13, 2017 - 02:09 AM (IST)

ਜੂਨੀਅਰ ਇੰਜੀਨੀਅਰਾਂ ਵੱਲੋਂ ਤਨਖ਼ਾਹ ''ਚ ਭੇਦਭਾਵ ਨੂੰ ਲੈ ਕੇ ਰੋਸ ਧਰਨਾ

ਹੁਸ਼ਿਆਰਪੁਰ, (ਘੁੰਮਣ)- ਤਨਖ਼ਾਹ 'ਚ ਭੇਦਭਾਵ ਖਿਲਾਫ਼ ਪਾਵਰਕਾਮ 'ਚ ਤਾਇਨਾਤ ਜੂਨੀਅਰ ਇੰਜੀਨੀਅਰਾਂ ਨੇ ਅੱਜ ਪਾਵਰਕਾਮ ਸਰਕਲ ਦੀ ਸਟੋਰ ਡਵੀਜ਼ਨ ਵਿਖੇ ਰੋਸ ਧਰਨਾ ਦਿੱਤਾ ਅਤੇ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਸੰਬੋਧਨ ਕਰਦਿਆਂ ਜੂਨੀਅਰ ਇੰਜੀਨੀਅਰਜ਼ ਕੌਂਸਲ ਦੇ ਸਰਕਲ ਪ੍ਰਧਾਨ ਇੰਜੀ. ਸ਼ਾਮ ਸੁੰਦਰ ਮਹਿੰਦਰੂ ਨੇ ਦੋਸ਼ ਲਾਇਆ ਕਿ ਪਾਵਰਕਾਮ 'ਚ ਤਾਇਨਾਤੀ ਦੌਰਾਨ ਜੂਨੀਅਰ ਇੰਜੀਨੀਅਰ ਜੋਖ਼ਮ ਭਰੇ ਕੰਮ ਕਰਨ ਲਈ 24 ਘੰਟੇ ਡਿਊਟੀ ਦਿੰਦੇ ਹਨ, ਫਿਰ ਵੀ ਉਨ੍ਹਾਂ ਨੂੰ ਪਾਵਰਕਾਮ ਅਤੇ ਟਰਾਂਸਕੋ ਵੱਲੋਂ ਦੂਸਰੇ ਸਰਕਾਰੀ ਵਿਭਾਗਾਂ 'ਚ ਤਾਇਨਾਤ ਜੂਨੀਅਰ ਇੰਜੀਨੀਅਰਾਂ ਦੇ ਮੁਕਾਬਲੇ ਬੇਸਿਕ ਤਨਖ਼ਾਹ ਘੱਟ ਮਿਲਦੀ ਹੈ। ਪਾਵਰਕਾਮ ਅਜੇ ਵੀ ਆਪਣੇ ਜੂਨੀਅਰ ਇੰਜੀਨੀਅਰਾਂ ਨੂੰ ਬੇਸਿਕ 17,450 ਰੁਪਏ ਦੇ ਰਹੀ ਹੈ, ਜਦਕਿ ਹੋਰਨਾਂ ਵਿਭਾਗਾਂ ਵਿਚ ਤਾਇਨਾਤ ਜੂਨੀਅਰ ਇੰਜੀਨੀਅਰਾਂ ਦੀ ਬੇਸਿਕ ਤਨਖਾਹ 18,250 ਰੁਪਏ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਸਾਡੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਜਿਸ ਕਾਰਨ ਉਹ ਸੰਘਰਸ਼ ਕਰਨ ਲਈ ਮਜਬੂਰ ਹਨ। ਆਗੂਆਂ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਉਪਰੋਕਤ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜੂਨੀਅਰ ਇੰਜੀਨੀਅਰ ਅਗਲੇ ਇਕ ਹਫ਼ਤੇ ਤੱਕ ਮਕੈਨੀਕਲ ਲੈਬ ਅਤੇ ਕੁਨੈਕਸ਼ਨ ਚੈਕਿੰਗ ਦਾ ਕੋਈ ਕੰਮ ਨਹੀਂ ਕਰਨਗੇ। 
ਇਸ ਮੌਕੇ ਕੌਂਸਲ ਦੇ ਜਨਰਲ ਸਕੱਤਰ ਇੰਜੀ. ਰਾਜੇਸ਼ ਆਨੰਦ, ਉਪ ਪ੍ਰਧਾਨ ਇੰਜੀ. ਅਮਨਿੰਦਰ ਸਿੰਘ, ਜੇ. ਈ. ਹਰਮਿੰਦਰ ਸਿੰਘ, ਹਰਵਿੰਦਰ ਸਿੰਘ, ਮਨਜਿੰਦਰਪਾਲ ਸਿੰਘ, ਅਜੈ ਸ਼ਰਮਾ, ਦਿਨੇਸ਼ ਪਾਲ, ਐੱਸ. ਪੀ. ਸਿੰਘ, ਅਮਰਜੀਤ ਸਿੰਘ ਆਦਿ ਵੀ ਮੌਜੂਦ ਸਨ।


Related News